ਨਵਾਂਸ਼ਹਿਰ ਵਿਖੇ 10 ਦਿਨਾਂ ਵਿੱਚ ਤਿਆਰ ਹੋ ਜਾਵੇਗਾ ਨਵਾਂ ਆਕਸੀਜ਼ਨ ਪਲਾਂਟ : ਸਿਵਿਲ ਸਰਜਨ

TeamGlobalPunjab
2 Min Read

 ਜ਼ਿਲ੍ਹਾ ਹਸਪਤਾਲ ‘ਚ ਲਗਾਇਆ ਜਾ ਰਿਹਾ ਹੈ ਨਵਾਂ ਆਕਸੀਜ਼ਨ ਪਲਾਂਟ

ਨਿੱਜੀ ਦਵਾ ਕੰਪਨੀ ਸੰਨ ਫਰਮਾਸਿਊਟੀਕਲ ਵਲੋਂ ਕੀਤਾ ਗਿਆ ਸਹਿਯੋਗ

ਨਵਾਂ ਸ਼ਹਿਰ (ਨਰਿੰਦਰ ਰੱਤੂ) : ਜਿਲ੍ਹਾ ਨਵਾਂਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਜਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਵੱਡਾ ਆਕਸੀਜ਼ਨ ਦਾ ਪਲਾਂਟ ਲਗਾਇਆ ਜਾ ਰਿਹਾ ਹੈ । ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇਹ ਪਲਾਂਟ ਭਾਰਤ ਦੀ ਮਸ਼ਹੂਰ ਦਵਾ ਕੰਪਨੀ ਸੰਨ ਫਰਮਾਸਿਊਟੀਕਲ ਪ੍ਰਾਇਵੇਟ ਲਿਮਟਿਡ ਵਲੋਂ ਲਗਾਇਆ ਜਾ ਰਿਹਾ ਹੈ। ਇਸ ਪਲਾਂਟ ਲਈ ਸਾਰੀ ਮਸ਼ੀਨਰੀ/ਉਪਕਰਣ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਚੁੱਕੇ ਹਨ ਅਤੇ ਇਸ ਨੂੰ ਫਿੱਟ ਕਰਨ ਲਈ ਫਾਊਂਡੇਸ਼ਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।

ਨਵਾਂ ਸ਼ਹਿਰ ਦੇ ਸਿਵਿਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹੇ ਵਿੱਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਵਾਸਤੇ ਸੰਨ ਫਰਮਾਸਿਊਟੀਕਲ ਪ੍ਰਾਇਵੇਟ ਲਿਮਟਿਡ ਕੰਪਨੀ ਵਲੋਂ ਆਕਸੀਜਨ ਦਾ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਨੂੰ ਲਗਾਉਣ ਲਈ ਇਸਦੀ ਫਾਊਂਡੇਸ਼ਨ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਲਗਭਗ 10 ਦਿਨਾਂ ਵਿੱਚ ਤਿਆਰ ਹੋ ਜਾਵੇਗਾ ।

 

ਸਿਵਿਲ ਸਰਜਨ ਨੇ ਦੱਸਿਆ ਇਸਦੇ ਲੱਗਣ ਤੋਂ ਬਾਅਦ ਨਵਾਂਸ਼ਹਿਰ ਵਿੱਚ ਆਕਸੀਜਨ ਦੀ ਘਾਟ ਦੂਰ ਹੋ ਜਾਵੇਗੀ ਅਤੇ ਇਸ ਪਲਾਂਟ ਦੇ ਲੱਗਣ ਨਾਲ 24 ਘੰਟਿਆਂ ਵਿੱਚ 35 ਦੇ ਕਰੀਬ ਸਿਲੰਡਰ ਰੋਜ਼ਾਨਾ ਭਰੇ ਜਾਇਆ ਕਰਨਗੇ। ਇਸ ਪਲਾਂਟ ਤੋਂ ਸਿੱਧੇ ਹੀ ਪਾਇਪ ‘ਕੋਵਿਡ ਸੈਂਟਰ’ ਦੇ ਲੈਬਲ-2 ਲੈਬਲ-3 ਨੂੰ ਜੋੜ ਦਿੱਤਾ ਜਾਵੇਗਾ। ਜਿਸ ਨਾਲ ਮਰੀਜ਼ਾਂ ਨੂੰ ਆਕਸੀਜਨ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Share This Article
Leave a Comment