-ਅਵਤਾਰ ਸਿੰਘ
ਵਿਗਿਆਨੀ ਚਾਰਲਸ ਡਾਰਵਿਨ ਅਤੇ ਜੀਵ ਵਿਕਾਸ ਦਾ ਸਿਧਾਂਤ ਅੱਜ ਤੋਂ ਲੱਗਭਗ ਸਾਢੇ ਤਿੰਨ ਅਰਬ ਸਾਲ ਪਹਿਲਾਂ ਧਰਤੀ ਤੇ ਸਜੀਵ ਵਸਤੂਆਂ ਦਾ ਯੁੱਗ ਸ਼ੁਰੂ ਹੋਇਆ।ਕਰੋੜਾਂ ਸਾਲ ਸਮੁੰਦਰ ਵਿੱਚ ਬਿਨਾਂ ਰੀੜਧਾਰੀ ਜੀਵਾਂ ਦੇ ਵਿਕਾਸ ਹੁੰਦਾ ਰਿਹਾ। 50 ਕਰੋੜ ਸਾਲ ਪਹਿਲਾਂ ਰੀੜਧਾਰੀ ਜੀਵਾਂ ਦੇ ਰੂਪ ਵਿੱਚ ਮੱਛੀਆਂ ਹੋਂਦ ਵਿੱਚ ਆਈਆਂ ਤੇ ਫਿਰ ਕੁਝ ਸਾਲਾਂ ਬਾਅਦ ਜਲ ਤੇ ਥਲ ਦੋਹਾਂ ਥਾਵਾਂ ਤੇ ਰੀਂਗਣ ਵਾਲੇ ਜੀਵ ਹੋਂਦ ਵਿੱਚ ਆਏ। ਅੱਜ ਤੋਂ 15 ਕਰੋੜ ਸਾਲ ਪਹਿਲਾਂ ਰੀਂਗਣ ਵਾਲੇ ਜੀਵਾਂ ਨੇ ਪੰਛੀਆਂ ਨੂੰ ਜਨਮ ਦਿੱਤਾ। ਇਨ੍ਹਾਂ ਤੋਂ ਅੱਗੇ ਥਣਧਾਰੀ ਜੀਵਾਂ ਦਾ ਵਿਕਾਸ ਹੋਇਆ।
ਚਾਰਲਸ ਡਾਰਵਿਨ ਨੇ ਕਈ ਸਾਲਾਂ ਦੀ ਮਿਹਨਤ ਨਾਲ ‘ਜੀਵ ਸਿਧਾਂਤ’ ਨੂੰ ਲੋਕਾਂ ਸਾਹਮਣੇ ਰੱਖਿਆ ਅਤੇ ਇਹ ਸਾਬਤ ਕੀਤਾ ਕਿ ਮਨੁੱਖ ਅਤੇ ਬਾਂਦਰ ਵਰਗ ਦੇ ਸਾਰੇ ਜੀਵ ਇਕੋ ਪੂਰਵਜ਼ ਦੀ ਔਲਾਦ ਹਨ। ਇਸ ਸਿਧਾਂਤ ਦੀ ਅਨੇਕਾਂ ਵਿਗਿਆਨੀਆਂ ਨੇ ਪ੍ਰੋੜਤਾ ਕੀਤੀ।ਇਸ ਤੋਂ ਪਹਿਲਾਂ ਬਾਂਦਰ ਤੋਂ ਮਨੁੱਖ ਤਕ ਦੇ ਸਫਰ ਦੀ ਕਹਾਣੀ ਵਿਗਿਆਨੀ ਟਾਮਸ ਹੈਕਸਲੇ ਨੇ 1863 ਨੂੰ ਕਿਤਾਬੀ ਰੂਪ (Man & place in Nature) ਵਿੱਚ ਰੱਖੀ ਸੀ। 12 ਫਰਵਰੀ,1809 ਨੂੰ ਜੀਵ ਵਿਕਾਸ ਦਾ ਸਿਧਾਂਤ ਪੇਸ਼ ਕਰਨ ਵਾਲੇ ਵਿਗਿਆਨੀ ਚਾਰਲਸ ਡਾਰਵਿਨ ਦਾ ਜਨਮ ਹੋਇਆ।
ਮੌਜੂਦਾ ਸਮੇਂ ਵਿੱਚ ਡਾਰਵਿਨ ਦੀ ਵਿਆਖਿਆ ਨੂੰ ਠੀਕ ਮੰਨਿਆ ਗਿਆ ਹੈ।ਉਸਦੀ ਪਹਿਲੀ ਕਿਤਾਬ 1858 ਵਿੱਚ ਛਪੀ ‘ਜੀਵ ਉਤਪਤੀ’ ਜਿਸ ਵਿਚ ਸਿੱਧ ਕੀਤਾ ਕਿ ਜੀਵ ਵਿਕਾਸ ਕਰਮਵਾਰ ਵਰਤਾਰਾ ਹੈ ਜੋ ਸਧਾਰਨ ਜੀਵਾਂ ਤੋਂ ਜਟਿਲ ਜੀਵਾਂ ਵਲ ਚਲਦਾ ਹੈ ਅਤੇ ਇਹ ਇਕੋ ਤਰਫ ਵਰਤਾਰਾ ਹੈ। ਦੂਜੀ ਕਿਤਾਬ ‘ਮਨੁੱਖ ਦੀ ਉਤਪਤੀ’ 1871 ਵਿੱਚ ਆਈ ਜਿਸ ਵਿੱਚ ਬਾਂਦਰ ਤੋਂ ਮਨੁੱਖ ਤਕ ਦੇ ਸਫਰ ਦਾ ਵੇਰਵਾ ਹੈ ਭਾਵ ਅੱਜ ਦੇ ਮਨੁੱਖ ਦਾ ਰੂਪ ਕਰੋੜਾਂ ਸਾਲ ਵੱਖ ਵੱਖ ਪੜਾਵਾਂ ਵਿਚੋਂ ਲੰਘ ਕੇ ਹੋਂਦ ਵਿੱਚ ਆਇਆ ਹੈ।ਸੰਖੇਪ ਵਿੱਚ ਡਾਰਵਿਨ ਦੇ ਸਿਧਾਂਤ ਅਨੁਸਾਰ 4 ਤਬਦੀਲੀਆਂ ਵਾਪਰੀਆਂ : (1) ਪਿਛਲੀਆਂ ਲੱਤਾਂ ‘ਤੇ ਖੜੇ ਹੋਣ ਨਾਲ ਅਗਲੀਆਂ ਦੋਵੇਂ ਲੱਤਾਂ, ਬਾਹਾਂ ਦੇ ਰੂਪ ਵਿੱਚ ਵਿਰਲੀਆਂ ਹੋ ਗਈਆਂ। (2) ਹੱਥਾਂ ਤੋਂ ਕੰਮ ਲਿਆ ਜਾਣ ਲੱਗਾ, ਜਿਸ ਨਾਲ ਉਹ ਮਨੁੱਖ ਬਣਨ ਵੱਲ ਵਧਣਾ ਸ਼ੁਰੂ ਹੋਇਆ। (3) ਨਾਲ ਦੀ ਨਾਲ ਦਿਮਾਗ ਦੇ ਅਕਾਰ ਤੇ ਯੋਗਤਾ ਵਿੱਚ ਵਾਧਾ ਹੋਇਆ। (4) ਸ਼ਬਦ ਬੋਲਣ ਦੀ ਸਮਰੱਥਾ ਇਕ ਮਹੱਤਵਪੂਰਣ ਤਬਦੀਲੀ ਸੀ।
ਇਨ੍ਹਾਂ ਤਬਦੀਲੀਆਂ ਸਦਕਾ ਅੱਜ ਦੇ ਮਨੁੱਖ ਨੂੰ ਕੁਦਰਤ ਦੀ ਸਰਵੋਤਮ ਪੈਦਾਇਸ਼ ਦਾ ਮਾਣ ਪ੍ਰਾਪਤ ਹੈ। ਸੰਸਾਰ ਵਿੱਚ ਬਾਂਦਰ ਵਰਗ ਦੀਆਂ 193 ਜਾਤੀਆਂ ਹਨ ਤੇ ਸਿਰਫ ਮਨੁੱਖ ਦਾ ਦਿਮਾਗ ਸਭ ਤੋਂ ਵੱਡਾ ਹੈ, ਪਰ ਹੈ ਅਸਲੋਂ ਪੂਛ ਹੀਣ ਬਾਂਦਰ ਹੈ।ਸਹੀ ਅਰਥਾਂ ਵਿੱਚ ਮਨੁੱਖ ਦਾ ਵਿਕਾਸ ਡੇਢ ਕਰੋੜ ਸਾਲ ਪਹਿਲਾਂ ਉਦੋਂ ਹੋਇਆ ਜਦੋਂ ਝੁਕ ਕੇ ਦੋ ਲੱਤਾਂ ਤੇ ਤੁਰਨ ਲੱਗਾ,15 ਲੱਖ ਸਾਲ ਪਹਿਲਾਂ ਦੋ ਲੱਤਾਂ ਤੇ ਸਿੱਧਾ ਹੋ ਕੇ ਤੁਰਨਯੋਗ ਹੋ ਗਿਆ।
ਲੱਤਾਂ ‘ਤੇ ਖਲੋਣ ਕਾਰਣ ਹੱਥਾਂ ਤੋਂ ਕੰਮ ਲੈਣ ਲੱਗ ਪਿਆ।ਉਸਦਾ ਦਿਮਾਗ ਹੁਸ਼ਿਆਰ, ਬੁੱਧੀਮਾਨ ਤੇ ਛੇਤੀ ਫੈਸਲਾ ਲੈਣ ਵਾਲਾ ਬਣ ਗਿਆ ਅਤੇ ਸਰੀਰ ਤੋਂ ਵਾਲ ਗਾਇਬ ਹੋਣ ਲੱਗੇ।
ਆਧੁਨਿਕ ਮਨੁੱਖ ਦਾ ਇਤਹਾਸ ਚਾਲੀ ਹਜ਼ਾਰ ਸਾਲ ਪੁਰਾਣਾ ਹੈ। ਵਿਕਾਸ ਦਾ ਸਿਲਸਲਾ ਅਜੇ ਵੀ ਜਾਰੀ ਹੈ,ਸਾਡੇ ਜਬਾੜੇ ਦਾ ਅਕਾਰ ਘਟ ਰਿਹਾ ਹੈ ਜੇ ਇਸ ਤਰਾਂ ਰਿਹਾ ਤਾਂ 32 ਦੀ ਥਾਂ 28 ਦੰਦ ਰਹਿ ਜਾਣਗੇ। ਗਲ ਦੀ ਘੁੰਡੀ ਖਤਮ ਹੋ ਗਈ। ਪਿਛਲੇ ਤੀਹ ਹਜ਼ਾਰ ਸਾਲਾਂ ਵਿੱਚ ਅਨੇਕਾਂ ਤਬਦੀਲੀਆਂ ਵਾਪਰੀਆਂ ਹਨ। ਬਾਂਦਰਾਂ ਤੇ ਲੰਗੂਰਾਂ ਨਾਲੋਂ ਬਣਮਾਨਸ ਸਾਡੇ ਨੇੜੇ ਹੈ।ਇਸ ਸਮੇਂ ਧਰਤੀ ਤੇ ਚਾਰ ਨਸਲਾਂ ਗਿਬਨ, ਆਰੰਗਉਟਾਨ, ਗੁਰੀਲਾ ਤੇ ਚਿਮਪੈਨੀਜ਼ ਹਨ।ਸਾਡਾ ਸਭ ਤੋਂ ਨੇੜਲਾ ਸਬੰਧ ਚਿਮਪੈਨੀਜ਼ ਨਾਲ ਹੈ। ਇਨ੍ਹਾਂ ਦੋਹਾਂ ਦੇ ਡੀ ਐਨ ਏ ਵਿੱਚ 1:24 % ਦਾ ਫਰਕ ਹੈ। ਵਿਗਿਆਨੀ ਚਾਰਲਸ ਡਾਰਵਿਨ ਦਾ 19 ਅਪ੍ਰੈਲ 1882 ਨੂੰ ਦੇਹਾਂਤ ਹੋ ਗਿਆ।#