ਚੰਡੀਗੜ੍ਹ: ਇੱਥੋਂ ਦੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ‘ਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਸੈਕਟਰ 26 ਬਾਪੂ ਧਾਮ ਕਲੋਨੀ ਦੇ ਰਹਿਣ ਵਾਲੇ ਕੁਝ ਲੋਕਾਂ ਨੇ ਹਸਪਤਾਲ ਬਾਹਰ ਜੰਮ ਕੇ ਹੰਗਾਮਾ ਕੀਤਾ। ਬਾਪੂ ਧਾਮ ਕਾਲੋਨੀ ਦੇ ਰਹਿਣ ਵਾਲੇ ਪੇਰੂਮਲ ਨੇ ਦੱਸਿਆ ਕਿ ਉਹ ਸ਼ਨੀਵਾਰ ਆਪਣੇ 7 ਸਾਲ ਦੇ ਭਾਣਜੇ ਦਾ ਇਲਾਜ ਕਰਵਾਉਣ ਦੇ ਲਈ ਇੱਥੇ ਪਹੁੰਚਿਆ ਸੀ ਪਰ ਰਸਤੇ ਵਿੱਚ ਹੀ ਐਂਬੂਲੈਂਸ ਅੰਦਰ ਉਸ ਦੀ ਮੌਤ ਹੋ ਗਈ।
ਜਿਸ ਤੋਂ ਬਾਅਦ GMCH-32 ਦੇ ਡਾਕਟਰਾਂ ਨੇ ਭਾਣਜੇ ਦੀ ਮ੍ਰਿਤਕ ਦੇਹ ਨੂੰ ਮੋਰਚਰੀ ‘ਚ ਰੱਖ ਦਿੱਤਾ ਅਤੇ ਕਿਹਾ ਕਿ ਬੱਚੇ ਦਾ ਸਸਕਾਰ ਕਰਨ ਲਈ ਐਤਵਾਰ ਸਵੇਰੇ ਮ੍ਰਿਤਕ ਦੇਹ ਦਿੱਤੀ ਜਾਵੇਗੀ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਹਸਪਤਾਲ ਬੱਚੇ ਦੀ ਦੇਹ ਲੈਣ ਲਈ ਪਹੁੰਚੇ ਤਾਂ ਡਾਕਟਰਾਂ ਨੇ ਡੈੱਡ ਬਾਡੀ ਨੂੰ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੱਚੇ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਈ ਹੈ। ਅਜਿਹੇ ‘ਚ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਪੋਸਟਮਾਰਟਮ ਕਰਨਾ ਜ਼ਰੂਰੀ ਹੈ। ਡਾਕਟਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਮ੍ਰਿਤਕ ਬੱਚੇ ਦਾ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਦੇ ਲਈ ਭੇਜਿਆ ਜਾਵੇਗਾ ਤਾਂ ਕਿ ਪਤਾ ਚੱਲ ਸਕੇ, ਕਿ ਬੱਚੇ ਦੀ ਮੌਤ ਵਾਇਰਸ ਦੇ ਨਾਲ ਤਾਂ ਨਹੀਂ ਹੋਈ।
ਮ੍ਰਿਤਕ ਦੇਹ ਨਾ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ GMCH-32 ਬਾਹਰ ਹੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।