ਲੁਧਿਆਣਾ : ਲੁਧਿਆਣਾ ਵਿਚ ਕੁਝ ਦਿਨ ਪਹਿਲਾਂ ਅੰਕੁਰ ਅਤੇ ਸ਼ੁਭਮ ਅਰੋੜਾ ਉਰਫ਼ ਮੋਟਾ ਗੈਂਗ ਇਕ ਦੂਜੇ ਨਾਲ ਭਿੜ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਯੂਪੀ ਦੇ ਸਹਾਰਨਪੁਰ ਤੋਂ 9 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੈਮਰੇ ਅਤੇ ਕਾਲ ਲੋਕੇਸ਼ਨ ਦੀ ਮਦਦ ਨਾਲ ਬਦਮਾਸ਼ਾਂ ਨੂੰ ਫੜ ਲਿਆ ਹੈ। ਇਸ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵੇਂ ਗੈਂਗ ਦੇ ਸ਼ੂਟਰ ਸਹਾਰਨਪੁਰ ‘ਚ ਇਕ ਹੀ ਕਮਰੇ ‘ਚ ਰਹਿ ਰਹੇ ਸਨ।
ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਬਦਮਾਸ਼ਾਂ ਵਿਚ ਭਗਦੜ ਮੱਚ ਗਈ ਪਰ ਪੁਲਿਸ ਨੇ ਇਮਾਰਤ ਨੂੰ ਘੇਰ ਕੇ ਫਿਲਮੀ ਅੰਦਾਜ਼ ਵਿਚ ਸਾਰਿਆਂ ਨੂੰ ਫੜ ਲਿਆ। ਇਸ ਮਾਮਲੇ ਵਿਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਤਿੰਨ ਮੁਲਜ਼ਮ ਪਹਿਲਾਂ ਫੜੇ ਗਏ ਸਨ। ਅੱਠ ਤੋਂ ਨੌਂ ਹੋਰ ਵਿਅਕਤੀ ਫੜੇ ਜਾਣੇ ਬਾਕੀ ਹਨ।
21 ਫਰਵਰੀ ਨੂੰ ਗੁੰਡਾਗਰਦੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਗੋਲੀਆਂ ਚਲਾਉਣ ਦੇ ਨਾਲ-ਨਾਲ ਬਦਮਾਸ਼ ਇਕ ਦੂਜੇ ‘ਤੇ ਬੋਤਲਾਂ ਅਤੇ ਇੱਟਾਂ ਪਥਰਾਅ ਦਾ ਕਰਦੇ ਨਜ਼ਰ ਆਏ। ਇਹ ਗੈਂਗਵਾਰ ਨਵਾਂ ਮੁਹੱਲਾ ਸੁਭਾਨੀ ਬਿਲਡਿੰਗ ਇਲਾਕੇ ਵਿਚ ਹੋਈ ਸੀ। ਗੈਂਗਵਾਰ ਦੌਰਾਨ ਗੈਂਗਸਟਰ ਸ਼ੁਭਮ ਮੋਟਾ ਦੇ ਪੱਟ ‘ਚ ਗੋਲੀ ਲੱਗੀ ਸੀ ਅਤੇ ਉਸ ਦਾ ਸਾਥੀ ਨਦੀਮ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ।
ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦਸਿਆ ਕਿ ਮੁਲਜ਼ਮਾਂ ਦੀ ਪਛਾਣ ਅਮਰਜੋਤ ਸਿੰਘ ਉਰਫ ਗੋਲਡੀ, ਕੁਲਪ੍ਰੀਤ ਸਿੰਘ ਉਰਫ ਰੂਬਲ, ਲਾਭ ਸਿੰਘ, ਗੁਰਕਮਲ ਸਿੰਘ ਇਲੂ, ਇਸਨਪ੍ਰੀਤ ਸਿੰਘ, ਮਨਿੰਦਰ ਸਿੰਘ, ਅੰਕੁਸ਼ ਕਨੌਜੀਆ, ਹੇਮੰਤ ਸਲੂਜਾ, ਸੌਰਵ ਕਪੂਰ, ਨਦੀਮ, ਅਕਬਰ ਅਲੀ ਅਤੇ ਸ਼ੁਭਮ ਅਰੋੜਾ ਉਰਫ ਮੋਟਾ ਵਜੋਂ ਹੋਈ ਹੈ।