-ਡਾ: ਦਲਵਿੰਦਰ ਸਿੰਘ ਗਰੇਵਾਲ;
ਸਿੱਖਾਂ ਵਿਚ ਸ਼ਹੀਦਾਂ ਦੀਆਂ ਲੜੀਆਂ ਲੰਬੀਆਂ ਹਨ ਜੋ ਕਦੇ ਵੀ ਪੂਰੀਆਂ ਤਰ੍ਹਾਂ ਗਿਣੀਆਂ ਨਹੀਂ ਜਾ ਸਕੀਆਂ। ਇਸ ਲਿਖਾਰੀ ਨੇ ਸਿੱਖ ਸ਼ਹੀਦੀ ਲਹਿਰਾਂ (ਪ੍ਰਕਾਸ਼ਿਤ ਸ਼੍ਰੋ ਗੁ ਪ੍ਰ ਕਮੇਟੀ) ਵਿਚ ਇਨ੍ਹਾਂ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਲੜੀ ਸੰਨ 1984 ਦੇ ਘਲੂਘਾਰੇ ਪਿਛੋਂ ਹੋਰ ਲੰਬੀ ਹੋ ਗਈ ਜਿਸ ਨੂੰ ਇਕ ਗੁਰੂ ਦੇ ਲਾਲ ਸ: ਜਸਵੰਤ ਸਿੰਘ ਖਾਲੜਾ ਨੇ ਖੋਜ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ।ਉਹ ਸੰਨ ਚੁਰਾਸੀ ਦੇ ਘਲੂਘਾਰੇ ਪਿਛੋਂ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਗਏ ਸਿੱਖਾਂ ਦੀ ਗਿਣਤੀ ਕਰਨ ਲਈ ਦੀ ਖੋਜ ਵਿਚ ਨਿਕਲਿਆ ਤਾਂ ਪੁਲਿਸ ਨੇ ਮੁਕਾਬਲਾ ਬਣਾ ਕੇ ਉਸ ਨੂੰ ਵੀ ਸ਼ਹੀਦ ਕਰ ਦਿਤਾ। ਇਹ ਮਹਾਨ ਸਿੱਖ ਸ: ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦੀ 26ਵੀਂ ਵਰ੍ਹੇਗੰਢ 6 ਸਤੰਬਰ 2021 ਨੂੰ ਮਨਾਈ ਗਈ।
ਉਸਨੇ ਅੰਮ੍ਰਿਤਸਰ ਅਤੇ ਪੰਜਾਬ ਦੇ ਆਲੇ ਦੁਆਲੇ ਦੇ ਵੱਖ-ਵੱਖ ਸ਼ਮਸ਼ਾਨਘਾਟਾਂ ਤੇ ਜਾ ਜਾ ਕੇ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਗਏ 25,000 ਤੋਂ ਵੱਧ ਸਿੱਖਾਂ ਦੇ ਸਰਕਾਰੀ ਸ਼ਾਸਨ ਦੁਆਰਾ ਦਿਤੇ ਹੁਕਮਾਂ ਤੇ ਕੀਤੇ ਗਏ ਸਮੂਹਿਕ ਕਤਲੇਆਮ ਦਾ ਪਰਦਾਫਾਸ਼ ਕੀਤਾ । ਉਨ੍ਹਾਂ ਦੇ ਕੀਤੇ ਹੋਏ ਤਸ਼ਦਦ ਦੀ ਗਿਣਤੀ ਨੂੰ ਜੱਗ-ਜ਼ਾਹਿਰ ਕੀਤੇ ਜਾਣਾ ਸਰਕਾਰੀ ਬੁੱਚੜ ਕਦ ਜਰਦੇ । ਸਤੰਬਰ ਸੰਨ 1995 ਵਿੱਚ, ਉਸ ਸਮੇਂ ਦੇ ਪੰਜਾਬ ਪੁਲਿਸ ਦੇ ਡੀ ਜੀ ਪੀ ਕੇ ਪੀ ਐਸ ਗਿੱਲ ਦੇ ਦਿਤੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਜਸਵੰਤ ਸਿੰਘ ਖਾਲੜਾ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਤੇ ਇਸ ਮਨੁੱਖੀ ਅਧਿਕਾਰਾਂ ਦੇ ਰਾਖੇ ਨੂੰ ਅਗਵਾ ਕਰਕੇ ਪਹਿਲਾਂ ਤਾਂ ਅਪਣੀਆਂ ਲਿਖਤਾਂ ਤੋਂ ਮੁਕਰਾਉਣ ਲਈ ਤਸ਼ੱਦਦ ਕੀਤਾ ਗਿਆ ਪਰ ਜਦ ਉਹ ਤਸ਼ਦਦ ਅੱਗੇ ਨਾ ਝੁਕਿਆ ਤਾਂ ਉਸ ਨੂੰ ਵੀ ਕਤਲ ਕੀਤੇ ਜਾਣ ਦਾ ਹੁਕਮ ਦੇ ਦਿੱਤਾ ।ਪੰਜਾਬ ਵਿੱਚ ਤੇ ਬਾਹਰ ਕਈ ਮਨੁੱਖੀ ਅਧਿਕਾਰ ਸੰਗਠਨਾਂ ਦੁਆਰਾ ਦਸ ਸਾਲਾਂ ਤੋਂ ਵੱਧ ਮਿਹਨਤ ਕਰਨ ਦੇ ਬਾਅਦ, 2005 ਵਿੱਚ, ਛੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਜਿਨ੍ਹਾਂ ਨੇ ਜਸਵੰਤ ਸਿੰਘ ਦੇ ਗੈਰ-ਕਾਨੂੰਨੀ ਕਤਲ ਵਿੱਚ ਹਿੱਸਾ ਲਿਆ ਸੀ। 2007 ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜ ਦੋਸ਼ੀਆਂ ਦੇ ਸਿੱਧ ਹੋਏ ਕਤਲ ਦੇ ਦੋਸ਼ ਨੂੰ ਬਰਕਰਾਰ ਰੱਖਿਆ, ਤੇ ਸਾiਰਆਂ ਦੋਸ਼ੀਆਂ ਦੀਆਂ ਸਜਾਵਾਂ ਨੂੰ ਉਮਰ ਕੈਦ ਵਿੱਚ ਵਧਾ ਦਿੱਤਾ। ਪਰ ਇਸ ਕੇਸ ਵਿਚੋਂ ਕੇਪੀਐਸ ਗਿੱਲ ਅਤੇ ਹਜ਼ਾਰਾਂ ਹੋਰ ਸਰਕਾਰੀ ਅਧਿਕਾਰੀ ਜੋ 1984 ਤੋਂ 1998 ਤਕ ਲਗਾਤਾਰ ਤਸ਼ਦਦ ਤੇ ਕਤਲੇ ਆਮ ਕਰਦੇ ਰਹੇ ਸਜ਼ਾਵਾਂ ਤੋਂ ਬਚ ਕੇ ਨਿਕਲ ਗਏ।
ਅੱਤਵਾਦ ਅਤੇ ਵੱਖਵਾਦ ਦੇ ਬਹਾਨੇ, ਇਹ ਕਤਲੇ ਆਮ, ਜ਼ੋਰ ਜਬਰ ਤੇ ਦਮਨ ਦੀ ਨੀਤੀ ਲਗਾਤਾਰ 1984 ਤੋਂ ਸ਼ੁਰੂ ਹੋ ਕੇ 1998 ਤਕ ਚਾਲੂ ਰਹੀ ਜਿਸ ਦਾ ਸਿੱਟਾ 1998 ਤੱਕ ਪੇਂਡੂ ਪੰਜਾਬ ਦੇ ਕਤਲੇਆਮ ਖੇਤਰਾਂ ਵਿੱਚ ਸਿੱਖਾਂ ਦੇ ਸਮੂਹਕ ਕਤਲੇਆਮ ਨਾਲ ਹੋਇਆ। ਰਾਜ ਅਤੇ ਜੁੜੇ ਹੋਏ ਪ੍ਰਾਈਵੇਟ ਮੀਡੀਆ ਦੇ ਇਨ੍ਹਾਂ ਕਤਲਾਂ ਨੂੰ ਢਕਣ ਦੇ ਜੁਗਤੀ ਸਮਰਥਨ ਤੋਂ ਨਿਰਾਸ਼ ਹੋਏ ਜਸਵੰਤ ਸਿੰਘ ਖਾਲੜਾ ਨੇ ਇਸ ਕਤਲੋਗਾਰਤ ਦਾ ਇਤਿਹਾਸ ਲਿਖਣ ਲਈ ਘਰ ਘਰ ਅਤੇ ਸ਼ਮਸ਼ਾਨਘਾਟਾਂ ਵਿਚ ਜਾ ਜਾ ਕੇ ਇਨ੍ਹਾਂ ਕਤਲਾਂ ਨੂੰ ਹਾਜ਼ਰੀਨ ਦੇ ਬਿਆਨਾਂ ਸਹਿਤ ਰਿਕਾਰਡ ਕੀਤਾ।
ਹਰ ਸਿੱਖ ਪਰਿਵਾਰ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਮਹਾਨ ਕੁਰਬਾਨੀ ਨੂੰ ਪੜ੍ਹਨ ਅਤੇ ਯਾਦ ਰੱਖਣ ਦੀ ਲੋੜ ਹੈ, ਤਾਂ ਜੋ ਸਾਡੀ ਅਗਲੀ ਪੀੜ੍ਹੀ ਜ਼ੁਲਮ ਦੇ ਵਿਰੁੱਧ ਖੜ੍ਹੀ ਹੋਵੇ ਅਤੇ ਸਿੱਖ ਧਰਮ ਦੇ ਮਹਾਨ ਗੁਰੂਆਂ ਦੀ ਸਿਖਿਆ ਅਪਣਾ ਕੇ ਮਨੁੱਖਤਾ ਦੀ ਸਹੀ ਸੇਵਾ ਕਰਨ ਦੀ ਪ੍ਰੇਰਨਾ ਮਿਲੇ।ਉਸ ਦੇ ਜੀਵਨ ਬਾਰੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ, ਪਰ ਗੁਰਮੀਤ ਕੌਰ ਵਲੋਂ ਖਾਸ ਤੌਰ ਲਿਖੀ ਗਈ ਪੁਸਤਕ ਜੋ ਹਾਲ ਹੀ ਵਿੱਚ ਪ੍ਰਕਾਸ਼ਤ ਹੋਈ ਹੈ ਛੋਟੇ ਬੱਚਿਆਂ ਅਤੇ ਨੌਜਵਾਨਾਂ’ ਲਈ ਖਿਚ ਦਾ ਕੇਂਦਰ ਹੈ । ਖੂਬਸੂਰਤੀ ਨਾਲ ਦਰਸਾਈ ਗਈ ਇਹ ਪੁਸਤਕ ਗੁਰਮੁਖੀ ਅਤੇ ਅੰਗਰੇਜ਼ੀ ਵਿੱਚ ਵੱਖਰੇ ਤੌਰ ਤੇ ਪ੍ਰਕਾਸ਼ਤ ਕੀਤੀ ਗਈ ਹੈ, ਜਿਸ ਨੇ ਮਹਾਨ ਜਸਵੰਤ ਸਿੰਘ ਦੇ ਜੀਵਨ ਅਤੇ ਉਸਦੇ ਆਦਰਸ਼ਾਂ ਨੂੰ ਨੂੰ ਜੀਉਂਦਾ ਕਰ ਦਿੱਤਾ ਹੈ।