ਚੰਡੀਗੜ੍ਹ: ਪੰਜਾਬ ਸਰਕਾਰ ਨੇ ਡਾ: ਕਰਮਜੀਤ ਸਿੰਘ ਨੂੰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ, ਜਿੰਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲ ਤੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਰਹਿਣਗੇ। ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ ਸਬੰਧੀ ਨਿਯਮ ਤੇ ਸ਼ਰਤਾਂ ਵੱਖਰੇ ਤੌਰ ‘ਤੇ ਨੋਟੀਫਾਈ ਕੀਤੀਆਂ ਜਾਣਗੀਆਂ।
ਬੁਲਾਰੇ ਨੇ ਦੱਸਿਆ ਕਿ ਅਕਾਦਮਿਕ ਖੇਤਰ ਵਿੱਚ ਐਮ.ਕਾਮ ਅਤੇ ਪੀ.ਐਚਡੀ (ਵਿੱਤ) ਦੀ ਡਿਗਰੀ ਹਾਸਲ ਡਾ. ਕਰਮਜੀਤ ਸਿੰਘ ਇੱਕ ਉੱਘੇ ਸਿੱਖਿਆ ਸ਼ਾਸਤਰੀ , ਯੋਗ ਪ੍ਰਸ਼ਾਸਕ ਹਨ, ਜਿੰਨ੍ਹਾਂ ਕੋਲ ਅਧਿਆਪਨ ਅਤੇ ਖੋਜ ਦਾ 34 ਸਾਲ ਤਜਰਬਾ ਹੈ। ਉਹ 30 ਸਤੰਬਰ, 2018 ਤੋਂ ਹੁਣ ਤੱਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਬਤੌਰ ਰਜਿਸਟਰਾਰ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹੁੰਦਿਆਂ ਉਹ ਵੱਖ ਵੱਖ ਪ੍ਰਸ਼ਾਸਨਿਕ ਆਸਾਮੀਆਂ ਤੇ ਕੰਮ ਕਰ ਚੁੱਕੇ ਹਨ ਅਤੇ ਉਹ ਯੂ.ਜੀ.ਸੀ ਮਾਹਰ ਕਮੇਟੀ ਦੇ ਮੈਂਬਰ ਵੀ ਰਹੇ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਕਰਮਜੀਤ ਸਿੰਘ ਇੰਡੀਅਨ ਅਕਾਊਂਟਿੰਗ ਐਸੋਸੀਏਸ਼ਨ(2017-18) ਦੇ ਪ੍ਰਧਾਨ ਵੀ ਰਹੇ ਅਤੇ ਇੰਡੀਅਨ ਕਾਮਰਸ ਐਸੋਸੀਏਸ਼ਨ ਵਲੋਂ 14 ਅਕਤੂਬਰ, 2017 ਨੂੰ ਜੈਪੁਰ ਵਿਖੇ ਉਨ੍ਹਾਂ ਨੂੰ ਸਰਵੋਤਮ ਬਿਜ਼ਨਸ ਅਕਾਦਮਿਕ ਐਵਾਰਡ 2017 ਨਾਲ ਨਵਾਜ਼ਿਆ ਗਿਆ। ਉਹ ਹੋਰ ਵੱਖ ਵੱਖ ਪ੍ਰਸ਼ਾਸਨਿਕ ਤੇ ਅਕਾਦਮਿਕ ਵਿਸ਼ੇਸ਼ਤਾਵਾਂ ਦੇ ਮਾਲਕ ਹਨ।