ਪਟਿਆਲਾ: ਪੰਜਾਬੀ ਸੰਗੀਤ ਜਗਤ ਦੇ 75 ਸਾਲਾ ਉੱਘੇ ਗੀਤਕਾਰ ਗਿੱਲ ਸੁਰਜੀਤ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਅੱਜ ਪਟਿਆਲਾ ਦੇ ਘੁੰਮਣ ਨਗਰ ਵਿਖੇ ਸਥਿਤ ਗ੍ਰਹਿ ਵਿਖੇ ਆਖਰੀ ਸਾਹ ਲਏ। ਸੁਰਜੀਤ ਸਿੰਘ ਦੇ ਲਿਖੇ ਮਸ਼ਹੂਰ ਗੀਤ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਨੂੰ ਗਾਇਕ ਹਰਦੀਪ ਨੇ ਗਾਇਆ।
ਸੁਰਜੀਤ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗਿੱਲ ਸੁਰਜੀਤ ਨੇ ਆਪਣਾ ਸਮੁਚਾ ਜੀਵਨ ਕਲਮ ਤੇ ਗੀਤ ਨੂੰ ਹੀ ਸਮਰਪਿਤ ਕਰ ਦਿੱਤਾ ਤੇ ਬੜੀ ਲਗਨ ਭਰੀ ਭਾਵਨਾ ਨਾਲ ਉਹ ਕਲਾ ਸਿਰਜਣਾ ਕਰਦੇ ਰਹੇ।
ਉਹਨਾਂ ਕਿਹਾ ਕਿ ਉਨਾ ਦੇ ਲਿਖੇ ਗੀਤ ਸੁਰਿੰਦਰ ਕੌਰ, ਅਮਰ ਨੂਰੀ, ਸੁਰੇਸ਼ ਵਾਡੇਕਰ,ਸੁਰਿੰਦਰ ਛਿੰਦਾ, ਪੰਮੀ ਬਾਈ,ਮਹਿੰਦਰ ਕਪੂਰ, ਰੰਜਨਾ ਤੇ ਗੁਰਮੀਤ ਬਾਵਾ ਸਮੇਤ ਗਿਲ ਹਰਦੀਪ ਨੇ ਵੀ ਗਾਏ। ” ਸ਼ਹਿਰ ਪਟਿਆਲੇ ਦੇ ਮੁੰਡੇ ਮੁਛ ਫੁੱਟ ਗਭਰੂ ਨੇ ਸੋਹਣੇ” ਬੇਹੱਦ ਮਕਬੂਲ ਹੋਇਆ। ਆਪ ਨੇ ਦੋ ਪੁਸਤਕਾਂ ਗੀਤਾਂ ਦੀਆਂ ਰਚੀਆਂ। ਆਪ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਸਭਿਆਚਾਰਕ ਪੁਰਸਕਾਰ ਤੇ ਪ੍ਰੋ ਮੋਹਨ ਸਿੰਘ ਮੇਲਾ ਐਵਾਰਡ ਵੀ ਮਿਲੇ ਹੋਏ ਸਨ। ਮੋਗਾ ਦੇ ਪਿੰਡ ਚੜਿਕ ਨਾਲ ਸਬੰਧਿਤ ਗਿੱਲ ਸੁਰਜੀਤ 1948 ਵਿਚ 8 ਅਗਸਤ ਨੂੰ ਜਨਮੇ।
ਸਭਿਆਚਾਰਕ ਕਰਮੀ ਤੇ ਸਿਰਮੌਰ ਗੀਤਕਾਰ ਗਿੱਲ ਸੁਰਜੀਤ ਦੇ ਦਿਹਾਂਤ ‘ਤੇ ਅੱਜ ਪੰਜਾਬ ਕਲਾ ਪਰਿਸ਼ਦ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨਾ ਨੂੰ ਸਿਜਦਾ ਕੀਤਾ ਹੈ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।