ਵਾਸ਼ਿੰਗਟਨ: ਇਸ ਵੇਲੇ ਦੁਨੀਆਂ ਦੀਆਂ ਨਜ਼ਰਾਂ ਅਮਰੀਕਾ ਵਿੱਚ ਹੋ ਰਹੀਆਂ ਚੋਣਾਂ ਵਲ ਲੱਗੀਆਂ ਹੋਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਲਡ ਟਰੰਪ ਅਤੇ ਜੋਅ ਬਾਇਡਨ ਵਿਚਕਾਰ ਕਾਂਟੇ ਦੀ ਟੱਕਰ ਹੈ, ਬਾਇਡਨ ਜਿੱਤ ਦੇ ਨੇੜੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਕਈ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਪੰਜ ਮਹਿਲਾ ਉਮੀਦਵਾਰਾਂ ਸਮੇਤ 12 (ਇਕ ਦਰਜਨ) ਤੋਂ ਵਧ ਭਾਰਤੀਆਂ ਨੇ ਜਿੱਤ ਦੇ ਝੰਡੇ ਗੱਡੇ ਹਨ। ਇਹ ਸ਼ਾਇਦ ਭਾਰਤੀ ਅਤੇ ਅਮਰੀਕੀ ਹਲਕਿਆਂ ਵਿੱਚ ਪਹਿਲੀ ਵਾਰ ਹੋਇਆ ਹੈ। ਚਾਰ ਭਾਰਤੀ ਮੂਲ ਦੇ ਉਮੀਦਵਾਰ ਜਿਨ੍ਹਾਂ ਵਿੱਚ ਡਾ. ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋਅ ਖੰਨਾ ਅਤੇ ਰਾਜਾ ਕ੍ਰਿਸ਼ਣਾਮੂਰਤੀ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਲਈ ਮੁੜ ਚੁਣੇ ਗਏ ਹਨ। ਦੂਜੇ ਪਾਸੇ ਭਾਰਤੀ ਮੂਲ ਦੇ ਘੱਟ ਤੋਂ ਘੱਟ ਤਿੰਨ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਦਾ ਫੈਸਲਾ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ।
ਇਨ੍ਹਾਂ ਵਿੱਚੋਂ ਇਕ ਹਾਊਸ ਆਫ ਰਿਪ੍ਰਜ਼ੈਂਟੇਟਿਵ ਲਈ ਚੋਣ ਮੈਦਾਨ ਵਿੱਚ ਹਨ। ਸੂਬਾਈ ਵਿਧਾਇਕਾਂ ਲਈ ਭਾਰਤੀ ਮੂਲ ਦੀਆਂ ਪੰਜ ਔਰਤਾਂ ਚੁਣੀਆਂ ਗਈਆਂ ਜਿਨ੍ਹਾਂ ਵਿੱਚ ਨਿਊਯਾਰਕ ਵਿਧਾਨ ਸਭਾ ਲਈ ਜੈਨੀਫਰ ਰਾਜਕੁਮਾਰ, ਕੇਂਟੁਕੀ ਲਈ ਨੀਮਾ ਕੁਲਕਰਨੀ, ਵਰਮੋਂਟ ਲਈ ਕੇਸ਼ਾ ਰਾਮ, ਵਾਸ਼ਿੰਗਟਨ ਲਈ ਵੰਦਨਾ ਸਲੇਟਰ ਅਤੇ ਮਿਸ਼ੀਗਨ ਵਾਸਤੇ ਪਦਮਾ ਕੁੱਪਾ ਸ਼ਾਮਲ ਹਨ।
ਇਸੇ ਤਰ੍ਹਾਂ ਨੀਰਜਾ ਅੰਤਾਨੀ ਓਹਾਈਓ ਸੂਬੇ ਦੀ ਸੈਨੇਟ ਲਈ ਚੁਣੀ ਗਈ ਹੈ। ਜੈ ਚੌਧਰੀ ਨੌਰਥ ਕੈਰੋਲੀਨਾ, ਐਰੀਜ਼ੋਨਾ ਲਈ ਅਮੀਸ਼ ਸ਼ਾਹ, ਪੈਨਸਿਲਵੇਨੀਆ ਲਈ ਨਿਖਿਲ, ਮਿਸ਼ੀਗਨ ਲਈ ਰਾਜੀਵ ਪੁਰੀ, ਨਿਊਯਾਰਕ ਸੈਨੇਟ ਲਈ ਜਰਮੀ ਕੂਨੀ ਅਤੇ ਕੈਲੀਫੋਰਨੀਆ ਲਈ ਅਸ਼ ਕਾਲੜਾ ਚੁਣੀਆਂ ਗਈਆਂ ਹਨ।