– ਅਵਤਾਰ ਸਿੰਘ
ਢਾਡੀ ਪੰਜਾਬ ਦੀ ਲਗਪਗ ਛੇ ਸੌ ਸਾਲ ਪੁਰਾਣੀ ਕਲਾ ਹੈ। ਢਾਡੀਆਂ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ ਤਾਂ ਸੋਹਣ ਸਿੰਘ ਸੀਤਲ ਦਾ ਨਾਂ ਵਿਸ਼ੇਸ ਤੌਰ ‘ਤੇ ਲਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 7 ਅਗਸਤ 1909 ਨੂੰ ਕਾਦੀਵਿੰਡ ਤਹਿਸੀਲ ਕਸੂਰ ਜ਼ਿਲਾ ਲਾਹੌਰ ਵਿੱਚ ਖੁਸ਼ਹਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁਖੋਂ ਹੋਇਆ।
ਉਨ੍ਹਾਂ 1930 ਵਿੱਚ ਮੈਟ੍ਰਿਕ ਪਹਿਲੇ ਦਰਜੇ ਵਿੱਚ ਤੇ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ। ਉਨ੍ਹਾਂ ਦਾ ਵਿਆਹ ਬੀਬੀ ਕਰਤਾਰ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਰਘਬੀਰ ਸਿੰਘ ਤੇ ਸੁਰਜੀਤ ਸਿੰਘ ਤੇ ਇਕ ਪੁੱਤਰੀ ਹੈ। ਉਨ੍ਹਾਂ 12-13 ਸਾਲ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਪਹਿਲੀ ਕਵਿਤਾ ਅਕਾਲੀ ਅਖਬਾਰ ਵਿੱਚ ਛਪੀ।
1935 ਵਿੱਚ ਢਾਡੀ ਜਥਾ ਬਣਾਇਆ ਤੇ ਉਨਾਂ ਦੇ ਜੀਵਨ ਵਿੱਚ ਨਵਾਂ ਮੋੜ ਆਇਆ। ਵੰਡ ਤੋਂ ਬਾਅਦ ਲੁਧਿਆਣੇ ਆ ਵਸੇ। ਉਨ੍ਹਾਂ ਦੀਆਂ ਲਿਖੀਆਂ ਤੇ ਗਾਈਆਂ ਵਾਰਾਂ ਸਦਕਾ ਉਹ ਦੇਸ਼ ਤੇ ਵਿਦੇਸ਼ਾਂ ਵਿੱਚ ਢਾਡੀ ਤੌਰ ‘ਤੇ ਪ੍ਰਸਿੱਧ ਹੋਏ। ਉਹ ਸਿੱਖ ਇਤਿਹਾਸ ਦੇ ਚੰਗੇ ਵਾਕਫ, ਚੰਗੇ ਵਿਆਖਿਆਕਾਰ ਸਨ। ਅਨੇਕਾਂ ਦੇਸ਼ਾਂ ਵਿੱਚ ਆਪਣੇ ਢਾਡੀ ਜਥੇ ਨਾਲ ਗਏ।ਉਨਾਂ 80 ਦੇ ਲਗਭਗ ਵਾਰਾਂ,ਇਕ ਨਾਟਕ, ਗੀਤ, ਕਵਿਤਾ ਤੇ ਦੋ ਦਰਜਨ ਨਾਵਲ ਜਿਨਾਂ ‘ਚ ਤੂਤਾਂ ਵਾਲਾ ਖੂਹ, ਮੁਲ ਦਾ ਮਾਸ,ਪਤਵੰਤੇ ਕਾਤਲ,ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ ਪੁੱਤ ਆਦਿ ਸਨ। ਉਨਾਂ ‘ਚੋਂ ‘ਜੁਗ ਬਦਲ ਗਿਆ’ ਲਈ ਸਾਹਿਤ ਸ਼੍ਰੋਮਣੀ ਦਾ ਸਨਮਾਨ ਮਿਲਿਆ। ਇੱਕ ਖੋਜੀ (ਸਿੱਖ) ਇਤਿਹਾਸਕਾਰ ਦੇ ਤੌਰ ‘ਤੇ ਸੋਹਣ ਸਿੰਘ ਸੀਤਲ ਦਾ ਇੱਕ ਅਹਿਮ ਸਥਾਨ ਹੈ। ਉਨ੍ਹਾਂ ਨੇ ਪਹਿਲਾਂ ਆਪ ਨਿੱਠ ਕੇ ਸਿੱਖ ਇਤਹਾਸ ਦਾ ਵਿਸ਼ਲੇਸ਼ਣ ਕੀਤਾ ਬਾਅਦ ਵਿੱਚ ਕੁਝ ਨਵੀਆਂ ਛੋਹਾਂ ਦੇ ਕੇ ਕਿਤਾਬੀ ਰੂਪ ਵਿੱਚ ਮੁੜ ਪ੍ਰਕਾਸ਼ਿਤ ਕਰਵਾਇਆ। ਉਨ੍ਹਾਂ ਦੇ ਇਸ ਉਪਰਾਲੇ ਨੇ ਜਿਥੇ ਸਿੱਖ ਇਤਿਹਾਸ ਬਾਰੇ ਪਾਏ ਜਾਂਦੇ ਕੁਝ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਉਥੇ ਸਿੱਖ ਇਤਹਾਸ ਨੂੰ ਨਵੀਂ ਦਿੱਖ ਵੀ ਪ੍ਰਦਾਨ ਕੀਤੀ। ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ’ ਇੱਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ‘ਦੁਖੀਏ ਮਾਂ ਦੇ ਪੁੱਤ’ ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, ‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ਅਤੇ ‘ਸਿੱਖ ਸ਼ਹੀਦ ਅਤੇ ਯੋਧੇ’ ਉਸ ਦੀਆਂ ਵਰਨਣਯੋਗ ਇਤਿਹਾਸਕ ਕਿਤਾਬਾਂ ਹਨ। ਸੋਹਣ ਸਿੰਘ ਸੀਤਲ ਦਾ ਵਧੇਰੇ ਤਪੱਸਵੀ ਅਤੇ ਖੋਜ ਭਰਪੂਰ ਕੰਮ ‘ਸਿੱਖ ਇਤਹਾਸ ਦੇ ਸੋਮੇ’, ਪੰਜ ਜਿਲਦਾਂ ਵਿੱਚ ਤਿਆਰ ਹੈ। ਸੀਤਲ ਦੀ ਇਸ ਤਪੱਸਿਆ ਨੇ ਸਿੱਖ ਇਤਿਹਾਸ ਨੂੰ ਕਾਫੀ ਹੱਦ ਤੱਕ ਸਰਲਤਾ ਅਤੇ ਸ਼ੁੱਧਤਾ ਪ੍ਰਦਾਨ ਕੀਤੀ ਹੈ। ਅਖੀਰ ਕ੍ਰਾਂਤੀਕਾਰੀ ਢਾਡੀ ਸੋਹਣ ਸਿੰਘ ਸੀਤਲ 23 ਸਤੰਬਰ, 1998 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।