ਮੁੱਖ ਮੰਤਰੀ ਪੰਜਾਬ ਦੇ ਘਰ ਵਿਆਹ ਕਰਕੇ ਰੈਲੀ ਪਾਈ ਅੱਗੇ
ਪਟਿਆਲਾ : ਐਨ.ਐਸ.ਕਿਊ.ਐਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ ਸ਼ਨੀਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਖਰੜ ਵਿਖੇ ਸੂਬਾ ਪੱਧਰੀ ਰੈਲੀ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹਾ ਪ੍ਰਸ਼ਾਸਨ ਵੱਲੋਂ ਮੀਟਿੰਗ ਕਰਵਾਉਣ ਅਤੇ ਮੁੱਖ ਮੰਤਰੀ ਦੇ ਘਰ ਰੱਖੇ ਵਿਆਹ ਕਾਰਜ ਦੇ ਚਲਦਿਆਂ ਕੀਤਾ ਗਿਆ ਹੈ।
NSQF ਵੋਕੇਸ਼ਨਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਸਾਥੀਆਂ ਵਲੋਂ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਖਰੜ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ ਲਗਭਗ 15 ਦਿਨ ਪਹਿਲਾਂ ਕੀਤਾ ਗਿਆ ਸੀ, ਜਿਸ ਬਾਰੇ ਅੱਜ ਮੋਹਾਲੀ ਪ੍ਰਸ਼ਾਸਨ ਵਲੋਂ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਹੈ ਕਿ ਉਹ ਐਨ.ਐਸ.ਕਿਊ.ਐਫ ਯੂਨੀਅਨ ਪੰਜਾਬ ਦੀ 14 ਅਕਤੂਬਰ ਤੱਕ ਹਰ ਹਾਲਤ ਮੀਟਿੰਗ ਕਰਵਾਉਣਗੇ ।
ਯੂਨੀਅਨ ਆਗੂ ਨੇ ਕਿਹਾ ਕਿ ਪ੍ਰਸ਼ਾਸਨ ਦੇ ਭਰੋਸੇ ਬਾਰੇ ਜ਼ਿਲਾ ਪ੍ਰਧਾਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਯੂਨੀਅਨ ਵਲੋਂ ਇਹ ਦੇਖਦੇ ਹੋਏ ਕਿ ਵਿਆਹ ਵਰਗੇ ਸ਼ੁੱਭ ਪ੍ਰੋਗਰਾਮ ਵਿੱਚ ਅਸੀਂ ਕੋਈ ਵੀ ਵਿਘਨ ਨਹੀਂ ਪਾਉਣਾ ਅਤੇ ਇਸ ਨਾਲ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਦੇ ਪਰਿਵਾਰ ਵਾਲਿਆਂ ਦੇ ਮਨ ਤੇ ਠੇਸ ਪਹੁੰਚੇਗੀ,ਸੋ ਇਹਨਾਂ ਵਿਚਾਰਾਂ ਤੋਂ ਬਾਅਦ ਯੂਨੀਅਨ ਵਲੋਂ ਕੱਲ੍ਹ 9 ਅਕਤੂਬਰ ਵਾਲੀ ਰੈਲੀ ਨੂੰ ਪੋਸਟਪੋਨ ਕਰਨ ਦਾ ਫੈਸਲਾ ਲਿਆ ਹੈ।
ਯੂਨੀਅਨ ਆਗੂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਕੀਤੇ ਵਾਅਦੇ ਅਨੁਸਾਰ ਇਹ ਮੀਟਿੰਗ ਨਾ ਹੋਈ ਤਾਂ ਐਨ ਐਸ ਕਿਊ ਐਫ ਅਧਿਆਪਕ ਖਰੜ ਵਿਖੇ ਗੁਪਤ ਐਕਸ਼ਨ ਕਰਨਗੇ।