ਨਵਾਂਸ਼ਹਿਰ (ਅਵਤਾਰ ਸਿੰਘ): ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਵੱਲੋਂ ਕੋਵਿਡ-19 ਦੇ ਕੇਸ ਸਾਹਮਣੇ ਆਉਣ ਬਾਅਦ ਸਬੰਧਤ ਪਿੰਡਾਂ ਨੂੰ ‘ਕੰਨਟੇਨਮੈਂਟ ਪਲਾਨ’ ਅਧੀਨ ਲਿਆ ਕੇ ਸੀਲ ਕੀਤੇ ਜਾਣ ਬਾਅਦ ਅੱਜ ਵੱਡੀ ਰਾਹਤ ਦਿੰਦਿਆਂ ਬੰਗਾ ਸਬ ਡਵੀਜ਼ਨ ਦੇ ਪਿੰਡ ‘ਲਧਾਣਾ ਝਿੱਕਾ’ ਨੂੰ ਪਾਬੰਦੀਆਂ ਤੋਂ ਮੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਿੰਡ ਨੂੰ 22 ਮਾਰਚ ਨੂੰ ਪਿੰਡ ਦੇ ਇੱਕ ਵਿਅਕਤੀ ਦੇ ਕੋਵਿਡ ਪਾਜ਼ੇਟਿਵ ਆਉਣ ਬਾਅਦ ‘ਕੰਨਟੇਨਮੈਂਟ ਪਲਾਨ’ ਅਧੀਨ ਲਿਆ ਕੇ ਕੋਵਿਡ ਮਾਮਲਿਆਂ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੀਲ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਅਨੁਸਾਰ ਸਿਹਤ ਵਿਭਾਗ ਦੇ ਪ੍ਰੋਟੋਕਾਲ ਮੁਤਾਬਕ ਜਦੋਂ ਕਿਸੇ ਪਿੰਡ ’ਚ ਇੱਕ ਵੀ ਮਾਮਲਾ ਕੋਵਿਡ ਦੇ ਪੀੜਤ ਦਾ ਸਾਹਮਣੇ ਆਉਂਦਾ ਹੈ ਤਾਂ ਉਸ ਪਿੰਡ ਨੂੰ ਸੀਲ ਕਰਕੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਜਾਂਦਾ ਹੈ ਤਾਂ ਜੋ ਬਿਮਾਰੀ ਹੋਰਾਂ ਲੋਕਾਂ ’ਚ ਨਾ ਫੈਲੇ। ਪਿੰਡ ’ਚ ਸਕੂਲ, ਦਫ਼ਤਰ ਤੇ ਲੋਕਾਂ ਦੇ ਇਕੱਠ ਨੂੰ ਰੋਕ ਦਿੱਤਾ ਜਾਂਦਾ ਹੈ ਅਤੇ ਵਾਹਨਾਂ ਦੀ ਗਤੀਵਿਧੀ (ਸਰਕਾਰੀ ਤੇ ਮੈਡੀਕਲ ਸੇਵਾਵਾਂ ਨੂੰ ਛੱਡ ਕੇ) ਨੂੰ ਬੰਦ ਕਰ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਹੀ ਪਿੰਡ ’ਚ ਕੋਵਿਡ-19 ਦੇ ਕੇਸਾਂ ਦੀ ਸਕ੍ਰੀਨਿੰਗ ਕੀਤੀ ਜਾਂਦੀ ਹੈ ਅਤੇ ਜੇਕਰ ਕਿਸੇ ’ਚ ਲੱਛਣ ਪਾਏ ਜਾਣ ਤਾਂ ਉਸ ਦਾ ਟੈਸਟ ਕਰਵਾਉਣ ਉਪਰੰਤ ਉਸ ਨੂੰ ਆਈਸੋਲੇਸ਼ਨ ਵਾਰਡ ’ਚ ਭੇਜਿਆ ਜਾਂਦਾ ਹੈ।
ਬਬਲਾਨੀ ਅਨੁਸਾਰ ਕਿਸੇ ਵੀ ਸੀਲ ਕੀਤੇ ਪਿੰਡ ਨੂੰ ਪਾਬੰਦੀਆਂ ਦੇ ਘੇਰੇ ਤੋਂ ਬਾਹਰ ਲਿਆਉਣ ਲਈ, ਪਿੰਡ ਦੇ ਆਖਰੀ ਮਰੀਜ਼ ਦੇ ਠੀਕ ਹੋਣ ਦੀ ਮਿਤੀ ਤੋਂ 29 ਦਿਨ ਬਾਅਦ ਤੱਕ ਨਿਗਰਾਨੀ ਰੱਖੀ ਜਾਂਦੀ ਹੈ। ਇਸ ਦੌਰਾਨ ਜੇਕਰ ਕੋਈ ਹੋਰ ਕੋਵਿਡ ਕੇਸ ਸਾਹਮਣੇ ਨਹੀਂ ਆਉਂਦਾ ਤਾਂ ਪਿੰਡ ਨੂੰ ‘ਕੰਨਟੇਨਮੈਂਟ ਜ਼ੋਨ’ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦਾ ਕੋਵਿਡ ਮਰੀਜ਼ 7 ਅਪਰੈਲ ਨੂੰ ਕੋਵਿਡ ਤੋਂ ਸਿਹਤਯਾਬ ਐਲਾਨੇ ਜਾਣ ਬਾਅਦ ਹੁਣ ਸਿਹਤ ਵਿਭਾਗ ਦੀ ਸਲਾਹ ’ਤੇ ਇਸ ਪਿੰਡ ਨੂੰ ਪਾਬੰਦੀ ਤੋਂ ਮੁਕਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬੰਗਾ ਸਬ ਡਵੀਜ਼ਨ ਦੇ ਬਾਕੀ ਪਿੰਡਾਂ ਨੂੰ ਵੀ ‘ਕੰਨਟੇਨਮੈਂਟ ਜ਼ੋਨ’ ’ਚੋਂ ਬਾਹਰ ਕੱਢਣ ਲਈ ਲੋੜੀਂਦਾ ਸਮਾਂ ਅਗਲੇ ਹਫ਼ਤੇ ਦੇ ਸ਼ੁਰੂ ’ਚ ਪੂਰਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ, ਹੋਰਨਾਂ ਪਿੰਡਾਂ ਨੂੰ ਵੀ ਰਾਹਤ ਦਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ‘ਕੰਨਟੇਨਮੈਂਟ ਜ਼ੋਨ’ ਤੋਂ ਬਾਹਰ ਆਉਣ ਦਾ ਭਾਵ, ਕੋਵਿਡ ਤੋਂ ਬਚਣ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਨੂੰ ਤਿਆਗਣ ਤੋਂ ਨਾ ਲਿਆ ਜਾਵੇ ਸਗੋਂ ਆਪਣੇ ਮੂੰਹ ’ਤੇ ਮਾਸਕ, ਹੱਥਾਂ ਨੂੰ ਵਾਰ-ਵਾਰ ਧੋਣ, ਇਕੱਠ ਨਾ ਕਰਨ ਅਤੇ ਇੱਕ ਦੂਸਰੇ ਤੋਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ਜ਼ਰੂਰ ਰੱਖੀ ਜਾਵੇ।