ਫਰੀਦਕੋਟ: ਬੀਤੇ ਸਾਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਭਗ 13 ਮਹੀਨੇ ਚੱਲੇ ਕਿਸਾਨ ਸੰਘਰਸ਼ ਦੀ ਜਿੱਤ ਤੋਂ ਬਾਅਦ ਅੱਜ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਸ਼ੁਕਾਰਾਨਾ ਮਾਰਚ ਵਜੋਂ ਫਰੀਦਕੋਟ ਤੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਫਰੀਦਕੋਟ ਤੋਂ ਰਵਾਨਾਂ ਹੋਇਆ। ਇਸ ਸ਼ੁਕਾਰਨਾਂ ਮਾਰਚ ਵਿਚ ਕਰੀਬ 7 ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਇਸ ਸ਼ੁਕਰਾਨਾਂ ਮਾਰਚ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਅਤੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਦਕਾ ਹੀ ਕਿਸਾਨ ਸੰਘਰਸ਼ ਹਰ ਔਖੇ ਸਮੇਂ ਵੀ ਚੜ੍ਹਦੀਕਲਾ’ਚ ਰਿਹਾ। ਉਹਨਾਂ ਕਿਹਾ ਚਲਦੇ ਸੰਘਰਸ਼ ਦੌਰਾਨ ਕਈ ਵਾਰ ਉਹਨਾਂ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਮੋਰਚੇ ਦੀ ਜਿੱਤ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ। ਇਸੇ ਲਈ ਸੰਘਰਸ਼ ਦੀ ਜਿੱਤ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਹੀ ਹੋਈ ਹੈ। ਇਸ ਲਈ ਉਹਨਾਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾਂ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੱਡਾ ਜਥਾ ਅੱਜ ਫਰੀਦਕੋਟ ਤੋਂ ਰਵਾਨਾਂ ਹੋ ਰਿਹਾ। ਉਹਨਾਂ ਕਿਹਾ ਕਿ ਕਿਸਾਨਾਂ ਵਿਚ ਬਹੁਤ ਭਾਰੀ ਉਤਸ਼ਾਹ ਹੈ ਅਤੇ ਇਸ ਸ਼ੁਕਰਾਨਾਂ ਮਾਰਚ ਨੇ ਅੱਜ ਵੱਡੇ ਕਾਫਲੇ ਦਾ ਰੂਪ ਧਾਰਨ ਕੀਤਾ ਹੈ।