ਰਾਜਪੁਰਾ: ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਏ ਜਾਂਦੇ ਪੰਜਾਬੀ ਸਮਾਗਮਾਂ ਦੇ ਅੰਤਰਗਤ ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ ਰੋਟਰੀ ਭਵਨ ਵਿਖੇ ਪ੍ਰਸਿੱਧ ਸ਼ਾਇਰ, ਸੰਪਾਦਕ ਅਤੇ ਅਨੁਵਾਦਕ ਡਾ ਅਮਰਜੀਤ ਕੌਂਕੇ ਦੁਆਰਾ ਅਨੁਵਾਦਤ ਕਾਵਿ ਪੁਸਤਕ ‘ਬਚਿਆ ਰਹੇਗਾ ਸਾਰਾ ਕੁਝ ‘ਦਾ ਲੋਕ ਅਰਪਣ ਡਾ ਗੁਰਵਿੰਦਰ ਅਮਨ ਅਤੇ ਜੋਗਿੰਦਰ ਬਾਂਸਲ ਪ੍ਰਧਾਨ ਰੋਟਰੀ ਕਲੱਬ ਵਲੋਂ ਕੀਤਾ ਗਿਆ।
ਇਸ ਮੌਕੇ ਡਾ. ਅਮਰਜੀਤ ਕੌਂਕੇ ਨੂੰ ਵਿਸ਼ੇਸ਼ ਸਨਮਾਨਤ ਵੀ ਕੀਤਾ ਗਿਆ। ਡਾ ਕੌਂਕੇ ਵਲੋਂ ਦੱਸਿਆ ਕਿ ਇਸ ਸੰਗ੍ਰਹਿ ਵਿਚ ਉਨ੍ਹਾਂ ਨੇ ਹਿੰਦੀ ਦੇ 21 ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਹਿੰਦੀ ਦੀਆਂ ਤਿੰਨ ਪੀੜੀਆਂ ਦੀ ਸ਼ਾਇਰੀ ਨੂੰ ਪੇਸ਼ ਕਰਦੀ ਇਹ ਕਾਵਿ ਪੁਸਤਕ ਸਮਕਾਲੀਨ ਹਿੰਦੀ ਕਵਿਤਾ ਦਾ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਪੁਸਤਕ ਬਾਰੇ ਡਾ. ਪੁਸ਼ਪਿੰਦਰ ਕੌਰ ਦੁਆਰਾ ਲਿਖਿਆ ਪੇਪਰ ਦਲਜੀਤ ਸਿੰਘ ਸ਼ਾਂਤ ਵਲੋਂ ਪੜਿਆ ਗਿਆ ਜਿਸ ਵਿਚ ਲੇਖਕ ਨੇ ਕਿਹਾ ਕਿ ਇਹ ਕਵਿਤਾ ਹਿੰਦੀ ਸਮਕਾਲੀਨ ਸ਼ਾਇਰੀ ਦਾ ਇਕ ਦਸਤਾਵੇਜ਼ੀ ਮੁਹਾਂਦਰਾ ਪੇਸ਼ ਕਰਦੀ ਹੈ। ਇਸ ਮੌਕੇ ਡਾ. ਗੁਰਵਿੰਦਰ ਪ੍ਰਧਾਨ ਲੋਕ ਸਾਹਿਤ ਸੰਗਮ ਨੇ ਡਾ. ਕੌਂਕੇ ਨੂੰ ਵਧਾਈ ਦੇਂਦੀਆਂ ਕਿਹਾ ਕਿ ਇਨ੍ਹਾਂ ਵਲੋਂ ਹਿੰਦੀ ਭਾਸ਼ਾ ਵਿਚ ਸਿਰਜੀਆਂ ਆਧੁਨਿਕ ਤੇ ਸਮਕਾਲੀ ਕਾਵਿ ਰਚਨਾਂ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾ ਕੇ ਇਕ ਸਾਂਭਣ ਜੋਗਾ ਦਸਤਾਵੇਜ਼ ਪੇਸ਼ ਕੀਤਾ ਹੈ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ‘ਸਾਡੇ ਪਿੰਡ ਭੁੱਖ ਵੱਸਦੀ ‘ਗੀਤ ਸੁਣਾਕੇ ਸਭਾ ਦਾ ਆਗਾਜ਼ ਕੀਤਾ। ਅਵਤਾਰ ਸਿੰਘ ਪੁਆਰ ਦੀ ਗ਼ਜ਼ਲ ‘ਫਿਜ਼ਾ ਵਿਚ ਮਹਿਕ ਘੋਲਦੇ ਪੰਛੀ; ਸੁਣਾ ਕੇ ਮਹਿਫ਼ਿਲ ਲੁੱਟ ਲਈ। ਅੰਗਰੇਜ ਕਲੇਰ ,ਪ੍ਰੋ ਸ਼ਤਰੂਘਨ ਗੁਪਤਾ, ਗੁਰਵਿੰਦਰ ਆਜ਼ਾਦ, ਕਰਮ ਸਿੰਘ ਹਕੀਰ, ਦਲਜੀਤ ਸਿੰਘ ਸ਼ਾਂਤ, ਗਿਆਨੀ ਮਾਨ ਸਿੰਘ ਜੰਡੋਲੀ, ਅਮਰਜੀਤ ਸਿੰਘ ਲੁਬਾਣਾ, ਤਾਰਾ ਸਿੰਘ ਮਠਿਆੜਾ, ਭੀਮ ਸੈਣ ਝੂਲੇ ਲਾਲ, ਰਣਜੀਤ ਸਿੰਘ ਫਤਹਿਗੜ੍ਹ ਸਾਹਿਬ, ਥਾਣੇਦਾਰ ਰਵਿੰਦਰ ਕ੍ਰਿਸ਼ਨ, ਪ੍ਰੋ ਸੁਖਵਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਖੁਰਾਣਾ, ਕੁਲਵੰਤ ਜੱਸਲ ਨੇ ਤੂੰਬੀ ਨਾਲ ਗੀਤ ਤੇ ਸੰਗਮ ਦੇ ਪ੍ਰਧਾਨ ਦਾ ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ ਸੁਣਾ ਕੇ ਸਮਾਗਮ ਨੂੰ ਸ਼ਿਖਰਾਂ ਤੇ ਪਹੁੰਚਾ ਦਿੱਤਾ। ਇਸ ਮੌਕੇ ਰਮੇਸ਼ ਗੁਪਤਾ ,ਜਸਵਿੰਦਰ ਸਿੰਘ ਭਾਟੀਆ ਗਿਆਨ ਚੰਦ, ਸ਼ਤੀਸ਼ ਵਰਮਾ, ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਅਪਨਾ ਗੀਤ ਸੁਣਾਇਆ ਉੱਥੇ ਸਭਾ ਦੀ ਕਾਰਵਾਈ ਬਾਖੂਬੀ ਚਲਾਈ।