-ਅਵਤਾਰ ਸਿੰਘ
ਪਿਛਲੇ ਕੁਝ ਸਾਲਾਂ ਤੋਂ ਸਿਆਸੀ ਆਗੂ ਜੋੜ ਮੇਲਿਆਂ ਵਿਚ ਹੋਣ ਵਾਲਿਆਂ ਸਿਆਸੀ ਕਾਨਫਰੰਸਾਂ ਤੋਂ ਪਾਸਾ ਵਟ ਰਹੇ ਹਨ। ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਉਹ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਸਨ। ਇਸ ਦਾ ਚੁਫੇਰਿਓਂ ਵਿਰੋਧ ਹੋਣ ਤੋਂ ਬਾਅਦ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਐਤਕੀਂ ਹੋਲੇ ਮਹੱਲੇ ਮੌਕੇ ਵੀ ਸਾਰੀਆਂ ਪਾਰਟੀਆਂ ਨੇ ਸਿਆਸੀ ਕਾਨਫਰੰਸਾਂ ਨਾ ਕਰਨ ਦਾ ਫੈਸਲਾ ਕੀਤਾ ਹੈ।
ਖਾਲਸਾ ਪੰਥ ਦੇ ਤਿਉਹਾਰ ਹੋਲਾ ਮਹੱਲਾ ਦਾ ਪਹਿਲਾ ਪੜਾਅ ਸ਼ੁਕਰਵਾਰ ਨੂੰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਸ਼ੁਰੂ ਹੋ ਗਿਆ। ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਰਬਤ ਦੇ ਭਲੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਆਨੰਦਪੁਰ ਸਾਹਿਬ ਵਿਚ 5 ਪੁਰਾਤਨ ਨਗਾਰੇ ਵਜਾ ਕੇ 6 ਦਿਨਾਂ ਤੱਕ (5 ਤੋਂ 7 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 8 ਤੋਂ 10 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ) ਚੱਲਣ ਵਾਲਾ ਤਿਉਹਾਰ ਹੋਲਾ ਮਹੱਲਾ ਸ਼ੁਰੂ ਹੋਇਆ। ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਕੀਤੀ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਣੇ ਵੱਡੀ ਗਿਣਤੀ ’ਚ ਸੰਤਾਂ-ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ। ਕਿਲਾ ਆਨੰਦਗੜ੍ਹ ਸਾਹਿਬ ਵਿਚ ਕਰਵਾਏ ਸਮਾਗਮ ਵਿੱਚ ਢਾਡੀ ਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਿਆ।
ਰਿਪੋਰਟਾਂ ਮੁਤਾਬਿਕ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਸ਼ੁਰੂਆਤ ਕਰਨ ਦਾ ਮਹੱਤਵ ਵੀ ਦੱਸਿਆ। ਗਿਆਨੀ ਰਘਬੀਰ ਸਿੰਘ ਨੇ ਹੋਲਾ ਮਹੱਲਾ ਮੇਲੇ ਦੇ ਇਤਿਹਾਸ ਬਾਰੇ ਦੱਸਿਆ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਸਿੱਖ ਕੌਮ ਨੂੰ ਵੱਖਰੀ ਪਛਾਣ ਦੇਣ ਅਤੇ ਜਬਰ ਜ਼ੁਲਮ ਖ਼ਿਲਾਫ਼ ਲੜਨ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਸਿੰਘਾਂ ਨੂੰ ਜੰਗ ਦੀ ਕਲਾ ਵਿਚ ਨਿਪੁੰਨ ਕਰਨ ਲਈ ਘੋੜਸਵਾਰੀ, ਨੇਜ਼ੇਬਾਜ਼ੀ ਆਦਿ ਦੇ ਮੁਕਾਬਲੇ ਸ਼ੁਰੂ ਕਰਵਾਏ।
ਇਸ ਮੌਕੇ ਤਪ ਅਸਥਾਨ ਵੱਲੋਂ ਬਾਬਾ ਤੀਰਥ ਸਿੰਘ, ਕਿਲਾ ਆਨੰਦਗੜ੍ਹ ਸਾਹਿਬ ਵੱਲੋਂ ਬਾਬਾ ਸੁੱਚਾ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਜਰਨੈਲ ਸਿੰਘ ਆਦਿ ਨੇ ਹੋਲੇ ਮਹੱਲੇ ਦੇ ਸਮੁੱਚੇ ਸਮਾਗਮਾਂ ਦੀ ਨਿਰਵਿਘਨਤਾ ਲਈ ਜਿੱਥੇ ਅਰਦਾਸ ਕੀਤੀ ਉੱਥੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਦੇ ਸਿਰ ਦਸਤਾਰਾਂ ਵੀ ਸਜਾਈਆਂ ਤੇ ਪਲਾਸਟਿਕ ਰਹਿਤ ਹੋਲਾ ਮਹੱਲਾ ਮਨਾਉਣ ਦੀ ਵਚਨਬੱਧਤਾ ਦੁਹਰਾਈ ਗਈ।
ਇਸ ਵੇਲੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਆਪਣੇ ਘੋੜਿਆਂ ’ਤੇ ਸਵਾਰ ਹੋ ਕੇ ਖਾਲਸਾ ਪੰਥ ਦੇ ਜਨਮ ਸਥਾਨ ਪੁੱਜਣੇ ਸ਼ੁਰੂ ਹੋ ਚੁੱਕੇ ਹਨ। ਹੋਲੇ ਮਹੱਲੇ ਮੌਕੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਕਾਂਗਰਸ ਪਾਰਟੀ ਪਿਛਲੇ ਕਈ ਸਾਲਾਂ ਤੋਂ ਬੰਦ ਕਰ ਚੁੱਕੀ ਹੈ, ਪਰ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਵੀ ਕਾਨਫਰੰਸ ਨਹੀਂ ਕੀਤੀ ਜਾ ਰਹੀ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਰੋਨਾ ਵਾਇਰਸ ਨੂੰ ਮੁੱਖ ਕਾਰਨ ਦੱਸ ਕੇ ਅਕਾਲੀ ਦਲ ਦੀ ਨੌਂ ਮਾਰਚ ਦੀ ਹੋਣ ਵਾਲੀ ਸਿਆਸੀ ਕਾਨਫਰੰਸ ਨੂੰ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ। ਚੀਮਾ ਵੱਲੋਂ ਕੀਤੇ ਗਏ ਟਵੀਟ ਅਨੁਸਾਰ ਇਸ ਕਾਨਫਰੰਸ ਦੇ ਨਾਲ ਹੀ ਜ਼ਿਲ੍ਹਾ ਪੱਧਰ ’ਤੇ ਫ਼ਾਜ਼ਿਲਕਾ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿਚ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਜਦਕਿ ਸੱਤ ਮਾਰਚ ਨੂੰ ਮਾਨਸਾ ਵਿਚ ਕਾਨਫਰੰਸ ਕੀਤੀ ਜਾਵੇਗੀ।