ਚੰਡੀਗੜ੍ਹ : ਹਾਲ ਹੀ ਦੌਰਾਨ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਾਬਕਾ ਮੇਅਰ ਪ੍ਰਦੀਪ ਛਾਬੜਾ ਅਤੇ ਚੰਡੀਗੜ੍ਹ ਨਗਰ ਨਿਗਮ ਚੋਣਾ ਲਈ ‘ਆਪ’ ਦੇ ਇੰਚਾਰਜ ਚੰਦਰਮੁਖੀ ਸ਼ਰਮਾ ਨੇ ਕਾਂਗਰਸ ਦੇ ਵੱਖ- ਵੱਖ ਅਹੁਦੇਦਾਰਾਂ ਅਤੇ ਸੈਂਕੜੇ ਵਰਕਰਾਂ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਕਰਵਾ ਕੇ ਰਾਜਧਾਨੀ ਅੰਦਰ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ ਹੈ। ਨਗਰ ਨਿਗਮ ਚੋਣਾ ਤੋਂ ਪਹਿਲਾਂ ਇਸ ਨੂੰ ਚੰਡੀਗੜ੍ਹ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਨਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ‘ਆਪ’ ਚੰਡੀਗੜ੍ਹ ਮਾਮਲਿਆਂ ਦੇ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ‘ਆਪ’ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ, ਪੰਜਾਬ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਰਸਮੀ ਤੌਰ ਸਵਾਗਤ ਕੀਤਾ।
ਇਸ ਮੌਕੇ ਜਰਨੈਲ ਸਿੰਘ ਨੇ ਕਾਂਗਰਸ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ, ‘ਦਿੱਲੀ ਤੋਂ ਬਾਅਦ ਚੰਡੀਗੜ੍ਹ ‘ਚ ਕਾਂਗਰਸ ਜ਼ੀਰੋ ਹੋ ਗਈ ਹੈ।’ ਉਨਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਸਮਾਜ ਸੁਧਾਰ ਦੇ ਕੰਮਾਂ ਤੋਂ ਦੇਸ਼ ਭਰ ਦੇ ਲੋਕ ‘ਆਪ’ ਨਾਲ ਜੁੜ ਰਹੇ ਹਨ।
‘ਆਪ’ ਚੰਡੀਗੜ੍ਹ ਦੇ ਆਗੂ ਅਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਨੇ ਕਿਹਾ, ‘ਚੰਡੀਗੜ੍ਹ ਨਗਰ ਨਿਗਮ ਚੋਣਾ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਪੂਰੀ ਤਰਾਂ ਸਫ਼ਾਇਆ ਕਰਾਂਗੇ ਅਤੇ ਚੰਡੀਗੜ੍ਹ ਨੂੰ ਕਾਂਗਰਸ ਅਤੇ ਭਾਜਪਾ ਮੁਕਤ ਬਣਾਇਆ ਜਾਵੇਗਾ।’ ਉਨਾਂ ਕਾਂਗਰਸ ਪਾਰਟੀ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਕਾਂਗਰਸ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਬਣ ਗਈ ਹੈ। ਕਾਂਗਰਸ ‘ਚ ਮਿਹਨਤੀ ਵਰਕਰਾਂ ਅਤੇ ਆਗੂਆਂ ਦੀ ਕੋਈ ਕਦਰ ਨਹੀਂ ਹੈ, ਕੇਵਲ ਇੱਕ ਪਰਿਵਾਰ ਦੀ ਪ੍ਰਾਈਵੇਟ ਕੰਪਨੀ ਹੈ, ਇਸੇ ਲਈ ਚੰਡੀਗੜ੍ਹ ਦੇ ਆਗੂਆਂ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦੇਣ ਦੀ ਝੜੀ ਲੱਗੀ ਹੋਈ ਹੈ।
ਪ੍ਰਦੀਪ ਛਾਬੜਾ ਨੇ ਅੱਗੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਾਦਗੀ ਅਤੇ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਕੇਜਰੀਵਾਲ ਦਾ ਸਾਦਾ ਜੀਵਨ ਦੇਸ਼ ਦੇ ਆਗੂਆਂ ਲਈ ਇੱਕ ਮਿਸਾਲ ਹੈ। ਉਨਾਂ ਕਿਹਾ ਕਿ ਕੇਜਰੀਵਾਲ ਰਾਜਨੀਤੀ ‘ਚ ਬਦਲਾਅ ਲੈ ਕੇ ਆ ਰਹੇ ਹਾਂ ਅਤੇ ਚੰਡੀਗੜ੍ਹ ਵਾਸੀ ਇਸ ਰਾਜਨੀਤਿਕ ਬਦਲਾਅ ਦਾ ਹਿੱਸਾ ਬਣ ਰਹੇ ਹਨ।
ਸਾਬਕਾ ਮੇਅਰ ਪ੍ਰਦੀਪ ਛਾਬੜਾ ਨੇ ਦੱਸਿਆ ਕਿ ਚੰਡੀਗੜ੍ਹ ਕਾਂਗਰਸ ਦੇ ਵੱਖ- ਵੱਖ ਵਿੰਗਾਂ ਦੇ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ, ਜਿਨਾਂ ‘ਚ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਭਾਰਦਵਾਜ, ਸਕੱਤਰ ਮੁਸ਼ਕ ਅਲੀ ਅਤੇ ਪ੍ਰਵੀਨ ਦੁਗਲ ਵੀਸ਼ੂ, ਸੰਯੁਕਤ ਸਕੱਤਰ ਕੁਲਦੀਪ ਕੁਮਾਰ, ਉਪ ਪ੍ਰਧਾਨ ਰਾਕੇਸ਼ ਸੋਨੀ, ਐਸ.ਸੀ ਵਿੰਗ ਦੇ ਉਪ ਪ੍ਰਧਾਨ ਕੰਵਲਜੀਤ ਸਿੰਘ ਸਿੱਧੂ, ਡੀਸੀਸੀ ਦੇ ਜਨਰਲ ਸਕੱਤਰ ਜਗਦੀਪ ਮਹਾਜਨ, ਉਪ ਪ੍ਰਧਾਨ ਦਿਨੇਸ਼ ਸ਼ਰਮਾ, ਚੇਅਰਮੈਨ ਆਰ.ਟੀ.ਆਈ ਸੈਲ ਗਗਨਦੀਪ ਸਿੰਘ ਆਹਲੂਵਾਲੀਆ, ਡੀਸੀਸੀ ਦੇ ਉਪ ਪ੍ਰਧਾਨ ਬੇਅੰਤ ਸਿੰਘ ਅਤੇ ਸੁਰਿੰਦਰ ਸਿੰਘ, ਸਾਬਕਾ ਸਕੱਤਰ ਹਰਵਿੰਦਰ ਗੋਲਡੀ, ਬਲਾਕ ਪ੍ਰਧਾਨ ਹਰਜਿੰਦਰ ਬਾਵਾ ਅਤੇ ਮੋਹਿੰਦਰ ਰਾਜ ਭਰ, ਖਜ਼ਾਨਚੀ ਗੁਰਦੀਪ ਸਿੰਘ, ਜਨਰਲ ਸਕੱਤਰ ਰਾਮ ਕ੍ਰਿਸ਼ਨ, ਬ੍ਰਿਜ ਮੋਹਨ ਮੀਨਾ, ਸੁਖਬੀਰ ਸਿੰਘ ਸੁਖੀ, ਵਿਸ਼ਾਲ ਕੁਮਾਰ ਸ਼ੈਰੀ, ਸੋਨੂੰ ਕੁਮਾਰ, ਸੰਜੇ ਅਰੋੜਾ, ਮਿਸ ਕਾਨਿਕਾ ਖੱਤਰੀ, ਜਸਬੀਰ ਸਿੰਘ, ਵਿਕਰਮਜੀਤ ਸਿੰਘ, ਰੋਹਿਤ ਕੁਮਾਰ, ਮਿਸ ਸਾਰਿਕਾ ਕਨੌਜੀਆ, ਵਰਿੰਦਰ ਪਾਲ ਸਿੰਘ, ਮੋਹਿੰਦਰ, ਕ੍ਰਿਸ਼ਨ ਲਾਲ, ਦਵਿੰਦਰ ਕੁਮਾਰ, ਰਾਕੇਸ਼ ਗਿੱਲ ਅਤੇ ਸੰਜੀਵ ਅਰੋੜਾ ਸ਼ਾਮਲ ਹਨ।