ਚੰਡੀਗੜ੍ਹ: ਸੂਬੇ ਨੂੰ ਸਿਹਤ ਸਬੰਧੀ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਫੁਜੀਫਿਲਮ ਇੰਡੀਆ ਗੁਰੂਗਰਾਮ ਵਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਚਾਰ ਆਧੁਨਿਕ ਜਪਾਨੀ ਐਕਸ-ਰੇ ਮਸ਼ੀਨਾਂ ਦਾਨ ਕੀਤੀਆਂ ਗਈਆਂ।
ਸਿਹਤ ਮੰਤਰੀ ਨੇ ਕਿਹਾ ਕਿ ਫੁਜੀਫਿਲਮ ਇੰਡੀਆ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਪਹਿਲਕਦਮੀ ਤਹਿਤ ਇਹ ਮਸ਼ੀਨਾਂ ਦਾਨ ਕੀਤੀਆਂ ਹਨ, ਜੋ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਹੋਰ ਆਧੁਨਿਕ ਅਤੇ ਮਜ਼ਬੂਤ ਕਰਨ ਵਿੱਚ ਸਹਾਇਕ ਸਿੱਧ ਹੋਣਗੀਆਂ। ਜ਼ਿਕਰਯੋਗ ਹੈ ਕਿ ਹਰੇਕ ਮਸ਼ੀਨ ਦੀ ਕੀਮਤ 30 ਲੱਖ ਰੁਪਏ ਹੈ ਜਿਸ ਨਾਲ ਇਹਨਾਂ ਮਸ਼ੀਨਾਂ ਦੀ ਕੁੱਲ ਕੀਮਤ 1.2 ਕਰੋੜ ਰੁਪਏ ਬਣਦੀ ਹੈ।
ਸਿਹਤ ਬੁਨਿਆਦੀ ਢਾਂਚੇ ਵਿਚ ਪਾਏ ਯੋਗਦਾਨ ਲਈ ਫੁਜੀਫਿਲਮ ਇੰਡੀਆ ਦੀ ਸ਼ਲਾਘਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਇਹ ਮਸੀਨਾਂ ਜਲੰਧਰ, ਪਠਾਨਕੋਟ, ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜ, ਅੰਮਿ੍ਰਤਸਰ ਵਿਚ ਲਗਾਈਆਂ ਜਾਣਗੀਆਂ ਜਿਥੇ ਸੂਬੇ ਦੇ ਲੋਕ ਨਾਮਾਤਰ ਖਰਚਿਆਂ ਨਾਲ ਇਨਾਂ ਅਤਿ-ਆਧੁਨਿਕ ਮਸ਼ੀਨਾਂ ਦੀਆਂ ਸੇਵਾਵਾਂ ਹਾਸਲ ਕਰ ਸਕਣਗੇ। ਫੁਜੀਫਿਲਮ ਇੰਡੀਆ ਦੇ ਜੋਨਲ ਸੇਲਜ ਮੈਨੇਜਰ ਵਿਨੈ ਚਮੋਲੀ ਨੇ ਕਿਹਾ ਕਿ ਕੰਪਨੀ ਭਵਿੱਖ ਵਿੱਚ ਵੀ ਅਜਿਹੀਆਂ ਪਹਿਲਕਦਮੀਆਂ ਜਾਰੀ ਰੱਖੇਗੀ।