ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਸੇਵਾ ਮੁਕਤੀ ਤੇ ਭਾਵ ਭਿੰਨੀ ਵਿਦਾਇਗੀ ਦਿੱਤੀ ਗਈ। ਪਦਮਸ਼੍ਰੀ ਡਾ. ਢਿੱਲੋਂ 10 ਸਾਲ ਤੱਕ ਇਸ ਯੂਨੀਵਰਸਿਟੀ ਵਿੱਚ ਸੇਵਾਵਾਂ ਨਿਭਾਉਂਦੇ ਰਹੇ ਅਤੇ ਇਸ ਯੂਨੀਵਰਸਿਟੀ ਨੂੰ ਬੁਲੰਦੀਆਂ ਤੱਕ ਪਹੁੰਚਾਇਆ। ਇਸ ਸੰਬੰਧੀ ਸਮਾਰੋਹ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁਧ ਤਿਵਾੜੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਅਤੇ ਹੋਰ ਅਧਿਕਾਰੀ ਸ਼ਾਮਿਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਮਿਸ਼ਿਜ਼ ਪਰਮਜੀਤ ਕੌਰ ਢਿੱਲੋਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਸ਼੍ਰੀ ਤਿਵਾੜੀ ਨੇ ਕਿਹਾ ਕਿ ਵਿਗਿਆਨ ਦੇ ਖੇਤਰ ਦੇ ਵਿੱਚ ਡਾ. ਢਿੱਲੋਂ ਦਾ ਬਹੁਤ ਉੱਚਾ ਨਾਮ ਹੈ। ਇਸ ਨੂੰ ਹਾਸਲ ਕਰਨ ਦੇ ਲਈ ਡਾ. ਢਿੱਲੋਂ ਦੀ ਅਣਥੱਕ ਮਿਹਨਤ ਅਤੇ ਦੂਰਅੰਦੇਸ਼ੀ ਦੇ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਇਲਾਵਾ ਪੰਜਾਬ ਦੀ ਸਮੁੱਚੀ ਖੇਤੀ ਦੇਣਦਾਰ ਰਹੇਗੀ।
ਇਸ ਸਮੇਂ ਡਾ. ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਢਿੱਲੋਂ ਦੁਆਰਾ ਕੀਤੀ ਵਿਉਂਤਬੰਦੀ ਅਤੇ ਉਹਨਾਂ ਦੇ ਇੱਕ ਟੀਮ ਨੂੰ ਟੀਚੇ ਨੂੰ ਪ੍ਰਾਪਤ ਕਰਨ ਲਈ ਨਾਲ ਲੈ ਕੇ ਚੱਲਣ ਦੀ ਬਿਰਤੀ ਅਤਿ ਸਲਾਹੁਣਯੋਗ ਰਹੀ ਹੈ। ਉਹਨਾਂ ਦੀ ਸਰਪ੍ਰਸਤੀ ਹੇਠ ਇਹ ਯੂਨੀਵਰਸਿਟੀ ਨਵੀਆਂ ਪੁਲਾਂਘਾ ਪੁੱਟ ਸਕੀ ਹੈ।
ਇਸ ਸਮੇਂ ਡਾ. ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਚੀ ਨਿਸ਼ਠਾ ਅਤੇ ਨਿਰੋਲ ਮੈਰਿਟ ਦੀ ਮਿਸਾਲ ਹਨ, ਡਾ. ਢਿੱਲੋਂ । ਉਹਨਾਂ ਵੱਲੋਂ ਨਿਰੰਤਰ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਉਤਸ਼ਾਹ ਵਧਾਉਣ ਵਾਲੀ ਸੋਚ ਯੂਨੀਵਰਸਿਟੀ ਦੀਆਂ ਉਚਾਈਆਂ ਲਈ ਹਮੇਸ਼ਾਂ ਬਾਲਣ ਵਾਂਗੂੰ ਰਹੀ ਹੈ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮਾਹਲ ਨੇ ਇਸ ਮੌਕੇ ਕਿਹਾ ਕਿ ਕੁਦਰਤੀ ਸੋਮਿਆਂ ਦੇ ਰਖ-ਰਖਾਵ ਲਈ, ਸਰਬਪੱਖੀ ਤੱਤ ਪ੍ਰਬੰਧਨ ਅਤੇ ਕੀਟ ਪ੍ਰਬੰਧਨ ਲਈ ਡਾ. ਢਿੱਲੋਂ ਵੱਲੋਂ ਕੀਤੇ ਕਾਰਜ ਅਤਿ ਸਲਾਹੁਣਯੋਗ ਹਨ । ਉਹਨਾਂ ਵੱਲੋਂ ਪਰਾਲੀ ਪ੍ਰਬੰਧ ਲਈ ਵਿੱਢੀ ਮੁਹਿੰਮ ਦੀ ਅਗਵਾਈ ਕਰਨਾ ਹਮੇਸ਼ਾਂ ਯਾਦ ਕੀਤਾ ਜਾਵੇਗਾ।
ਡਾ. ਢਿੱਲੋਂ ਇੱਕ ਵਿਸ਼ਵ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਰਹੇ ਹਨ ਜਿਨਾਂ ਨੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਨਿਰਦੇਸ਼ਕ ਬੀਜ, ਕੌਮਾਂਤਰੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ ਜਨਰਲ ਅਤੇ ਹੋਰ ਵੱਕਾਰੀ ਪੁਜ਼ੀਸ਼ਨਾਂ ਤੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਤਾਇਨਾਤ ਰਹੇ ਹਨ। ਡਾ. ਢਿੱਲੋਂ ਨੇ ਵਿਗਿਆਨੀ ਵਜੋਂ ਜਰਮਨੀ ਦੀ ਨਾਮੀ ਯੂਨੀਵਰਸਿਟੀ ਅਤੇ ਕਣਕ-ਮੱਕੀ ਦੇ ਸੁਧਾਰ ਲਈ ਕੌਮਾਂਰਤੀ ਅਦਾਰੇ ‘ਸਿਮਟ’ ਵਿੱਚ ਵੀ ਬਤੌਰ ਵਿਗਿਆਨੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਮੱਕੀ ਦੇ ਖੇਤਰ ਵਿੱਚ ਡਾ. ਢਿੱਲੋਂ ਨੇ ਹੁਣ ਤੱਕ 16 ਕਿਸਮਾਂ ਵਿਕਸਿਤ ਕੀਤੀਆਂ ਹਨ ਜਿਨਾਂ ਵਿੱਚੋਂ ਦੋਗਲੀ ਕਿਸਮ ‘ਪਾਰਸ’ ਪ੍ਰਮੁੱਖ ਹੈ।
ਯੂਨੀਵਰਸਿਟੀ ਦੇ ਵਿੱਚ ਬਤੌਰ ਵਿਗਿਆਨੀ ਡਾ. ਢਿੱਲੋਂ ਨੇ 2011 ਵਿੱਚ ਕਾਰਜ ਭਾਰ ਸੰਭਾਲਿਆ । ਉਹਨਾਂ ਦੀ ਸਰਪ੍ਰਸਤੀ ਹੇਠ ਯੂਨੀਵਰਸਿਟੀ ਨੇ ਖੋਜ, ਪਸਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਅਨੇਕਾਂ ਮੱਲਾਂ ਮਾਰੀਆਂ ਜਿਸ ਸਦਕਾ ਹੀ ਇਸ ਯੂਨੀਵਰਸਿਟੀ ਨੂੰ ਸਾਲ-2012 ਅਤੇ 2017 ਦੇ ਵਿੱਚ ਪ੍ਰੀਸ਼ਦ ਵੱਲੋਂ ਸਰਦਾਰ ਪਟੇਲ ਐਵਾਰਡ ਨਾਲ ਸਨਮਾਨ ਵੀ ਕੀਤਾ ਗਿਆ । ਉਹਨਾਂ ਦੀ ਸਰਪ੍ਰਸਤੀ ਹੇਠ ਉਦਯੋਗਿਕ ਅਦਾਰਿਆਂ ਦੇ ਨਾਲ ਯੂਨੀਵਰਸਿਟੀ ਦੀ ਭਾਈਵਾਲਤਾ ਵਧੀ ਅਤੇ ਇਸ ਖੇਤਰ ਦੇ ਵਿੱਚ ਜ਼ਿਆਦਾ ਉਤਪਾਦ ਦੇਣ ਵਾਲੀਆਂ ਅਤੇ ਘੱਟ ਸਮੇਂ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ (ਪੀ ਆਰ-121 ਅਤੇ ਪੀ ਆਰ 126) ਦਾ ਵਿਕਾਸ ਹੋਇਆ । ਯੂਨੀਵਰਸਿਟੀ ਨੇ ਜ਼ਿੰਕ ਭਰਪੂਰ ਕਣਕ ਵਿਕਸਿਤ ਕਰਨ ਦੀ ਪਹਿਲ ਕੀਤੀ, ਕਿੰਨੂ ਦੀਆਂ ਘੱਟ ਬੀਜ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਅਤੇ ਕੁਪੋਸ਼ਣ ਦੀ ਸਮੱਸਿਆ ਦੂਰ ਕਰਨ ਦੇ ਲਈ ਸਬਜ਼ੀਆਂ/ਫ਼ਲਾਂ ਦੀਆਂ ਕਿਸਮਾਂ ਤਿਆਰ ਕੀਤੀਆਂ । ਖੇਤੀ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਉਹਨਾਂ ਦੀ ਸਰਪ੍ਰਸਤੀ ਹੇਠ ਮਸ਼ੀਨਰੀ ਤਿਆਰ ਕੀਤੀ ਗਈ ਜੋ ਕਿ ਸਾਰੇ ਮੁਲਕ ਵਿੱਚ ਸਲਾਹੀ ਗਈ। ਡਾ. ਢਿੱਲੋਂ ਦੀ ਯੋਗ ਰਹਿਨੁਮਾਈ ਹੇਠ ਨਰਮੇ-ਕਪਾਹ ਦੇ ਖੇਤਰ ਵਿੱਚ ਚਿੱਟੀ ਮੱਖੀ ਦੇ ਹਮਲੇ ਨੂੰ ਠੱਲ ਪਾਈ ਗਈ ਜਿਸ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਇਲਾਕਿਆਂ ਨੂੰ ਫਾਇਦਾ ਮਿਲਿਆ।
ਪਦਮਸ਼੍ਰੀ ਡਾ. ਢਿੱਲੋਂ ਨੂੰ ਅਨੇਕਾਂ ਵੱਕਾਰੀ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ ਅਤੇ ਹੁਣ ਤੱਕ 400 ਤੋਂ ਵੱਧ ਖੋਜ ਪੱਤਰ, 13 ਵਿਗਿਆਨਕ ਕਿਤਾਬਾਂ ਤਿਆਰ ਕਰ ਚੁੱਕੇ ਹਨ । ਉਹਨਾਂ ਨੂੰ ਪ੍ਰੀਸ਼ਦ ਦਾ ਰਫੀ ਅਹਿਮਦ ਕਿਦਵਈ ਮੈਮੋਰੀਅਲ ਐਵਾਰਡ, ਡਾ. ਬੀ ਪੀ ਪਾਲ ਮੈਮੋਰੀਅਲ ਐਵਾਰਡ, ਡਾ. ਓਮ ਪ੍ਰਕਾਸ਼ ਭਸੀਨ ਐਵਾਰਡ ਆਦਿ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ । ਡਾ. ਢਿੱਲੋਂ ਨੂੰ ਕੌਮਾਂਤਰੀ ਸਾਇੰਸ ਅਕੈਡਮੀ ਦਾ ‘ਫੈਲੋ’ ਅਤੇ ‘ਸਿਮਟ’ ਤੋਂ ਏਸ਼ੀਅਨ ਮੇਜ਼ ਚੈਪੀਂਅਨ ਦਾ ਐਵਾਰਡ ਪ੍ਰਾਪਤ ਕਰਨ ਦਾ ਮਾਣ ਵੀ ਹਾਸਲ ਹੈ।