ਨਿਊਜ਼ ਡੈਸਕ – ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਕੌਫੀ ਪੀਣਾ ਹਾਜ਼ਮੇ ਲਈ ਲਾਭਕਾਰੀ ਸਿੱਧ ਹੋ ਸਕਦਾ ਹੈ। ਖੋਜ ‘ਚ ਸਾਹਮਣੇ ਆਇਆ ਹੈ ਕਿ ਕੌਫੀ ਪੀਣ ਨਾਲ ਪਿੱਤੇ ਦੀ ਪੱਥਰੀ ਤੇ ਪੈਨਕ੍ਰੇਟਾਈਟਸ ਸਮੇਤ ਕੁਝ ਪਾਚਨ ਵਿਕਾਰ ਵੀ ਦੂਰ ਹੋ ਸਕਦੇ ਹਨ। ਇਹ ਵੀ ਖੁਲਾਸਾ ਹੋਇਆ ਕਿ ਕੌਫੀ ਅੰਤੜੀਆਂ ਦੀ ਗਤੀਸ਼ੀਲਤਾ ਨੂੰ ਉਤਸ਼ਾਹਤ ਕਰਕੇ ਪਾਚਨ ਕਿਰਿਆ ‘ਚ ਸਹਾਇਤਾ ਕਰ ਸਕਦੀ ਹੈ।
ਦੱਸਣਯੋਗ ਹੈ ਕਿ ਇਟਲੀ ਦੀ ਮਿਲਾਨ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਅਨੁਸਾਰ ਕੌਫੀ ਸੇਵਨ ਆਮ ਪਾਚਨ ਸਮੱਸਿਆਵਾਂ ਜਿਵੇਂ ਕਬਜ਼ ‘ਚ ਲਾਭ ਪਹੁੰਚਾਉਂਦੀ ਹੈ। ਇਸ ਦੇ ਨਾਲ ਹੀ ਕੌਫੀ ਜਿਗਰ ਦੀਆਂ ਬਿਮਾਰੀਆਂ ‘ਚ ਲਾਭਦਾਇਕ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਕਿਸ ਤਰ੍ਹਾਂ ਕੌਫੀ ਪਿਤ ਬਲੈਡਰ ਦੀ ਬਿਮਾਰੀ ਨੂੰ ਰੋਕ ਸਕਦੀ ਹੈ ਇਹ ਅਜੇ ਸਾਹਮਣੇ ਨਹੀਂ ਆਇਆ ਹੈ, ਪਰ ਇਹ ਦੇਖਿਆ ਗਿਆ ਹੈ ਕਿ ਰੋਜ਼ਾਨਾ ਕੌਫੀ ਦਾ ਸੇਵਨ ਕਰਨ ਨਾਲ ਇਹ ਜੋਖਮ ਘੱਟ ਹੁੰਦਾ ਹੈ। ਖੋਜਕਰਤਾਵਾਂ ਨੇ ਇਸ ਪ੍ਰਸ਼ਨ ਦਾ ਉੱਤਰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਕਿ ਕਿਉਂ ਕੌਫੀ ਛਾਤੀ ‘ਚ ਜਲਣ ਜਾਂ ਗੈਸਟਰੋ-ਓਸੋਫੈਜੀਲ ਰਿਫਲੈਕਸ ਬਿਮਾਰੀ ਨਹੀਂ ਬਣਾਉਂਦੀ।
ਅਧਿਐਨ ਦਰਸਾਉਂਦੇ ਹਨ ਕਿ ਕੌਫੀ ਪੀਣ ਤੋਂ ਬਾਅਦ, ਅਜਿਹੇ ਬੈਕਟਰੀਆ ਸਰੀਰ ‘ਚ ਵੱਧਦੇ ਹਨ ਜੋ ਲਾਭ ਪਹੁੰਚਾਉਂਦੇ ਹਨ। ਕੌਫੀ ‘ਚ ਫਾਈਬਰ ਤੇ ਪੌਲੀਫੇਨੋਲ ਪਾਏ ਜਾਂਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਕੌਫੀ ਗੈਸਟ੍ਰਿਕ ਐਸਿਡ, ਪਿੱਤ ਤੇ ਪੈਨਕ੍ਰੀਆਟਿਕ ਨੂੰ ਖਤਮ ਕਰਕੇ ਪਾਚਨ ਨੂੰ ਸੁਧਾਰਦੀ ਹੈ।
ਕੌਫੀ ਪੀਣ ਦੇ ਹੋਰ ਬਹੁਤ ਸਾਰੇ ਫਾਇਦੇ ਹਨ, ਜਿਸ ‘ਚ ਭਾਰ ਘਟਾਉਣਾ, ਥਕਾਵਟ ਦੂਰ ਕਰਨਾ, ਦਿਲ ਦੀ ਬਿਮਾਰੀ ‘ਚ ਲਾਭ, ਸ਼ੂਗਰ ਰੋਗ ‘ਚ ਲਾਭ, ਪਾਰਕਿੰਸਨ ਦੀ ਸਮੱਸਿਆ, ਤਣਾਅ , ਚਮੜੀ ਆਦਿ ਸ਼ਾਮਿਲ ਹਨ, ਪਰ ਕੌਫੀ ‘ਚ ਸ਼ਾਮਲ ਚੀਨੀ ਸ਼ੂਗਰ ਦੇ ਮਰੀਜ਼ਾਂ ਲਈ ਮੁਸ਼ਕਲ ਬਣਾ ਸਕਦੀ ਹੈ। ਇਸ ਲਈ ਧਿਆਨ ਰੱਖੋ।