ਖੰਨਾ: ਲੁਧਿਆਣਾ ਬੰਬ ਧਮਾਕਾ ਮਾਮਲੇ ‘ਚ ਗਗਨਦੀਪ ਸਿੰਘ ਦੀ ਮਹਿਲਾ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੀ ਸਖ਼ਤੀ ਨਾਲ ਪੁੱਛਗਿੱਛ ਜਾਰੀ ਹੈ। ਮਹਿਲਾ ਕਾਂਸਟੇਬਲ ਐੱਸ.ਪੀ. ਦੀ ਨਾਇਕ ਰੀਡਰ ਦੱਸੀ ਜਾ ਰਹੀ ਹੈ। ਮਹਿਲਾ ਪੰਜਾਬ ਪੁਲਿਸ ‘ਚ ਲੇਡੀ ਕਾਂਸਟੇਬਲ ਹੈ।
ਇਸ ਤੋਂ ਇਲਾਵਾ ਗਗਨਦੀਪ ਸਿੰਘ ਦੇ ਨਾਲ ਸਜ਼ਾ ਕੱਟ ਰਹੇ ਦੋ ਕੈਦੀਆਂ ਨੂੰ ਅੱਜ ਲੁਧਿਆਣਾ ਦੀ ਸਪੈਸ਼ਲ ਕੋਰਟ ‘ਚ ਹਾਜ਼ਰ ਕੀਤਾ ਗਿਆ ਹੈ। ਗਗਨਦੀਪ ਸਿੰਘ ਨਾਮ ਦਾ ਵਿਅਕਤੀ ਉਹ ਸ਼ਖਸ ਸੀ ਜਿਹੜਾ ਕਿ ਹੁਣ ਤੱਕ ਦੀ ਪੁਲੀਸ ਦੀ ਜਾਂਚ ਵਿਚ ਮੁੱਖ ਦੋਸ਼ੀ ਪਾਇਆ ਗਿਆ ਅਤੇ ਜੋ ਮੌਕੇ ‘ਤੇ ਹੀ ਮਾਰਿਆ ਜਾ ਚੁੱਕਿਆ ਸੀ।
ਫਿਲਹਾਲ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕੋਰਟ ਵਿਚ ਲਿਆਂਦਾ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਖੰਨਾ ਅਤੇ ਨੇੜੇ-ਤੇੜੇ ਇਲਾਕੇ ਦੇ ਸੱਤ ਤੋਂ ਅੱਠ ਬੰਦੇ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿਚ ਲਏ ਗਏ ਹਨ ਪਰ ਪੁਲਿਸ ਅਧਿਕਾਰੀਆਂ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਗਗਨਦੀਪ ਦੇ ਕੁੱਝ ਪਰਿਵਾਰਕ ਮੈਂਬਰਾਂ ਨੂੰ ਵੀ ਪੁਲਿਸ ਵਲੋਂ ਲੁਧਿਆਣਾ ਲੈ ਕੇ ਜਾਣ ਦੀ ਖ਼ਬਰ ਮਿਲੀ ਹੈ।