ਅੰਮ੍ਰਿਤਸਰ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਜਾਣ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ) : ਯੂਏਈ ਦੁਆਰਾ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਨਿਯਮਾਂ ਵਿੱਚ ਕੁੱਝ ਛੋਟਾਂ ਅਤੇ ਨਵੇਂ ਦਿਸ਼ਾ ਨਿਰਦੇਸ਼ ਦੇਣ ਤੋਂ ਬਾਦ ਪੰਜਾਬ ਤੋਂ ਯੂਏਈ ਲਈ ਯਾਤਰਾ ਕਰਨ ਵਾਲ਼ਿਆਂ ਲਈ ਕੁਝ ਚੰਗੀ ਖ਼ਬਰ ਹੈ। 16 ਅਗਸਤ 2021 ਤੋਂ, ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਯੂਏਈ ਜਾਣ ਵਾਲੇ ਯਾਤਰੀ ਹਵਾਈ ਅੱਡੇ ‘ਤੇ ਹੀ ਰੈਪਿਡ ਪੀਸੀਆਰ ਟੈਸਟ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ।

ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ, ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਯੂਏਈ ਜਾਣ ਵਾਲਿਆਂ ਲਈ ਪੀਸੀਆਰ ਟੈਸਟ ਦੀ ਕੀਮਤ 3300 ਰੁਪਏ ਰੱਖੀ ਗਈ ਹੈ ਅਤੇ ਇਹ ਦਿੱਲੀ ਏਅਰਪੋਰਟ ਨਾਲ਼ੋਂ ਘੱਟ ਹੈ।

ਯੂਏਈ ਨੇ ਆਪਣੇ ਨਵੇਂ ਨਿਰਦੇਸ਼ਾਂ ਵਿੱਚੋਂ ਇਕ ਇਹ ਵੀ ਨਿਯਮ ਹੈ ਕਿ ਯਾਤਰੀਆਂ ਨੂੰ ਆਪਣੀ ਉਡਾਣ ਦੇ ਰਵਾਨਗੀ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ‘ਤੇ ਇੱਕ ਕੋਵਿਡ -19 ਪੀਸੀਆਰ ਰੈਪਿਡ ਟੈਸਟ ਕਰਵਾਓਣਾ ਪਵੇਗਾ। ਇਹ ਟੈਸਟ ਪੂਰਾ ਹੋਣ ਤੋਂ ਬਾਦ ਹੀ ਯਾਤਰੀ ਉਡਾਣ ਤੇ ਬੈਠ ਸਕੇਗਾ।

ਇਸ ਟੈਸਟ ਦੀ ਹਵਾਈ ਅੱਡੇ ਤੇ ਉਪਲਬਧਤਾ ਤੋਂ ਬਾਅਦ ਇੰਡੀਗੋ, ਸਪਾਈਸਜੈੱਟ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਆਪਣੀਆਂ ਅੰਮ੍ਰਿਤਸਰ ਤੋਂ ਦੁਬਈ ਅਤੇ ਸ਼ਾਰਜਾਹ ਦੇ ਵਿਚਕਾਰ ਸਿੱਧੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ।

ਗੁਮਟਾਲਾ ਨੇ ਦੱਸਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਅਤੇ ਏਅਰਪੋਰਟ ਦੇ ਟਵੀਟਰ ‘ਤੇ ਇਸ ਟੈਸਟ ਨੂੰ ਸ਼ੁਰੂ ਕਰਨ ਦੀ ਮੰਗ ਕਰ ਕਹੇ ਸਨ ਤਾਂ ਜੋ ਉਹ ਅੰਮ੍ਰਿਤਸਰ ਤੋਂ ਦੁਬਈ ਲਈ ਸਿੱਧੀ ਉਡਾਣ ਲੈ ਸਕਣ। ਇਸ ਉਪਰੰਤ ਏਅਰਪੋਰਟ ਅਧਿਕਾਰੀਆਂ ਨੇ ਟਵੀਟ ਕਰਕੇ ਇਸ ਦੇ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ।

ਉਹਨਾਂ ਕਿਹਾ ਕਿ ਹਾਲਾਂਕਿ ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਦੇ ਦਾਖਲੇ ‘ਤੇ ਅਜੇ ਵੀ ਪੂਰੀ ਤਰਾਂ ਪਾਬੰਦੀ ਨਹੀਂ ਹਟਾਈ ਗਈ, ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਉਹ ਇਹ ਚੰਗੀ ਤਰਾਂ ਪਤਾ ਕਰ ਲੈਣ ਕਿ ਉਸ ਮੁਲਕ ਵਿੱਚ ਉਹਨਾਂ ਕੋਲ ਯੋਗਤਾ ਹੈ ਜਾਂ ਨਹੀਂ।

Share This Article
Leave a Comment