ਧਰਤੀ ਹੇਠਲੇ ਪਾਣੀ ਦੀ ਸਥਿਤੀ ਅਤੇ ਝੋਨੇ ਦੀਆਂ ਕਿਸਮਾਂ ਦਾ ਰੁਝਾਨ : ਕੀ ਅਸੀਂ ਆਪਣੇ ਭਵਿੱਖ ਪ੍ਰਤੀ ਸੰਵੇਦਨਸ਼ੀਲ ਹਾਂ!

TeamGlobalPunjab
17 Min Read

-ਬਲਦੇਵ ਸਿੰਘ ਢਿੱਲੋਂ

 

ਇਹ ਕਿਹੋ ਜਿਹੀ ਵਿਡੰਬਨਾ ਹੈ, ਕਿ ਪੰਜਾਬ ਦਾ ਜਿਹੜਾ ਖਿੱਤਾ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਅਤੇ ਤੇਜ਼ੀ ਨਾਲ ਹੇਠਾਂ ਜਾਣ ਕਰਕੇ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ, ਉਥੇ ਹੀ ਝੋਨੇ ਦੀਆਂ ਲੰਮੇ ਸਮੇਂ ਵਾਲੀਆਂ ਕਿਸਮਾਂ ਥੱਲੇ ਜ਼ਿਆਦਾ ਰਕਬਾ ਬੀਜਿਆ ਜਾਂਦਾ ਹੈ ਤੇ ਇਸ ਤੋਂ ਵੀ ਅੱਗੇ ਇਹਨਾਂ ਕਿਸਮਾਂ ਦੀ ਅਗੇਤੀ ਬਿਜਾਈ ਲਈ ਜ਼ੋਰ ਵੀ ਇਸੇ ਇਲਾਕੇ ਵਿੱਚ ਪਾਇਆ ਜਾਂਦਾ ਹੈ। ਇਸ ਖਿੱਤੇ ਵਿੱਚ ਫ਼ਸਲਾਂ ਦਾ ਝਾੜ ਅਤੇ ਆਮਦਨ ਰਾਜ ਦੇ ਦੂਸਰੇ ਖਿੱਤਿਆਂ, ਜਿਹਨਾਂ ਵਿੱਚ ਝੋਨੇ-ਕਣਕ ਹੇਠ ਇਸਦੇ ਬਰਾਬਰ ਹੀ (ਲਗਭਗ 90%) ਰਕਬਾ ਹੈ, ਨਾਲੋਂ ਕਾਫੀ ਜ਼ਿਆਦਾ ਹੋਣ ਦੇ ਬਾਵਜੂਦ ਵੀ ਇਹ ਵਾਪਰ ਰਿਹਾ ਹੈ।

ਅੱਜ ਪੰਜਾਬ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਦੇ ਲਗਾਤਾਰ ਥੱਲੇ ਜਾਣ ਕਰਕੇ ਖਤਰੇ ਵੱਲ ਵਧ ਰਿਹਾ ਹੈ। ਸੈਂਟਰਲ ਗਰਾਂਊਡ ਵਾਟਰ ਬੋਰਡ ਤੇ ਵਾਟਰ ਰਿਸੋਰਸਜ ਅਤੇ ਐਨਵਾਇਰਨਮੈਂਟ ਡਾਇਰੈਕਟੋਰੇਟ, ਪੰਜਾਬ ਦੀ ਇੱਕ ਰਿਪੋਰਟ ‘ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਸੋਮੇ -31 ਮਾਰਚ 2017’ ਦੇ ਪੰਨਾ ਨੰਬਰ 73 ਤੇ ਲਾਲ ਅੱਖਰਾਂ ਵਿੱਚ ਲਿਖਿਆ ਗਿਆ ਹੈ ਕਿ ਜੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਇਸੇ ਤਰਾਂ ਹੁੰਦੀ ਰਹੀ ਤਾਂ ਧਰਤੀ ਹੇਠਲੇ ਪਾਣੀ ਦਾ ਮੌਜੂਦਾ ਭੰਡਾਰ 20 ਤੋਂ 25 ਸਾਲਾਂ ਦੇ ਅੰਦਰ-ਅੰਦਰ ਹੀ ਖਤਮ ਹੋ ਜਾਵੇਗਾ। ਪਾਣੀ ਦੇ ਹੇਠਾਂ ਜਾਣ ਵਿੱਚ ਸਾਰੀਆਂ ਫ਼ਸਲਾਂ ਵਿੱਚੋਂ ਝੋਨੇ ਦਾ ਸਭ ਤੋਂ ਜ਼ਿਆਦਾ ਹੱਥ ਹੈ।
1950ਵਿਆਂ ਅਤੇ 1960ਵਿਆਂ ਦੌਰਾਨ ਦੇਸ਼ ਅਨਾਜ ਦੀ ਕਮੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਸੀ। 1960ਵਿਆਂ ਵਿੱਚ ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਅਤੇ ਇਹਨਾਂ ਦੀ ਉਤਪਾਦਨ ਤਕਨਾਲੋਜੀ ਦਾ ਵਿਕਾਸ ਹੋ ਚੁੱਕਾ ਸੀ। ਇਸੇ ਦੌਰਾਨ ਸਰਕਾਰ ਵਲੋਂ ਦੇਸ਼ ਦੀ ਅੰਨ ਸੁਰੱਖਿਆ ਲਈ ਫਸਲਾਂ ਦੀ ਐਮ. ਐਸ. ਪੀ. ਤੈਅ ਕਰਨ, ਇਹਨਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਅਤੇ ਇਸੇ ਤਰ੍ਹਾਂ ਦੀਆਂ ਹੋਰ ਮਹੱਤਵਪੂਰਨ ਨੀਤੀਆਂ ਬਣਾਈਆਂ ਗਈਆਂ। ਇਸ ਸਾਰੀਆਂ ਵਿਕਾਸ ਨੀਤੀਆਂ ਦੇ ਫਲਸਰੂਪ ਪੰਜਾਬ ਵਿੱਚ ਝੋਨੇ ਦੀ ਖੇਤੀ ਨੂੰ ਬਹੁਤ ਹੁਲਾਰਾ ਮਿਲਿਆ।
ਸਾਲ 1965-66 ਤੋਂ ਸਾਲ 2017-18 ਦੌਰਾਨ ਰਾਜ ਵਿੱਚ ਝੋਨੇ ਹੇਠ ਰਕਬਾ 10.5 ਗੁਣਾ ਵਧ ਗਿਆ (2.93 ਤੋਂ 30.65 ਲੱਖ ਹੈਕਟੇਅਰ) ਅਤੇ ਇਸਦਾ ਉਤਪਾਦਨ 45.5 ਗੁਣਾ ਵਧ ਗਿਆ (4.39 ਤੋਂ ਵਧ ਕੇ 199.72 ਲੱਖ ਟਨ)। ਝੋਨੇ ਅਤੇ ਹੋਰ ਫਸਲਾਂ ਲਈ ਪਾਣੀ ਦੇ ਪ੍ਰਬੰਧ ਲਈ ਬਹੁਤ ਵੱਡੀ ਗਿਣਤੀ ਵਿੱਚ ਟਿਊਬਵੈਲ ਲਗਾਏ ਗਏ ਜਿਹਨਾਂ ਦੀ ਗਿਣਤੀ ਇਸ ਸਮੇਂ ਦੌਰਾਨ ਹੀ 26 ਹਜ਼ਾਰ ਤੋਂ ਵਧ ਕੇ 14.76 ਲੱਖ ਹੋ ਗਈ। ਨਾਲ ਹੀ ਖੇਤੀ ਘਣਤਾ 129% ਤੋਂ ਵਧ ਕੇ 204% ਹੋ ਗਈ। ਇਸ ਵਿਕਾਸ ਦੇ ਸਦਕੇ ਪੰਜਾਬ ਦੇਸ਼ ਦਾ ‘ਅੰਨਦਾਤਾ’ ਬਣ ਗਿਆ ਜਿਸ ਕਰਕੇ ਨਾ ਸਿਰਫ ਦੇਸ਼ ਦੀ ਭੋਜਨ ਸੁਰੱਖਿਆ ਦਾ ਮਸਲਾ ਸੁਲਝ ਗਿਆ ਬਲਕਿ ਦੇਸ਼ ਹੋਰਨਾਂ ਮੁਲਕਾਂ ਨੂੰ ਅੰਨ ਨਿਰਯਾਤ ਕਰਨ ਲੱਗ ਪਿਆ। ਇਸ ਸਭ ਕੁੱਝ ਲਈ ਪੰਜਾਬ ਦੇ ਕੁਦਰਤੀ ਸੋਮੇ ਦਾਅ ਤੇ ਲੱਗ ਗਏ ਜਿਸ ਵਿੱਚ ਸਭ ਤੋਂ ਗੰਭੀਰ ਮਸਲਾ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਲਗਾਤਾਰ ਤੇਜ਼ੀ ਨਾਲ ਥੱਲੇ ਜਾਣ ਦਾ ਹੈ।

ਇਸ ਸਥਿਤੀ ਨਾਲ ਨਿੱਬੜਣ ਲਈ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਖੋਜ ਦੇ ਨਾਲ-ਨਾਲ ਕੰਪਿਊਟਰ ਵਾਲਾ ਕਰਾਹਾ, ਝੋਨੇ ਦੀ ਖੇਲ਼ੀਆਂ/ਵੱਟਾਂ ਤੇ ਬਿਜਾਈ, ਝੋਨੇ ਦੀ ਸਿੱਧੀ ਬਿਜਾਈ, ਤੁਪਕਾ ਸਿੰਚਾਈ, ਆਦਿ ਵਰਗੀਆਂ ਤਕਨੀਕਾਂ ਵੀ ਵਿਕਸਿਤ ਕੀਤੀਆਂ ਗਈਆਂ। ਰਾਜ ਸਰਕਾਰ ਵੱਲੋਂ ਝੋਨੇ ਦੀ ਲਵਾਈ ਇਕ ਖਾਸ ਮਿਤੀ ਤੋਂ ਬਾਅਦ ਹੀ ਕਰਨ ਨੂੰ ਯਕੀਨੀ ਬਣਾਉਣ ਲਈ ਸਾਲ 2008/9 ਵਿੱਚ ਇੱਕ ਆਰਡੀਨੈਂਸ/ ਐਕਟ ਵੀ ਪਾਸ ਕੀਤਾ ਗਿਆ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਪਾਣੀ ਦੀ ਬੱਚਤ ਕਰਨ ਲਈ ਮੁਹਿੰਮਾਂ ਵੀ ਚਲਾਈਆਂ ਗਈਆਂ ਜਿਹਨਾਂ ਨਾਲ ਪਾਣੀ ਦੀ ਹੇਠਾਂ ਜਾਣ ਦੀ ਰਫ਼ਤਾਰ ਤਾਂ ਘਟੀ ਹੈ, ਪਰ ਪੂਰੀ ਤਰਾਂ ਰੋਕ ਨਹੀਂ ਲੱਗ ਸਕੀ। ਇਸ ਲਈ ਲੋਕਾਂ ਨੂੰ ਇਸ ਬਾਰੇ ਹੋਰ ਜਾਗਰੂਕ ਕਰਨ ਦੀ ਹਾਲੇ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਫ਼ਸਲੀ-ਚੱਕਰਾਂ ਤੋਂ ਪ੍ਰਾਪਤ ਆਮਦਨ ਦਾ ਤੁਲਨਾਤਮਿਕ ਅਧਿਐਨ ਕਰਨ ਲਈ ਪੰਜਾਬ ਦੇ ਦੋ ਖਿੱਤੇ, ਜਿਹਨਾਂ ਦਾ ਫ਼ਸਲੀ ਚੱਕਰ ਇੱਕੋ ਜਿਹਾ ਹੋਵੇ ਪਰ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਮਾਮਲੇ ਵਿੱਚ ਬਿਲਕੁਲ ਇਕ ਦੂਜੇ ਦੇ ਉਲਟ ਹੋਣ, ਨੂੰ ਚੁਣਿਆ ਗਿਆ।
ਪੀ. ਏ. ਯੂ. ਦੇ ਸਾਇਲ ਐਂਡ ਵਾਟਰ ਇੰਜਨੀਅਰਿੰਗ ਵਿਭਾਗ ਅਨੁਸਾਰ, ਸਾਲ 2018 ਦੌਰਾਨ ਸੰਗਰੂਰ ਅਤੇ ਇਸਦੇ ਲਾਗਲੇ ਜ਼ਿਲ੍ਹੇ ਬਰਨਾਲਾ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਸਭ ਤੋਂ ਹੇਠਾਂ ਦੇਖਿਆ ਗਿਆ ਜੋ ਕਿ ਕ੍ਰਮਵਾਰ 32.4 ਮੀਟਰ ਅਤੇ 29.7 ਮੀਟਰ ਸੀ। ਪਿਛਲੇ 20 ਸਾਲਾਂ (1998 ਤੋਂ 2018) ਦੌਰਾਨ ਧਰਤੀ ਹੇਠਲੇ ਪਾਣੀ ਦੇ ਥੱਲੇ ਜਾਣ ਦੀ ਸਲਾਨਾ ਦਰ ਦੇ ਮਾਮਲੇ ਵਿੱਚ ਇਹ ਦੋਵੇਂ ਜ਼ਿਲ੍ਹੇ ਸਿਖਰ ਤੇ ਸਨ। ਇਹਨਾਂ ਜ਼ਿਲ੍ਹਿਆਂ ਵਿੱਚ ਸਾਉਣੀ ਦੀ ਮੁੱਖ ਫਸਲ ਝੋਨਾ ਹੈ ਜਿਹੜੀ ਕਿ ਸਾਉਣੀ ਦੇ ਕੁੱਲ ਰਕਬੇ ਦਾ 90% ਹਿੱਸਾ ਘੇਰਦੀ ਹੈ। ਧਰਤੀ ਹੇਠਲੇ ਪਾਣੀ ਦੇ ਡੂੰਘੇ ਪੱਧਰ ਅਤੇ ਇਸਦੇ ਸਲਾਨਾ ਥੱਲੇ ਜਾਣ ਦੀ ਦਰ ਨੂੰ ਮੱਦੇ-ਨਜ਼ਰ ਰੱਖਦਿਆਂ ਇਹਨਾਂ ਦੋਹਾਂ ਜ਼ਿਲ੍ਹਿਆਂ ਚੁਣਿਆ ਗਿਆ ਅਤੇ ਇਸਨੂੰ ਖਿੱਤਾ-1 ਦਾ ਨਾਂ ਦਿੱਤਾ ਗਿਆ ਹੈ। ਤੁਲਨਾਤਮਕ ਵਿਸ਼ਲੇਸ਼ਣ ਲਈ ਇੱਕੋ ਜਿਹੀ ਸਥਿਤੀ ਵਾਲੇ ਦੋ ਹੋਰ ਜ਼ਿਲ੍ਹੇ ਅੰਮ੍ਰਿਤਸਰ ਅਤੇ ਤਰਨਤਾਰਨ ਲਏ ਗਏ ਹਨ ਜਿੱਥੇ ਝੋਨੇ ਹੇਠ ਏਰੀਆ ਵੀ 92% ਦੇ ਕਰੀਬ ਹੈ ਤੇ ਇਸ ਨੂੰ ਖਿੱਤਾ-2 ਮੰਨਿਆ ਗਿਆ ਹੈ।

ਇੱਥੇ ਇਹ ਵੀ ਦੱਸਣਯੋਗ ਹੈ, ਕਿ ਦਸ ਜਿਲ੍ਹਿਆਂ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਅੰਮ੍ਰਿਤਸਰ/ ਤਰਨਤਾਰਨ ਤੋਂ ਉਚਾ (4.0-18.1 ਮੀਟਰ) ਹੈ। ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ (ਸਮੇਤ ਪਠਾਨਕੋਟ), ਫਿਰੋਜ਼ਪੁਰ (ਸਮੇਤ ਫਾਜ਼ਿਲਕਾ), ਫਰੀਦਕੋਟ, ਰੂਪਨਗਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ 4.0 ਤੋਂ 14.8 ਮੀਟਰ ਦਰਮਿਆਨ ਹੈ ਜਿਹੜਾ ਕਿ ਅੰਮ੍ਰਿਤਸਰ (15 ਮੀਟਰ) ਨਾਲੋਂ ਉਚਾ ਹੈ। ਇਹਨਾਂ ਵਿੱਚੋਂ ਰੂਪਨਗਰ ਵਿੱਚ ਪਾਣੀ ਦੇ ਹੇਠਾਂ ਜਾਣ ਦੀ ਦਰ ਅੰਮ੍ਰਿਤਸਰ ਦੇ ਬਰਾਬਰ ਹੈ ਜਦਕਿ ਬਾਕੀਆਂ ਦੀ ਘੱਟ ਹੈ। ਇਸਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ, ਮਾਨਸਾ, ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ 16.1 ਤੋਂ 18.1 ਮੀਟਰ ਦਰਮਿਆਨ ਹੈ ਜੋ ਕਿ ਤਰਨ ਤਾਰਨ (18.3 ਮੀਟਰ) ਨਾਲੋਂ ਉਚਾ ਹੈ। ਤਰਨ ਤਾਰਨ ਨਾਲੋਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਾਣੀ ਦੇ ਹੇਠਾਂ ਜਾਣ ਦੀ ਦਰ ਘੱਟ ਹੈ ਅਤੇ ਮਾਨਸਾ ਦੀ ਬਰਾਬਰ ਹੈ।

ਸ੍ਰੀ ਮੁਕਤਸਰ ਸਾਹਿਬ ਦਾ ਵੱਡਾ ਖੇਤਰ ਅਤੇ ਇਸਦੇ ਲਾਗਲੇ ਜ਼ਿਲ੍ਹਿਆਂ ਫਰੀਦਕੋਟ ਅਤੇ ਫ਼ਿਰੋਜ਼ਪੁਰ (ਫ਼ਾਜ਼ਿਲਕਾ ਵਾਲਾ ਹਿੱਸਾ) ਵਿੱਚ ਵੀ ਕੁੱਝ ਥਾਵਾਂ ਪਾਣੀ ਦੀ ਸੇਮ ਦੀ ਮਾਰ ਹੇਠ ਹਨ। ਇਹਨਾਂ ਤਿੰਨ ਜ਼ਿਲ੍ਹਿਆਂ ਦੇ ਨਾਲ-ਨਾਲ ਬਠਿੰਡਾ ਅਤੇ ਮਾਨਸਾ ਵਿੱਚ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਖੇਤੀ ਲਈ ਜ਼ਿਆਦਾ ਵਰਤਿਆ ਨਹੀਂ ਜਾਂਦਾ। ਹੁਸ਼ਿਅਰਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਹਾਲੀ ਅਤੇ ਗੁਰਦਾਸਪੁਰ (ਪਠਾਨਕੋਟ ਵਾਲਾ ਹਿੱਸਾ) ਦਾ ਕਾਫੀ ਰਕਬਾ ਕੰਢੀ ਖੇਤਰ ਦੀ ਜ਼ਦ ਵਿੱਚ ਆਂਉਦਾ ਹੈ। ਇਸਤੋਂ ਇਲਾਵਾ ਰਾਵੀ ਦਰਿਆ ਦੇ ਨਾਲ-ਨਾਲ ਸਾਲ ਭਰ ਵਗਣ ਵਾਲੇ ਮੌਸਮੀ ਨਾਲ਼ੇ ਗੁਰਦਾਸਪੁਰ (ਪਠਾਨਕੋਟ ਸਮੇਤ) ਵਿੱਚ ਦੀ ਲੰਘਦੇ ਹਨ। ਫਿਰ, ਬਿਆਸ ਦਰਿਆ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚੋਂ ਦੀ ਅਤੇ ਸਤਲੁਜ ਦਰਿਆ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਫ਼ਿਰੋਜਪੁਰ (ਫ਼ਾਜ਼ਿਲਕਾ ਵਾਲਾ ਹਿੱਸਾ) ਵਿੱਚੋਂ ਦੀ ਲੰਘਦਾ ਹੈ। ਇਹਨਾਂ ਵਿੱਚੋਂ ਬਹੁਤਿਆਂ ਵਿੱਚ ਝੋਨੇ ਹੇਠ ਰਕਬਾ ਵੀ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਨਾਲੋਂ ਘੱਟ ਹੈ।

ਉਪਰੋਕਤ ਕਾਰਨਾਂ ਕਰਕੇ ਇਹਨਾਂ ਦਸ ਜ਼ਿਲ੍ਹਿਆਂ ਦਾ ਸੰਗਰੂਰ ਅਤੇ ਬਰਨਾਲਾ ਨਾਲ ਤੁਲਨਾਤਮਕ ਵਿਸ਼ਲੇਸ਼ਣ ਨਹੀਂ ਕੀਤਾ ਗਿਆ। ਅੰਮ੍ਰਿਤਸਰ ਅਤੇ ਤਰਨਤਾਰਨ ਨੂੰ ਖਿੱਤਾ-2 ਵਜੋਂ ਇਸ ਲਈ ਚੁਣਿਆ ਗਿਆ ਹੈ ਤਾਂ ਕਿ ਜਿਥੋਂ ਤੱਕ ਸੰਭਵ ਹੋ ਸਕੇ ਇਹ ਖਿੱਤਾ-1 ਨਾਲੋਂ ਧਰਤੀ ਹੇਠਲੇ ਪਾਣੀ ਦੇ ਦ੍ਰਿਸ਼ ਵਜੋਂ ਬਿਲਕੁੱਲ ਉਲਟ ਹੋਵੇ ਪ੍ਰੰਤੂ ਫ਼ਸਲੀ ਚੱਕਰ ਅਤੇ ਖੇਤੀ ਪ੍ਰਸਥਿਤੀਆਂ ਦੇ ਲਿਹਾਜ਼ ਤੋਂ ਬਿਲਕੁਲ ਸਮਾਨ ਹੋਵੇ (ਸਾਰਣੀ-1)। ਗੌਰ ਕਰਨ ਵਾਲੀ ਗੱਲ ਹੈ ਕਿ ਦੋਨ੍ਹਾਂ ਖਿੱਤਿਆਂ ਵਿੱਚ ਝੋਨੇ ਹੇਠ ਰਕਬਾ ਬਰਾਬਰ ਹੋਣ ਦੇ ਬਾਵਜੂਦ ਧਰਤੀ ਹੇਠਲੇ ਪਾਣੀ ਦੇ ਹੇਠਾਂ ਜਾਣ ਦੀ ਸਲਾਨਾ ਦਰ (1998 ਤੋਂ 2018 ਤੱਕ) ਖਿੱਤਾ-1 ਦੇ ਮੁਕਾਬਲੇ (103-107 ਸੈ.ਮੀ./ਸਾਲ) ਖਿੱਤਾ-2 ਦੀ ਅੱਧੀ (43-57 ਸੈ.ਮੀ./ਸਾਲ) ਹੀ ਹੈ।

ਸਾਰਣੀ 1: ਧਰਤੀ ਹੇਠਲੇ ਪਾਣੀ ਦਾ ਪੱਧਰ ਅਤੇ ਇਸਦੇ ਹੇਠਾਂ ਜਾਣ ਦੀ ਔਸਤਨ ਦਰ
ਵਿਵਰਣ ਖਿੱਤਾ-1 ਖਿੱਤਾ-2
ਸੰਗਰੂਰ ਬਰਨਾਲਾ ਅੰਮ੍ਰਿਤਸਰ ਤਰਨਤਾਰਨ
ਧਰਤੀ ਹੇਠਲੇ ਪਾਣੀ ਦਾ ਡੂੰਘਾਈ (ਮੀਟਰ) (2018) 32.4 29.7 15 ੧੮.੩
ਪਾਣੀ ਦੇ ਹੇਠਾਂ ਜਾਣ ਦੀ ਔਸਤਨ ਦਰ (ਸੈ.ਮੀ./ਸਾਲ) (1998-2018) 107 103 43 ੫੭
ਸਰੋਤ: ਸਾਇਲ ਐਂਡ ਵਾਟਰ ਇੰਜਨੀਅਰਿੰਗ ਵਿਭਾਗ, ਪੀ. ਏ. ਯੂ., ਲੁਧਿਆਣਾ।

ਇਹਨਾਂ ਦੋਨ੍ਹਾਂ ਖਿੱਤਿਆਂ ਵਿੱਚ ਝੋਨਾ ਅਤੇ ਕਣਕ, ਸਾਉਣੀ ਅਤੇ ਹਾੜ੍ਹੀ ਦੀਆਂ ਮੁੱਖ ਫਸਲਾਂ ਹਨ, ਜਿਹਨਾਂ ਹੇਠ ਖੇਤੀ ਦਾ ਕਰੀਬ 90% ਰਕਬਾ ਹੈ। ਸਾਉਣੀ ਸੀਜ਼ਨ ਵਿੱਚ ਬਾਸਮਤੀ ਦੀ ਕਾਸ਼ਤ ਖਿੱਤਾ-1 ਵਿੱਚ ਲਗਭਗ 8% ਰਕਬੇ ਵਿੱਚ ਅਤੇ ਖਿੱਤਾ-2 ਵਿੱਚ ਲਗਭਗ 61% ਰਕਬੇ ਵਿੱਚ ਕੀਤੀ ਜਾਂਦੀ ਹੈ (ਸਾਰਣੀ 2À)। ਪੀ. ਏ. ਯੂ. ਦੁਆਰਾ ਕੀਤੇ ਸਰਵੇਖਣ ਅਨੁਸਾਰ ਕਣਕ ਅਤੇ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਹੇਠਾਂ ਦੋਨਾਂ ਖਿੱਤਿਆਂ ਵਿੱਚ ਇੱਕੋ ਜਿਹਾ ਰਕਬਾ ਹੈ ਪਰ ਪਰਮਲ ਵਿੱਚ ਸਥਿਤੀ ਬਿਲਕੁਲ ਉਲਟ ਹੈ। ਖਿੱਤਾ-1 ਵਿੱਚ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ (ਪੂਸਾ 44, ਪੀਲੀ ਪੂਸਾ) ਹੇਠ 58% ਰਕਬਾ ਹੈ ਅਤੇ ਘੱਟੇ ਸਮੇਂ ਵਾਲੀਆਂ ਕਿਸਮਾਂ (ਪੀ. ਆਰ. 121, ਪੀ. ਆਰ. 126 ਅਤੇ ਪੀ. ਆਰ. 124) ਹੇਠ ਸਿਰਫ਼ 19% ਰਕਬਾ ਹੈ। ਇਸ ਦੇ ਉਲਟ, ਖਿੱਤਾ-2 ਵਿੱਚ ਲਗਭਗ 69% ਰਕਬਾ ਪਰਮਲ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਤੇ ਨਾ-ਮਾਤਰ ਰਕਬਾ (0.4%) ਪੂਸਾ 44 ਹੇਠ ਹੈ (ਸਾਰਣੀ 2ਅ)।
ਸਾਰਣੀ 2À: ਸਾਉਣੀ ਅਤੇ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਹੇਠਾਂ ਰਕਬਾ (ਤਿੰਨ ਸਾਲਾਂ 2015-16 ਤੋਂ 2017-18 ਦੀ ਔਸਤ ਦੇ ਅਧਾਰ ਤੇ)
ਸੀਜ਼ਨ ਫ਼ਸਲ ਰਕਬਾ* (%) ਟਿੱਪਣੀ
ਖਿੱਤਾ-1 ਖਿੱਤਾ-2
ਸਾਉਣੀ ਕੁੱਲ ਝੋਨਾ 89.6 92.0 *ਸਾਉਣੀ ਦੀਆਂ ਫ਼ਸਲਾਂ ਹੇਠ ਕੁੱਲ ਰਕਬੇ ਦਾ ਪ੍ਰਤੀਸ਼ਤ
ਪਰਮਲ 82.0 31.3
ਬਾਸਮਤੀ 7.6 60.7
ਨਰਮਾ/ਕਪਾਹ 2.7 0
ਹਾੜ੍ਹੀ ਕਣਕ 92.4 86.2 *ਹਾੜ੍ਹੀ ਦੀਆਂ ਫ਼ਸਲਾਂ ਹੇਠ ਕੁੱਲ ਰਕਬੇ ਦਾ ਪ੍ਰਤੀਸ਼ਤ
ਸਰੋਤ: ਪੰਜਾਬ ਦਾ ਅੰਕੜਾ-ਸਾਰ
ਸਾਰਣੀ 2ਅ: ਪਰਮਲ ਝੋਨੇ ਦੀਆਂ ਕਿਸਮਾਂ ਹੇਠਾਂ ਰਕਬਾ (ਤਿੰਨ ਸਾਲਾਂ 2016-17 ਤੋਂ 2018-19 ਦੀ ਔਸਤ ਦੇ ਅਧਾਰ ਤੇ)
ਕਿਸਮ ਪਰਮਲ ਝੋਨੇ ਹੇਠ ਕੁੱਲ ਰਕਬੇ ਦਾ ਪ੍ਰਤੀਸ਼ਤ
ਖਿੱਤਾ-1 ਖਿੱਤਾ-2
ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 121, ਪੀ ਆਰ 126
ਅਤੇ ਪੀ ਆਰ 124) 19.0 69.1
ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ (ਪੂਸਾ 44 ਅਤੇ ਪੀਲੀ ਪੂਸਾ) 57.9 0.4
ਹੋਰ ਕਿਸਮਾਂ 23.1 30.5
ਸਰੋਤ: ਇਕੋਨੋਮਿਕਸ ਅਤੇ ਸੋਸ਼ਿਆਲੋਜੀ ਵਿਭਾਗ, ਪੀ. ਏ. ਯੂ., ਲੁਧਿਆਣਾ।
ਪੂਸਾ 44 ਕਿਸਮ ਬੀਜਣ ਪੱਕਣ ਤੱਕ ਤਕਰੀਬਨ 160 ਦਿਨ ਲੈਂਦੀ ਹੈ, ਤੇ ਪੀਲੀ ਪੂਸਾ ਨੂੰ ਇਸ ਤੋਂ ਵੀ ਇੱਕ ਹਫਤਾ ਜ਼ਿਆਦਾ ਲੈਂਦੀ ਹੈ। ਦੂਜੇ ਪਾਸੇ ਘੱਟ ਸਮਾਂ ਲੈਣ ਵਾਲੀਆਂ ਪ੍ਰਚਲਿਤ ਕਿਸਮਾਂ ਪੀ. ਆਰ. 121 ਅਤੇ ਪੀ. ਆਰ. 126 ਬੀਜਣ ਤੋਂ ਕ੍ਰਮਵਾਰ 140 ਅਤੇ 123 ਦਿਨਾਂ ਵਿੱਚ ਪੱਕਦੀਆਂ ਹਨ। ਪੀ. ਆਰ. 124 ਪੱਕਣ ਨੂੰ 135 ਦਿਨ ਲੈਂਦੀ ਹੈ। ਇਹਨਾਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਪੂਸਾ-44 ਦੇ ਮੁਕਾਬਲੇ 15 ਤੋਂ 25% ਘੱਟ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਹਨਾਂ ਉਪਰ ਸਪਰੇਆਂ ਅਤੇ ਲੇਬਰ ਦਾ ਖਰਚਾ ਵੀ ਘੱਟ ਆਉਂਦਾ ਹੈ।
ਹੋ ਸਕਦਾ ਹੈ ਕਿ ਖਿੱਤਾ-1 ਵਿੱਚ ਕਿਸਾਨ ਵੱਧ ਝਾੜ ਲੈਣ ਲਈ ਲੰਮੇਂ ਸਮੇਂ ਵਾਲੀਆਂ ਕਿਸਮਾਂ ਬੀਜਦੇ ਹੋਣ। ਪੀ. ਆਰ. 121, ਪੀ. ਆਰ. 126 ਅਤੇ ਪੀ. ਆਰ. 124 ਵਰਗੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਝਾੜ ਪੂਸਾ 44 ਦੇ ਝਾੜ ਨਾਲੋਂ ਕੁੱਝ ਘੱਟ ਹੋਣ ਦੇ ਬਾਵਜੂਦ ਵੀ ਇਹਨਾਂ ਤੋਂ ਹੋਣ ਵਾਲੀ ਨਿਰੋਲ ਆਮਦਨ ਲਗਭਗ ਬਰਾਬਰ ਹੈ (ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀ. ਏ. ਯੂ.)। ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਪਾਣੀ ਦੇ ਬੋਰ ਹੋਰ ਡੂੰਘੇ ਕਰਨ ਅਤੇ ਸਬਮਰਸੀਬਲ ਪੰਪ ਲਾਉਣ ਤੇ ਬਹੁਤ ਜ਼ਿਆਦਾ ਖਰਚੇ ਵੀ ਕਰਨੇ ਪੈਂਦੇ ਹਨ। ਕਿਸਾਨ ਨੂੰ ਭਾਵਂੇ ਬਿਜਲੀ ਦੀ ਵਰਤੋਂ ਕਰਨ ਤੇ ਕੋਈ ਖਰਚ ਨਹੀਂ ਲੱਗਦਾ, ਪਰ ਇਹ ਵੱਡਾ ਭਾਰ ਆਖਰ ਨੂੰ ਰਾਜ ਸਰਕਾਰ ਦੇ ਮੋਢਿਆਂ ਤੇ ਪੈਂਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤਰਾਂ ਤੇਜ਼ੀ ਨਾਲ ਖਤਮ ਹੋ ਰਹੇ ਧਰਤੀ ਹੇਠਲੇ ਪਾਣੀ ਦੇ ਭੰਡਾਰ ਨੂੰ ਜਲਦੀ ਕੀਤਿਆਂ ਭਵਿੱਖ ਵਿੱਚ ਪੂਰਿਆ ਵੀ ਨਹੀ ਜਾ ਸਕੇਗਾ।
ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਪਰਾਲ ਘੱਟ ਹੁੰਦਾ ਹੈ ਜਿਸ ਕਰਕੇ ਇਸਦਾ ਦਾ ਪ੍ਰਬੰਧ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਮੁਕਾਬਲੇ ਸੁਖਾਲਾ ਹੈ, ਕਿਉਂਕਿ ਇਹਨਾਂ ਦੀ ਕਾਸ਼ਤ ਨਾਲ ਖੇਤ ਵੀ ਜਲਦੀ ਵਿਹਲਾ ਹੋ ਜਾਂਦਾ ਹੈ ਜਿਸ ਨਾਲ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚਕਾਰਲਾ ਸਮਾਂ ਵੀ ਕਾਫ਼ੀ ਵਧ ਜਾਂਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਖਿੱਤਾ-1 ਵਿੱਚ ਕਣਕ ਅਤੇ ਝੋਨੇ (ਦੋਵੇਂ ਪਰਮਲ ਅਤੇ ਬਾਸਮਤੀ) ਦਾ ਝਾੜ ਖਿੱਤਾ-2 ਦੇ ਮੁਕਾਬਲੇ 576 ਤੋਂ 758 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਜ਼ਿਆਦਾ ਹੈ (ਸਾਰਣੀ-3)। ਇਸ ਤੋਂ ਸਪੱਸ਼ਟ ਹੈ ਕਿ ਨਿਰੋਲ ਆਮਦਨ ਵੀ ਖਿੱਤਾ-1 ਦੀ ਜ਼ਿਆਦਾ ਹੀ ਹੋਵੇਗੀ। ਪਰਮਲ, ਬਾਸਮਤੀ, ਨਰਮਾ ਅਤੇ ਕਣਕ ਹੇਠਾਂ ਰਕਬੇ, ਇਹਨਾਂ ਦਾ ਝਾੜ ਅਤੇ ਮੰਡੀ ਕੀਮਤਾਂ ਨਾਲ ਸਬੰਧਿਤ ਅੰਕੜਿਆਂ ਦੇ ਮੱਦੇ-ਨਜ਼ਰ ਫ਼ਸਲਾਂ ਤੋਂ ਸਲਾਨਾ ਆਮਦਨ ਖਿੱਤਾ-1 ਵਿੱਚ ਖਿੱਤਾ-2 ਨਾਲ਼ੋਂ 20,000 ਰੁਪਏ ਪ੍ਰਤੀ ਹੈਕਟੇਅਰ ਤੋਂ ਵੀ ਜ਼ਿਆਦਾ ਹੈ (ਇਕੋਨੋਮਿਕਸ ਅਤੇ ਸੋਸ਼ਿਆਲੋਜੀ ਵਿਭਾਗ, ਪੀ. ਏ. ਯੂ.)। ਇੱਥੇ ਇਹ ਵੀ ਲੱਗ ਸਕਦਾ ਹੈ ਕਿ ਖਿੱਤਾ-1 ਵਿਚ ਪਰਮਲ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਾਰਨ ਵੱਧ ਝਾੜ ਹੈ। ਪਰ ਕਣਕ ਅਤੇ ਬਾਸਮਤੀ ਦਾ ਝਾੜ ਵੀ ਖਿੱਤਾ-1 ਵਿੱਚ ਹੀ ਜ਼ਿਆਦਾ ਹੈ ਜਦਕਿ ਦੋਵਾਂ ਖਿੱਤਿਆਂ ਵਿੱਚ ਇਹਨਾਂ ਦੀਆਂ ਕਿਸਮਾਂ ਵਿੱਚ ਕੋਈ ਖਾਸ ਅੰਤਰ ਨਹੀਂ ਹੈ। ਇਸ ਕਰਕੇ ਵੱਧ ਝਾੜ ਦਾ ਅਸਲ ਕਾਰਨ ਇਸ ਖਿੱਤੇ ਵਿੱਚ ਫ਼ਸਲਾਂ ਦੀ ਕਾਸ਼ਤ ਲਈ ਅਨੁਕੂਲ ਸਥਿਤੀਆਂ ਦਾ ਹੋਣਾ ਹੈ ਜੋ ਕਿ ਇੱਕ ਕੁਦਰਤੀ ਦੇਣ ਹੈ। ਫ਼ਸਲਾਂ ਦੇ ਝਾੜ ਸਬੰਧੀ ਅੰਕੜੇ ਦਰਸਾਉਂਦੇ ਹਨ ਕਿ ਖਿੱਤਾ-1 ਵਿੱਚ ਜੇ ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਜਾਏ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਵੀ ਇੱਥੇ ਦੇ ਮੌਜੂਦਾ ਫਸਲੀ-ਚੱਕਰ ਤੋਂ ਹੋਣ ਵਾਲੀ ਆਮਦਨ ਖਿੱਤਾ-2 ਤੋਂ ਜ਼ਿਆਦਾ ਹੀ ਹੋਵੇਗੀ।

ਸਾਰਣੀ 3: ਪਰਮਲ, ਬਾਸਮਤੀ, ਕਣਕ ਅਤੇ ਕਪਾਹ ਦਾ ਔਸਤਨ ਝਾੜ (ਤਿੰਨ ਸਾਲਾਂ 2016-17 ਤੋਂ 2018-19 ਦੀ ਔਸਤ ਦੇ ਅਧਾਰ ਤੇ)
ਫ਼ਸਲ ਔਸਤਨ ਝਾੜ (ਕਿਲੋਗ੍ਰਾਮ/ਹੈਕਟੇਅਰ)
ਖਿੱਤਾ-1 ਖਿੱਤਾ-2
ਪਰਮਲ ਝੋਨਾ 7440 6688
ਬਾਸਮਤੀ 4867 4291
ਕਣਕ 5589 4831
ਨਰਮਾ/ਕਪਾਹ 1973 –
ਸਰੋਤ: ਪੰਜਾਬ ਦਾ ਅੰਕੜਾ-ਸਾਰ

ਉਪਰੋਕਤ ਤੱਥਾਂ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ, ਕਿ ਖਿੱਤਾ-1 ਵਿੱਚ ਖਿੱਤਾ-2 ਦੇ ਮੁਕਾਬਲੇ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਬਚਾਉਣ ਦੀ ਗੰਭੀਰ ਲੋੜ ਹੈ। ਫਿਰ ਵੀ ਇਹ ਸਮਝ ਅਤੇ ਆਮ ਬੁੱਧੀ ਤੋਂ ਬਾਹਰ ਹੈ ਕਿ ਪਤਾ ਨਹੀਂ ਕਿਉਂ ਖਿੱਤਾ-1 ਵਿੱਚ ਨਾ ਸਿਰਫ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਬੀਜਣ ਦੀ ਜ਼ਿੱਦ ਕੀਤੀ ਜਾਂਦੀ ਹੈ ਸਗੋਂ ਇਹਨਾਂ ਦੀ ਅਗੇਤੀ ਲਵਾਈ ਲਈ ਵੀ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ। ਰਾਜ ਦੇ ਹੋਰ ਖੇਤਰਾਂ ਵਾਂਗ ਹੀ ਇੱਥੇ ਵੀ ਮਿੱਥੀ ਤਰੀਕ ਤੋਂ ਬਾਅਦ ਹੀ ਝੋਨੇ ਦੀ ਬਿਜਾਈ ਕਰਨੀ ਬਣਦੀ ਹੈ। ਸਾਨੂੰ ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਕਰਕੇ ਇਸ ਖਿੱਤੇ ਦੇ ਨੀਤੀ ਘਾੜਿਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ, ਕਿ ਜੇ ਇਸ ਖਿੱਤੇ ਨੂੰ ਹਰਿਆ-ਭਰਿਆ ਰੱਖਣਾ ਹੈ ਤਾਂ ਇੱਥੋਂ ਦੇ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਬਚਾ ਕੇ ਰੱਖਣਾ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਅੱਜ ਦੀ ਘੜੀ ਇਸ ਖਿੱਤੇ ਵਿੱਚ ਧਰਤੀ ਹੇਠਲਾ ਪਾਣੀ ਖਤਰਨਾਕ ਦਰ ਨਾਲ ਹੇਠਾਂ ਜਾ ਰਿਹਾ ਹੈ ਅਤੇ ਪਾਣੀ ਦਾ ਪੱਧਰ ਵੀ ਸਭ ਤੋਂ ਵੱਧ ਡੂੰਘਾ ਹੈ। ਇਸ ਕੰਮ ਲਈ ਆਪਾਂ ਨੂੰ ਕਿਸਾਨਾਂ ਨੂੰ ਲਗਾਤਾਰ ਚੇਤੰਨ ਕਰਦੇ ਰਹਿਣਾ ਪਏਗਾ ਨਹੀਂ ਤਾਂ ਇਹ ਖਿੱਤਾ ਰੇਗਿਸਤਾਨ ਬਣਨ ਲੱਗਿਆਂ ਦੇਰ ਨਹੀਂ ਲਾਵੇਗਾ। ਇੱਥੇ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਕਿਸਾਨ ਇਸ ਖਿੱਤੇ ਵਿੱਚ ਹੀ ਖੁਦਕੁਸ਼ੀ ਕਰ ਰਹੇ ਹਨ। ਸਾਨੂੰ ਇੱਥੇ ਪਣਪ ਰਹੇ ਆਰਥਿਕ ਤੇ ਸਮਾਜਿਕ ਸੰਕਟ ਵੱਲ ਵੀ ਗੌਰ ਕਰਨ ਦੀ ਲੋੜ ਹੈ। ਇਹ ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਉਹ ਵਿਰਾਸਤ ਵਿੱਚ ਮਿਲੇ ਕੁਦਰਤੀ ਸਰੋਤਾਂ ਨੂੰ ਅੰਨ੍ਹੇਵਾਹ ਵਰਤੇ, ਸਗੋਂ ਇਹਨਾਂ ਨੂੰ ਬਚਾਉਣਾ ਹਰੇਕ ਦਾ ਕਰਤੱਵ ਬਣ ਜਾਂਦਾ ਹੈ ਤਾਂ ਕਿ ਨਾ ਸਿਰਫ ਆਉਣ ਵਾਲੀਆਂ ਨਸਲਾਂ ਲਈ ਸਗੋਂ ਮੌਜੂਦਾ ਜਵਾਨ ਪੀੜੀ ਲਈ ਵੀ ਪਾਣੀ ਬਚਾਈਏ। ਜੇ ਅਸੀਂ ਧਰਤੀ ਹੇਠਲੇ ਪਾਣੀ ਦੀ ਇਸ ਤਰਾਂ੍ਹ ਹੀ ਬੇ-ਕਿਰਕ ਵਰਤੋਂ ਜਾਰੀ ਰੱਖੀ ਤਾਂ ਪੰਜਾਬ ਦਾ ਪਾਣੀ ਅਗਲੇ 20-25 ਸਾਲਾਂ ਵਿੱਚ ਹੀ ਖਤਮ ਹੋ ਜਾਵੇਗਾ। ਸੋ ਆਓ! ਸਾਰੇ ਮਿਲਕੇ ਇਸ ਗੰਭੀਰ ਤੇ ਗੁੰਝਲਦਾਰ ਮਸਲੇ ਨੂੰ ਸੁਲਝਾਉਣ ਲਈ ਆਪਣਾ ਪੂਰਾ ਜ਼ੋਰ ਲਾਈਏ। ਆਖਰ ‘ਚ ਸਾਨੂੰ ਆਪਣਾ ਘਰ ਆਪ ਹੀ ਸੰਭਾਲਣਾ ਪਊ।

*ਵਾਈਸ ਚਾਂਸਲਰ, ਪੀ. ਏ. ਯੂ., ਲੁਧਿਆਣਾ

Share This Article
Leave a Comment