ਹਰਜੀਤ ਹਰਮਨ ਨੂੰ ਜ਼ਿੰਦਗੀ ‘ਚ ਪਿਐ ਸਭ ਤੋਂ ਵੱਡਾ ਘਾਟਾ, ਯਾਦ ਕਰ ਅੱਜ ਵੀ ਹੋ ਜਾਂਦੇ ਹਨ ਭਾਵੁਕ

TeamGlobalPunjab
6 Min Read

ਪੰਜਾਬੀ ਇੰਡਸਟਰੀ ‘ਚ ਬਹੁਤ ਘੱਟ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਕਿਸੇ ਇੱਕ ਖਾਸ ਗੀਤ ਰਾਹੀਂ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਦੇ ਗੀਤ ‘ਮਿੱਤਰਾਂ ਦਾ ਨਾਅ ਚੱਲਦਾ’ ਤੋਂ ਬਾਅਦ ਹਰ ਇੱਕ ਪੰਜਾਬੀ ਆਪਣਾ ਨਾਮ ਚਲਾਉਣਾ ਚਾਹੁੰਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹਰਜੀਤ ਹਰਮਨ ਜੀ ਦੀ। ਸਾਡੇ ਖਾਸ ਪ੍ਰੋਗਰਾਮ ‘ਕੈਫੇ ਪੰਜਾਬੀ” ਦੌਰਾਨ ਕੀ ਕਿਹਾ ਉਨ੍ਹਾਂ ਨੇ ਆਪਣੀ ਅਸਲ ਜ਼ਿੰਦਗੀ ਬਾਰੇ, ਆਓ ਤੁਹਾਨੂੰ ਦੱਸਦੇ ਹਾਂ।

“ਮਿੱਤਰਾਂ ਦਾ ਨਾਅ ਚੱਲਦਾ” ਗੀਤ ਤੋਂ ਬਾਅਦ ਤੁਹਾਡੀ ਜ਼ਿੰਦਗੀ ‘ਚ ਕੀ ਬਦਲਾਅ ਆਇਆ?

“ਮਿੱਤਰਾਂ ਦਾ ਨਾਅ ਚੱਲਦਾ” ਗੀਤ ਮੇਰੀ ਜ਼ਿੰਦਗੀ ਦੇ ਸਫਰ ਦਾ ਇੱਕ ਅਜਿਹਾ ਪਹਿਲਾ ਗੀਤ ਸੀ, ਜਿਸ ਤੋਂ ਬਾਅਦ ਮੈਨੂੰ ਦੁਨੀਆ-ਭਰ ‘ਚ ਇੱਕ ਵੱਖਰੀ ਪਹਿਚਾਣ ਮਿਲੀ। ਜਦੋਂ ਮੇਰਾ ਇਹ ਗੀਤ ਹਿੱਟ ਹੋਇਆ ਤਾਂ ਉਸ ਤੋਂ ਬਾਅਦ ਹੀ ਮੈਨੂੰ ਬਾਹਰਲੇ ਦੇਸ਼ਾਂ ਤੋਂ ਪਰਮੋਟਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਮੇਰੇ ਮਨ ‘ਚ ਬੜਾ ਚਾਅ ਸੀ ਬਾਹਰ ਜਾਣ ਦਾ। ਇਸ ਗੀਤ ਤੋਂ ਬਾਅਦ ਮੈਨੂੰ ਅਮਰੀਕਾ, ਕੈਨੇਡਾ ਤੇ ਕਈ ਹੋਰ ਦੇਸ਼ਾਂ ਤੋਂ ਪ੍ਰੋਗਰਾਮਾਂ ਲਈ ਫੋਨ ਆਉਣੇ ਸ਼ੁਰੂ ਹੋ ਗਏ।

ਸਵ. ਪ੍ਰਗਟ ਜੀ ਦੇ ਜਾਣ ਤੋਂ ਬਾਅਦ ਕਿਹੜੀ ਕਮੀ ਹੈ ਜੋ ਤੁਹਾਨੂੰ ਹੁਣ ਵੀ ਮਹਿਸੂਸ ਹੁੰਦੀ ਹੈ?

- Advertisement -

ਪ੍ਰਗਟ ਸਿੰਘ ਮੇਰੇ ਲਈ ਇੱਕ ਗੀਤਕਾਰ ਨਹੀਂ ਮੇਰੇ ਵੱਡੇ ਭਰਾ ਸਨ। ਉਨ੍ਹਾਂ ਦੀ ਮੇਰੇ ਨਾਲ ਮੁਲਾਕਾਤ 1966 ‘ਚ ਹੋਈ ਸੀ। ਪ੍ਰਗਟ ਸਿੰਘ ਹੀ ਮੈਨੂੰ ਗਾਇਕੀ ਦੀ ਲਾਇਨ ‘ਚ ਲੈ ਕੇ ਆਏ ਸਨ। ਜਦੋਂ ਮੈਂ ਮਸਤੂਆਣਾ ਡਿਗਰੀ ਕਾਲਜ ‘ਚ ਪੜ੍ਹਦਾ ਸੀ ਤਾਂ ਉਸ ਸਮੇਂ ਪ੍ਰਗਟ ਸਿੰਘ ਜੀ ਪ੍ਰੈਸ ਰਿਪੋਰਟਰ ਹੋਣ ਦੇ ਨਾਲ ਗੀਤ ਵੀ ਲਿਖਦੇ ਸਨ। ਉਨ੍ਹਾਂ ਦੀ ਇੱਕ ਮਿਊਜ਼ੀਕਲ ਕੰਪਨੀ ਵੀ ਸੀ ਜਿੱਥੇ ਉਹ ਆਡੀਓ ਰਿਲੀਜ਼ ਕਰਦੇ ਸਨ। ਉਦੋਂ ਮੈਨੂੰ ਲੱਗਿਆ ਕਿ ਹੁਣ ਮੇਰੇ ਗਾਇਕੀ ਦੇ ਸੁਪਨੇ ਪੂਰੇ ਹੋਣਗੇ। ਅਸੀਂ ਇਕੱਠੇ 18-19 ਸਾਲ ਦਾ ਸਫਰ ਤੈਅ ਕੀਤਾ। ਉਨ੍ਹਾਂ ਦੇ ਪਿੰਡ ਲਿੱਦੜਾ ‘ਚ ਉਨ੍ਹਾਂ ਦੀ ਇੱਕ ਪੁਰਾਣੀ ਬੈਠਕ(ਕਮਰਾ) ‘ਚ ਅਸੀਂ ਇਕੱਠੇ ਬੈਠ ਕੇ ਗੀਤ ਲਿਖਦੇ ਸੀ। ਹੁਣ ਵੀ ਉਨ੍ਹਾਂ ਨਾਲ ਮੇਰੀਆਂ ਕਾਫੀ ਯਾਦਾਂ ਜੁੜੀਆਂ ਹੋਈਆਂ ਹਨ। ਮੇਰਾ ਮੰਨਣਾ ਹੈ ਕਿ ਗਾਇਕਾਂ, ਗੀਤਕਾਰਾਂ ਤੇ ਸੰਗੀਤਕਾਰਾਂ ਦਾ ਆਪਸ ‘ਚ ਇੱਕ ਪ੍ਰੋਫੈਸ਼ਨਲ ਜਿਹਾ ਰਿਸ਼ਤਾ ਹੁੰਦਾ।

ਤੁਹਾਡੇ ਗੀਤਾਂ ਦੀਆਂ ਜਿਹੜੀਆਂ ਕੰਪੋਜ਼ੀਸ਼ਨਾਂ ਹੁੰਦੀਆਂ ਨੇ ਉਨ੍ਹਾਂ ਦੀ ਸਫਲਤਾ ਪਿੱਛੇ ਕਿਸ ਦਾ ਹੱਥ ਹੁੰਦਾ ਹੈ?

ਸਾਡੇ ਹੁਣ ਤੱਕ ਜਿੰਨੇ ਵੀ ਗੀਤ ਆਏ ਹਨ ਉਨ੍ਹਾਂ ‘ਚ ਅਤੁਲ ਸ਼ਰਮਾਂ ਜੀ ਮਿਊਜੀਕਲ ਡਾਇਰੈਕਟਰ ਰਹੇ ਹਨ। ਕਿਉਂਕਿ ਅਤੁਲ ਜੀ ਇੱਕ ਵਧੀਆ ਮਿਊਜ਼ੀਕਲ ਡਾਇਰੈਕਟਰ ਤੇ ਭਾਸ਼ਾ ਦੇ ਚੰਗੇ ਜਾਣਕਾਰ ਸਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਵੱਲੋਂ ਜੋ ਗੀਤ ਮੈਨੂੰ ਗਾਉਣ ਲਈ ਕਿਹਾ ਗਿਆ ਉਹ ਸੁਪਰ-ਹਿੱਟ ਹੋਏ ਜਿਨ੍ਹਾਂ ‘ਚੋਂ “ਮਿੱਤਰਾਂ ਦਾ ਨਾਅ ਚੱਲਦਾ” ਇੱਕ ਸੀ। ਜਦਕਿ ਮੈਂ ਉਨ੍ਹਾਂ ਗੀਤਾਂ ਨੂੰ ਨਹੀਂ ਗਾਉਣਾ ਚਾਹੁੰਦਾ ਸੀ। ਸਾਡੀ ਇਸ ਟੀਮ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਜਿਸ ਕਾਰਨ ਸਾਡੇ ਬਹੁਤੇ ਗੀਤ ਹਿੱਟ ਹੋਏ।

ਪੰਜਾਬੀ ਇੰਡਸਟਰੀ ਦਾ ਕਿਹੜਾ ਇਨਸਾਨ ਹੈ ਜਿਸ ਨਾਲ ਤੁਸੀਂ ਆਪਣੇ ਦੁੱਖ-ਸੁੱਖ ਸਾਂਝੇ ਕਰਦੇ ਹੋ?

ਹੁਣ ਤੱਕ ਮੈਂ ਪ੍ਰਗਟ ਸਿੰਘ ਤੇ ਅਤੁਲ ਸ਼ਰਮਾਂ ਜੀ ਨਾਲ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ ਹੈ। ਇੱਥੋਂ ਤੱਕ ਕਿ ਅਸੀਂ ਬਾਹਰਲੇ ਦੇਸ਼ਾਂ ‘ਚ ਵੀ ਇਕੱਠੇ ਹੀ ਜਾਂਦੇ ਹੁੰਦੇ ਸੀ। ਸੋ ਮੈਂ ਆਪਣੇ ਦੁੱਖ-ਸੁੱਖ ਪ੍ਰਗਟ ਸਿੰਘ ਨਾਲ ਹੀ ਸਾਂਝੇ ਕਰਦਾ ਸੀ।

- Advertisement -

ਕੀ ਤੁਹਾਨੂੰ ਕਦੀ ਗੋਲੀਆਂ-ਬੰਦੂਕਾਂ ਵਾਲੇ ਗੀਤ ਕਰਨ ਦਾ ਆਫਰ ਆਇਆ ਹੈ?

ਇਸ ਤਰ੍ਹਾਂ ਦੇ ਗੀਤ ਸ਼ੁਰੂ ਤੋਂ ਹੀ ਚੱਲਦੇ ਆਏ ਹਨ। ਸਭ ਦੀ ਆਪੋ-ਆਪਣੀ ਸੋਚ ਹੁੰਦੀ ਹੈ ਕਿ ਤੁਹਾਨੂੰ ਕੀ ਚੰਗਾ ਲੱਗਦਾ ਹੈ। ਬਾਕੀ ਸਾਰੇ ਕਲਾਕਾਰ ਚੰਗਾ ਗਾਉਂਦੇ ਹਨ। ਜੋ ਗੀਤ ਆਪਣੀ ਅਸਲ ਜ਼ਿੰਦਗੀ ਦੇ ਨੇੜੇ ਜਾਂ ਫਿਰ ਹਕੀਕਤ ਦੇ ਨੇੜੇ ਹੋਣ ਮੈਨੂੰ ਉਸ ਤਰ੍ਹਾਂ ਦੇ ਗੀਤ ਗਾਉਣੇ ਚੰਗੇ ਲੱਗਦੇ ਹਨ।

ਕੋਈ ਇੱਕ ਗੀਤ ਜੋ ਤੁਹਾਡੇ ਦਿਲ ਦੇ ਸਭ ਤੋਂ ਨੇੜੇ ਹੋਵੇ?

“ਜਿਸ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਜੱਟ, ਤੋੜੀਏ ਨੂੰ ਪੈਂਦੇ ਜਦੋਂ ਪੀਲੇ-ਪੀਲੇ ਫੁੱਲ ਵੇ, ਉਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰਾ ਤਾਰੀ ਜਾਉਂ ਮੁੱਲ ਵੇ…

ਤੁਹਾਨੂੰ ਫਿਲਮਾਂ ਤੇ ਗੀਤਾਂ ‘ਚ ਕੀ ਫਰਕ ਲੱਗਦਾ?

ਮੈਂ ਪਿੱਛੇ ਜਿਹੇ ਆਪਣੀ ਇੱਕ ਫਿਲਮ ਕੀਤੀ ਹੈ ਤੇ ਉਸ ਤੋਂ ਪਹਿਲਾਂ ਵੀ ਬੱਬੂ ਮਾਨ ਜੀ ਦੀ ਇੱਕ ਫਿਲਮ ‘ਚ ਛੋਟਾ ਜਿਹਾ ਰੋਲ ਕੀਤਾ ਹੈ। ਮੈਂ ਅਸਲ ਗਾਇਕ ਹੀ ਬਣਨਾ ਕਿਉਂਕਿ ਮੈਂ ਗਾਇਕੀ ਦੀ ਲਾਇਨ ‘ਚ ਹੀ ਆਇਆ ਤੇ ਆਪਣੇ ਆਪ ਨੂੰ ਇੱਕ ਗਾਇਕ ਹੀ ਸਮਝਦਾ ਹਾਂ। ਪਰ ਪਾਰਟ ਟਾਇਮ ‘ਚ ਮੈਨੂੰ ਵੀ ਲੱਗਿਆ ਕਿ ਕਿਉਂ ਨਾ ਫਿਲਮ ਕੀਤੀ ਜਾਵੇ। ਪਰ ਫਿਲਮਾਂ ‘ਚ ਆਉਣਾ ਕੋਈ ਜ਼ਰੂਰੀ ਨਹੀਂ ਹੁੰਦਾ। ਮੈਂ ਦੱਸਣਾ ਚਾਹੁੰਦਾ ਕਿ ਮੇਰੀ ਇੱਕ ਫਿਲਮ ਆ ਰਹੀ ਹੈ “ਤੂੰ ਮੇਰਾ ਕੀ ਲੱਗਦਾ”।

ਆਪਣੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਅੱਜ ਕੱਲ ਸੋਸ਼ਲ ਮੀਡੀਆ ਦਾ ਸਮਾਂ ਹੈ। ਸ਼ਾਇਦ ਹੀ ਅਸੀਂ ਸੋਸ਼ਲ ਮੀਡੀਆ ‘ਤੇ ਇੰਨਾ ਸਮਾਂ ਐਕਟਿਵ ਰਹਿੰਦੇ ਹੋਈਏ ਜਿਨ੍ਹਾਂ ਐਕਟਿਵ ਸਾਡੇ ਸਰੋਤੇ ਰਹਿੰਦੇ ਹਨ। ਜਿਸ ਕਾਰਨ ਸਾਰੇ ਸਰੋਤੇ ਬਹੁਤ ਸਿਆਣੇ ਹਨ ਉਨ੍ਹਾਂ ਨੂੰ ਪਤਾ ਹੈ ਕਿ, ਕੀ ਚੰਗਾ ਹੈ ਤੇ ਕੀ ਬੁਰਾ ਹੈ। ਸੋ ਮੈਂ ਦੁਆ ਕਰਦਾ ਕਿ ਪ੍ਰਮਾਤਮਾ ਸਾਰੇ ਸਰੋਤਿਆਂ ਨੂੰ ਹਮੇਸਾ ਚੜ੍ਹਦੀਕਲ੍ਹਾ ‘ਚ ਰੱਖੇ।

Share this Article
Leave a comment