ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ., ਲੁਧਿਆਣਾ ਵੱਲੋਂ ਅਪਣਾਏ ਗਏ ਲੁਧਿਆਣੇ ਜ਼ਿਲੇ ਦੇ ਪਿੰਡ ਬੋਪਾਰਾਏ ਕਲਾਂ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਵਿਭਾਗ ਵੱਲੋਂ ਪਸਾਰ ਗਤੀਵਿਧੀਆਂ ਦੀ ਲੜੀ ਨੂੰ ਤੋਰਦਿਆਂ ਅੱਜ ਇੱਕ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਭਰਵੀਂ ਹਾਜ਼ਰੀ ਦੇ ਰੂਪ ਵਿੱਚ ਕਿਸਾਨ ਭਰਾਵਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਸਹਾਇਕ ਪ੍ਰੋਫੈਸਰ ਡਾ. ਕੁਲਵੀਰ ਕੌਰ ਨੇ ਭੋਜਨ ਵਿੱਚ ਤੱਤਾਂ ਦੀ ਮਹੱਤਤਾ ਬਾਰੇ ਸਿਖਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਂਵਲਾ ਜੋ ਕਿ ‘ਵਿਟਾਮਿਨ ਸੀ’ ਦਾ ਭਰਪੂਰ ਸੋਮਾ ਹੈ ਨੂੰ ਖੁਰਾਕ ਵਿੱਚ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਸਕੇ। ਇਸ ਲੜੀ ਨੂੰ ਜਾਰੀ ਰੱਖਦੇ ਹੋਏ ਡਾ. ਸਹਾਇਕ ਪ੍ਰੋਫੈਸਰ ਡਾ. ਕੁਲਵੀਰ ਕੌਰ ਅਤੇ ਡੈਮੋਸਟ੍ਰੇਟਰ (ਗ੍ਰਹਿ ਵਿਗਿਆਨ) ਸ੍ਰੀਮਤੀ ਕਮਲਪ੍ਰੀਤ ਕੌਰ ਨੇ ਆਂਵਲੇ ਦਾ ਆਚਾਰ ਅਤੇ ਮੁਰੱਬਾ ਬਨਾਉਣ ਦੀ ਵਿਹਾਰਕ ਸਿਖਲਾਈ ਦਿੱਤੀ।
ਪਸਾਰ ਮਾਹਿਰ ਡਾ. ਲਵਲੀਸ਼ ਗਰਗ ਨੇ ਖੁੰਬਾਂ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ਲਈ ਖੁੰਬਾਂ ਦੇ ਬੀਜ ਵੰਡੇ । ਇਸ ਤੋਂ ਇਲਾਵਾ ਘਰ ਬਗੀਚੀ ਦੀ ਮਹੱਤਤਾ ਦੱਸਦਿਆਂ ਹੋਇਆਂ ਸਬਜ਼ੀਆਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ। ਲਖਵੀਰ ਸਿੰਘ ਸਰਪੰਚ (ਬੋਪਾਰਾਏ ਕਲਾਂ) ਸਕੰਦਰ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਮੇਹਰ ਸਿੰਘ ਜੀ ਨੇ ਬੜਾ ਵਧੀਆ ਹੁੰਗਾਰਾ ਦਿੰਦਿਆਂ ਆਖਿਆ ਕਿ ਪੀ.ਏ.ਯੂ. ਵੱਲੋਂ ਮਨਜ਼ੂਰਸ਼ੁਦਾ ਖੇਤੀਬਾੜੀ ਸੰਬੰਧੀ ਤਕਨੀਕਾਂ ਨੂੰ ਪਸਾਰਣ ਲਈ ਜ਼ਿੰਮੇਵਾਰੀ ਚੁੱਕੀ। ਪਿੰਡ ਦੀਆਂ ਨੌਜਵਾਨ ਲੜਕੀਆਂ ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਅਰਸ਼ਦੀਪ ਕੌਰ, ਕੰਵਲਜੀਤ ਕੌਰ, ਪ੍ਰਭਜੋਤ ਕੌਰ, ਕਰਮਜੀਤ ਕੌਰ ਅਤੇ ਆਂਗਣਵਾੜੀ ਵਰਕਰਾਂ ਨੇ ਸਿਖਲਾਈ ਨੇਪਰੇ ਚਾੜਨ ਵਿੱਚ ਹਮੇਸ਼ਾਂ ਆਪਣਾ ਯੋਗਦਾਨ ਦਿੱਤਾ।