ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਕੂਲ ਆਫ਼ ਆਰਗੈਨਿਕ ਫਾਰਮਿੰਗ ਅਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਨੇ ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਾ ਪਾਲਮਪੁਰ ਨੇ ਬੀਤੇ ਦਿਨੀਂ ਇੱਕ ਆਨਲਾਈਨ ਵਿਚਾਰ-ਚਰਚਾ ਦੌਰਾਨ ਕੁਦਰਤੀ ਅਤੇ ਜੈਵਿਕ ਖੇਤੀ ਬਾਰੇ ਸਾਂਝੇ ਰੂਪ ਵਿੱਚ ਗੱਲਬਾਤ ਕੀਤੀ।
ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਇਸ ਵਿਚਾਰ ਚਰਚਾ ਵਿੱਚ ਸਵਾਗਤੀ ਸ਼ਬਦ ਕਹਿਦਿਆਂ ਕੁਦਰਤੀ ਅਤੇ ਜੈਵਿਕ ਖੇਤੀ ਦੇ ਖੇਤਰ ਵਿੱਚ ਸਾਂਝੇ ਕਾਰਜਾਂ ਦੇ ਮਹੱਤਵ ਉਪਰ ਜ਼ੋਰ ਦਿੱਤਾ। ਉਹਨਾਂ ਨੇ ਪੰਜਾਬ ਦੇ ਕੰਢੀ ਖੇਤਰ ਅਤੇ ਹਿਮਾਚਲ ਵਿਚਕਾਰ ਭੂਗੋਲਿਕ ਸਥਿਤੀਆਂ ਦੀ ਸਾਂਝ ਨੂੰ ਜੈਵਿਕ ਅਤੇ ਕੁਦਰਤੀ ਖੇਤੀ ਲਈ ਸੰਭਾਵਨਾਵਾਂ ਵਜੋਂ ਦੇਖਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਘਰੇਲੂ ਅਤੇ ਵਪਾਰਕ ਪੱਧਰ ਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ।
ਪੀ.ਏ.ਯੂ. ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਦੇ ਖੇਤਰ ਵਿੱਚ ਪੀ.ਏ.ਯੂ. ਵੱਲੋਂ ਕੀਤੀਆਂ ਜਾ ਰਹੀਆਂ ਖੋਜ ਅਤੇ ਪਸਾਰ ਗਤੀਵਿਧੀਆਂ ਦੀ ਗੱਲ ਕੀਤੀ। ਉਹਨਾਂ ਨੇ ਭਵਿੱਖ ਵਿੱਚ ਅਗਾਂਹਵਧੂ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਹੋਰ ਵਿਚਾਰ ਕਰਨ ਲਈ ਕਿਹਾ। ਹਿਮਾਚਲ ਖੇਤੀ ਯੂਨੀਵਰਸਿਟੀ ਦੇ ਜੈਵਿਕ ਅਤੇ ਕੁਦਰਤੀ ਖੇਤੀ ਵਿਭਾਗ ਦੇ ਮੁਖੀ ਡਾ. ਜੀ ਡੀ ਸ਼ਰਮਾ ਨੇ ਕਿਹਾ ਕਿ ਰਵਾਇਤੀ ਖੇਤੀ ਦੇ ਨਾਲ-ਨਾਲ ਕੁਦਰਤੀ ਖੇਤੀ ਦੇ ਖੇਤਰ ਵਿੱਚ ਵੀ ਬਹੁਤ ਸਾਰਾ ਕੰਮ ਕੀਤੇ ਜਾਣ ਦੀ ਲੋੜ ਹੈ। ਇਸ ਵਿਚਾਰ-ਚਰਚਾ ਦੌਰਾਨ ਵੱਖ-ਵੱਖ ਫ਼ਸਲਾਂ ਅਤੇ ਕਾਸ਼ਤ ਤਰੀਕਿਆਂ ਬਾਰੇ ਭਰਵੀਂ ਗੱਲਬਾਤ ਹੋਈ। ਵਿਸ਼ੇਸ਼ ਤੌਰ ਤੇ ਸਬਜ਼ੀਆਂ ਅਤੇ ਫ਼ਲਾਂ ਦੀ ਕੁਦਰਤੀ ਅਤੇ ਜੈਵਿਕ ਖੇਤੀ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕੀਤੀ ਗਈ। ਇਹ ਫੈਸਲਾ ਕੀਤਾ ਗਿਆ ਕਿ ਭਵਿੱਖ ਵਿੱਚ ਡਾ. ਵਾਈ ਐਸ ਪਰਮਾਰ ਬਾਗਬਾਨੀ ਅਤੇ ਫੌਰੈਸਟਰੀ ਯੂਨੀਵਰਸਿਟੀ ਸੋਲਨ ਦੇ ਵਿਗਿਆਨੀਆਂ ਨੂੰ ਵੀ ਇਸ ਵਿਚਾਰ-ਚਰਚਾ ਦਾ ਹਿੱਸਾ ਬਣਾਇਆ ਜਾਵੇ। ਇਸ ਤੋਂ ਇਲਾਵਾ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਸਾਂਝੇ ਖੋਜ ਪ੍ਰੋਜੈਕਟ ਉਪਰ ਵੀ ਵਿਚਾਰ-ਚਰਚਾਵਾਂ ਹੋਈਆਂ। ਪਾਲਮਪੁਰ ਤੋਂ ਡਾ. ਰਮੇਸ਼ਵਰ ਕੁਮਾਰ ਅਤੇ ਡਾ. ਗੋਪਾਲ ਕਟਨਾ, ਬੱਲੋਵਾਲ ਸੌਂਖੜੀ ਕੇਂਦਰ ਤੋਂ ਡਾ. ਬੀ ਐਸ ਭੋਪਲੇ ਅਤੇ ਡਾ. ਪਰਮਿੰਦਰ ਸਿੰਘ ਸੰਧੂ ਜਦਕਿ ਪੀ.ਏ.ਯੂ. ਤੋਂ ਡਾ. ਸੁਭਾਸ਼ ਸਿੰਘ, ਡਾ. ਨੀਰਜ ਰਾਣੀ, ਡਾ. ਕੇ ਐਸ ਭੁੱਲਰ, ਡਾ. ਮਨੀਸ਼ਾ ਠਾਕੁਰ ਅਤੇ ਡਾ. ਮਨਮੋਹਨ ਢਕਾਲ ਇਸ ਵਿਚਾਰ-ਚਰਚਾ ਵਿੱਚ ਸ਼ਾਮਿਲ ਹੋਏ।