ਨਿਊਜ਼ ਡੈਸਕ: ਫਿਰੋਜ਼ਪੁਰ ‘ਚ ਦਿਨ ਦਿਹਾੜੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਗਈਆਂ। ਪਿੰਡ ਤਲਵੰਡੀ ਵਿੱਚ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਮਨੀਟ੍ਰਾਂਸਫਰ ਦੇ ਦਫ਼ਤਰ ‘ਤੇ ਅੱਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਸਥਾਨਕ ਪੁਲਿਸ ਥਾਣੇ ਦੀ 100 ਮੀਟਰ ਦੂਰੀ ਤੇ ਸਥਿਤ ਖੁਰਾਣਾ ਮਨੀਟ੍ਰਾਂਸਫਰ ਦੇ ਦਫ਼ਤਰ ‘ਤੇ ਬਾਈਕ ਸਵਾਰ ਦੋ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਦੁਕਾਨ ਮਾਲਕ ਖੂਬੀ ਖੁਰਾਣਾ ਨੇ ਦੱਸਿਆ ਕਿ ਸਾਢੇ ਬਾਰਾਂ ਵਜੇ ਦੇ ਕਰੀਬ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪਿਸਤੌਲ ਨਾਲ ਦਫ਼ਤਰ ’ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀਆਂ ਵੱਲੋਂ ਤਿੰਨ ਫਾਇਰ ਕੀਤੇ ਗਏ ਸਨ। ਜਿਨ੍ਹਾਂ ਵਿਚੋਂ ਇੱਕ ਗੋਲੀ ਦਫਤਰ ਦੇ ਗੇਟ ਦੇ ਸ਼ੀਸ਼ੇ ‘ਤੇ ਜਾ ਲੱਗੀ ਜਿਸ ਤੋਂ ਬਾਅਦ ਉਹ ਜ਼ੀਰਾ ਵਾਲੀ ਸਾਈਡ ਨੂੰ ਫ਼ਰਾਰ ਹੋ ਗਏ।
ਉਧਰ ਮੌਕੇ ਤੇ ਪਹੁੰਚੇ ਡੀ ਐਸ ਪੀ ਸਤਨਾਮ ਸਿੰਘ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਤੇ ਜਿਵੇਂ ਹੀ ਕੋਈ ਸੁਰਾਗ ਮਿਲੇਗਾ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਭਰਾਵਾਂ ‘ਤੇ ਅਜਿਹਾ ਹਮਲਾ ਹੋਇਆ ਸੀ ਅਤੇ ਇਹ ਦੂਸਰੀ ਵਾਰ ਹਮਲਾ ਕੀਤਾ ਗਿਆ ਹੈ।