ਮੋਹਾਲੀ: ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲਾਗੂ ਹੋਏ ਲਾਕਡਾਊਨ ਕਾਰਨ ਨਵੇਂ ਵਿਆਹੇ ਗੁਰਸਿੱਖ ਜੋੜੇ ਦਾ ਯੂ.ਕੇ. ਜਾਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਜਿਸ ਕਾਰਨ ਉਨ੍ਹਾਂ ਨੇ ਮੋਹਾਲੀ ‘ਚ ਆਪਣਾ ਕੰਮ ਸ਼ੁਰੂ ਕਰ ਕੇ ਮਿਹਨਤ ਕਰਨੀ ਸ਼ੁਰੂ ਦਿੱਤੀ। ਅੱਜ ਮਨੀਸ਼ਾ ਗੁਲਾਟੀ ਨੇ ਜੋੜੇ ਦਾ ਹੌਂਸਲਾ ਵਧਾਉਂਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ, ‘ਅੱਜ ਮੈਂ ਇਸ ਹੋਣਹਾਰ ਅਤੇ ਮਿਹਨਤੀ ਧੀ ਨੂੰ ਮਿਲਣ ਆਈ ਹਾਂ ਜੋ ਇੰਨੀ ਪੜ੍ਹੀ-ਲਿੱਖੀ ਹੋ ਕੇ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੀ ਹੈ। ਮੈਨੂੰ ਆਪਣੀਆਂ ਇਨ੍ਹਾਂ ਧੀਆਂ ਤੇ ਮਾਣ ਹੈ। ਅੱਜ ਮੈਂ ਇਸ ਧੀ ਨੂੰ ਨੌਜਵਾਨਾਂ ਦੀ ਅੰਬੈਸਡਰ ਘੋਸ਼ਿਤ ਕੀਤਾ ਹੈ ਅਤੇ ਨਾਲ ਹੀ ਕਮਿਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ ਧੀ ਬਾਕੀਆਂ ਲਈ ਵੀ ਰਾਹ ਦਸੇਰੀ ਬਣੇਗੀ।’
ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਗੁਰੂ ਕਿਰਪਾ ਚਾਪ ਕਾਰਨਰ ਸ਼ੁਰੂ ਕਰਕੇ ਘਰ ਦਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਦੋਵੇਂ ਪਤੀ-ਪਤਨੀ ਆਪਣੇ ਪਰਿਵਾਰ ਨਾਲ ਰਹਿ ਕੇ ਘਰ ਚਲਾ ਰਹੇ ਹਨ ਅਤੇ ਆਪਣੇ ਸੁਪਨਿਆਂ ਨੂੰ ਇਕੱਠੇ ਪੂਰਾ ਕਰਨ ‘ਚ ਲੱਗੇ ਹੋਏ ਹਨ।