ਸੰਵਿਧਾਨ ਦਾ ਕਰੇ ਸਨਮਾਨ ਹਰ ਦੇਸ਼ ਵਾਸੀ !

TeamGlobalPunjab
7 Min Read

-ਸੁਬੇਗ ਸਿੰਘ;

ਸੰਸਾਰ ਦਾ ਹਰ ਜੀਵ ਜੰਤੂ, ਪਸ਼ੂ,ਪੰਛੀ, ਜਾਨਵਰ ਅਤੇ ਮਨੁੱਖ ਇੱਕ ਖਾਸ ਤਰ੍ਹਾਂ ਦੇ ਦਾਇਰੇ ‘ਚ ਰਹਿ ਕੇ ਆਪਣੀ ਜਿੰਦਗੀ ਜਿਉਂਦਾ ਹੈ। ਭਾਵੇਂ ਮਨੁੱਖ ਤੋਂ ਇਲਾਵਾ ਬਾਕੀ ਸਭ ਦੀ ਜਿੰਦਗੀ ਆਪੋ ਆਪਣੇ ਹਿਸਾਬ ਨਾਲ ਚੱਲਦੀ ਹੈ। ਜਿਸ ਵਿੱਚ ਅਨੁਸ਼ਾਸਨ ਦਾ ਹੋਣਾ ਫੇਰ ਵੀ, ਬੜਾ ਜਰੂਰੀ ਹੁੰਦਾ ਹੈ ਅਤੇ ਇਸ ਅਨੁਸਾਸ਼ਨ ਨੂੰ ਇਹ ਸਭ ਜੀਵ, ਜੰਤੂ, ਪਸ਼ੂ ਪੰਛੀ ਤੇ ਜਾਨਵਰ ਕਿਸੇ ਹੱਦ ਤੱਕ ਨਿਭਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਜਿਸਦੇ ਨਾਲ ਘੱਟੋਘੱਟ ਹਰ ਕਿਸੇ ਦਾ ਆਪੋ ਆਪਣੇ ਵਰਗ ‘ਚ ਤਾਂ ਕੁੱਝ ਹੱਦ ਤੱਕ ਆਪਸੀ ਭਾਈਚਾਰਾ ਬਣਿਆ ਹੀ ਰਹਿੰਦਾ ਹੈ।

ਸੰਸਾਰ ਤੇ ਮਨੁੱਖ ਹੀ ਇੱਕੋ ਇੱਕ ਐਸਾ ਪ੍ਰਾਣੀ ਹੈ, ਜਿਹੜਾ ਆਪਣੀ ਜਿੰਦਗੀ ਨੂੰ ਦੂਜਿਆਂ ਦੇ ਮੁਕਾਬਲੇ ਆਪਣੇ ਹਿਸਾਬ ਨਾਲ ਹੀ ਜਿਉਣੀ ਚਾਹੁੰਦਾ ਹੈ। ਭਾਵੇਂ ਇਹਦੇ ਨਾਲ ਕਿਸੇ ਦੂਜੀ ਧਿਰ ਨੂੰ ਜਿੰਨਾ ਮਰਜੀ ਨੁਕਸਾਨ ਹੋਈ ਜਾਵੇ।ਪਰ ਮਨੁੱਖ ਆਪਣੀ ਖੁਸ਼ੀ ਲਈ ਦੂਜਿਆਂ ਦੇ ਨੁਕਸਾਨ ਦੀ ਕਦੇ ਪ੍ਰਵਾਹ ਨਹੀਂ ਕਰਦਾ। ਦੁਨੀਆਂ ਦਾ ਹਰ ਮਨੁੱਖ ਹੀ ਆਪਣੇ ਆਪਨੂੰ ਦੂਜਿਆਂ ਨਾਲੋਂ ਸਿਆਣਾ ਤੇ ਚੁਸਤ ਚਲਾਕ ਸਮਝਦਾ ਹੈ।ਇਸੇ ਲਈ ਤਾਂ ਹਰ ਮਨੁੱਖ ਪਰਿਵਾਰਕ ਤੇ ਸਮਾਜਿਕ ਪ੍ਰੰਪਰਾਵਾਂ ਅਤੇ ਦੇਸ਼ ਦੇ ਕਾਨੂੰਨ ਤੋਂ ਉੱਪਰ ਅਤੇ ਕਾਨੂੰਨ ਨੂੰ ਤੋੜ ਕੇ ਮਾਣ ਜਿਹਾ ਮਹਿਸੂਸ ਕਰਦਾ ਹੈ।

ਅਸਲ ਵਿੱਚ ਦੁਨੀਆਂ ਦੀ ਹਰ ਚੀਜ ਹੀ ਕਿਸੇ ਨਾ ਕਿਸੇ ਅਨੁਸਾਸ਼ਨ ਵਿੱਚ ਹੀ ਚੰਗੀ ਲੱਗਦੀ ਹੈ। ਭਾਵੇਂ ਮਨੁੱਖ ਨੂੰ ਵਧੀਆ ਜਿੰਦਗੀ ਜਿਉਣ ਲਈ ਕੁੱਝ ਪਰਿਵਾਰਕ ਤੇ ਸਮਾਜਿਕ ਪ੍ਰੰਪਰਾਵਾਂ ਅਤੇ ਦੇਸ਼ ਦੇ ਕਾਨੂੰਨ ਦੀ ਪਾਲਣਾ ਵੀ ਕਰਨੀ ਪੈਂਦੀ ਹੈ। ਜੇ ਮਨੁੱਖ ਨੂੰ ਜਿੰਦਗੀ ਜਿਉਣ ਲਈ ਪਰਿਵਾਰਕ ਤੇ ਸਮਾਜਿਕ ਪ੍ਰੰਪਰਾਵਾਂ ਹੀ ਨਾ ਹੋਣ ਅਤੇ ਦੇਸ਼ ਦਾ ਕੋਈ ਕਾਨੂੰਨ ਹੀ ਨਾ ਹੋਵੇ ਤਾਂ ਹਰ ਕੋਈ ਆਪੋ ਆਪਣੀ ਮਨਮਰਜੀ ਕਰਨ ਲੱਗ ਪਵੇਗਾ ਅਤੇ ਚਾਰੋਂ ਪਾਸੇ ਹਫੜਾ ਦਫੜੀ ਦਾ ਮਹੌਲ ਬਣ ਜਾਵੇਗਾ। ਇਸ ਤਰ੍ਹਾਂ ਪੂਰੇ ਦੇਸ਼ ਦਾ ਰਾਜ ਪ੍ਰਬੰਧ ਜੰਗਲ ਰਾਜ ਦੀ ਤਰ੍ਹਾਂ ਹੋ ਜਾਵੇਗਾ। ਫਿਰ ਸਮੁੱਚੇ ਦੇਸ਼ ਵਿੱਚ, ਜਿਸ ਕੀ ਲਾਠੀ, ਉਸ ਕੀ ਭੈਂਸ ਵਾਲੀ ਗੱਲ ਹੋ ਜਾਵੇਗੀ। ਜਿਹੜਾ ਕਿ ਦੇਸ਼ ਦੇ ਹਰ ਨਾਗਰਿਕ ਤੇ ਸਮੁੱਚੇ ਦੇਸ਼ ਲਈ ਬੜਾ ਹੀ ਘਾਤਕ ਹੋਵੇਗਾ।

ਕਿਸੇ ਵੀ ਲੋਕਤੰਤਰਿਕ ਦੇਸ਼ ਦੇ ਸਮੁੱਚੇ ਰਾਜ ਪ੍ਰਬੰਧ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਹਰ ਦੇਸ਼ ਦਾ ਆਪਣਾ ਇੱਕ ਸੰਵਿਧਾਨ ਹੁੰਦਾ ਹੈ। ਜਿਸ ਦਾ ਪਾਲਣ ਕਰਨਾ, ਦੇਸ਼ ਦੇ ਹਰ ਨਾਗਰਿਕ ਦਾ ਫਰਜ ਵੀ ਹੁੰਦਾ ਹੈ। ਦੇਸ਼ ਦਾ ਕੋਈ ਵੀ ਨਾਗਰਿਕ ਸੰਵਿਧਾਨ ਤੋਂ ਉੱਪਰ ਨਹੀਂ ਹੁੰਦਾ। ਅਗਰ ਕੋਈ ਵੀ ਨਾਗਰਿਕ ਦੇਸ਼ ਦੇ ਸੰਵਿਧਾਨ ਦੀ ਪਾਲਣਾ ਨਹੀਂ ਕਰਦਾ ਜਾਂ ਫਿਰ ਸੰਵਿਧਾਨ ‘ਚ ਦਰਜ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਇਹਦੇ ਲਈ ਦੇਸ਼ ਦੀਆਂ ਮਾਣਯੋਗ ਅਦਾਲਤਾਂ ਉਸ ਵਿਅਕਤੀ ਨੂੰ ਉਹਦੇ ਦੰਡ ਦੇ ਮੁਤਾਬਕ ਸ਼ਜਾਵਾਂ ਵੀ ਮੁਕੱਰਰ ਕਰਦੀਆਂ ਹਨ।

ਸਭ ਤੋਂ ਖਾਸ ਤੇ ਵਿਲੱਖਣ ਗੱਲ ਤਾਂ ਇਹ ਹੁੰਦੀ ਹੈ ਕਿ ਅਜਿਹਾ ਸੰਵਿਧਾਨ ਕਿਸੇ ਆਜਾਦ ਤੇ ਲੋਕਤੰਤਰਿਕ ਦੇਸ਼ ਚ ਹੀ ਉਪਲੱਭਧ ਹੁੰਦਾ ਹੈ। ਕਿਸੇ ਗੁਲਾਮ ਦੇਸ਼ ਦਾ ਆਪਣਾ ਕੋਈ ਸੰਵਿਧਾਨ ਨਹੀਂ ਹੁੰਦਾ ਅਤੇ ਨਾ ਹੀ ਰਾਜਿਆਂ ਮਹਾਰਾਜਿਆਂ ਜਾਂ ਫਿਰ ਤਾਨਾਸ਼ਾਹੀ ਦੇਸ਼ਾਂ ਚ ਕੋਈ ਸੰਵਿਧਾਨ ਲਾਗੂ ਹੁੰਦਾ ਹੈ। ਉੱਥੇ ਤਾਂ ਸਿਰਫ, ਉੱਥੋਂ ਦੇ ਹੁਕਮਰਾਨ ਦਾ ਹਰ ਬੋਲ ਹੀ ਕਾਨੂੰਨ ਅਤੇ ਹਰ ਫਰਮਾਨ ਹੀ ਸੰਵਿਧਾਨ ਹੁੰਦਾ ਹੈ। ਜਿਹੜਾ ਕਿ ਲਿਖਤੀ ਜਾਂ ਫਿਰ ਜੁਬਾਨੀ ਦੋਨੋਂ ਹੀ ਤਰ੍ਹਾਂ ਨਾਲ ਹੋ ਸਕਦਾ ਹੈ।

ਸਾਡਾ ਦੇਸ਼ ਭਾਰਤ ਵੀ, ਜਦੋਂ 15 ਅਗਸਤ 1947 ਨੂੰ ਆਜਾਦ ਹੋਇਆ ਤਾਂ ਆਜਾਦ ਮੁਲਕ ਲਈ ਸੰਵਿਧਾਨ ਦੀ ਰਚਨਾ ਕਰਨ ਲਈ ਇੱਕ ਸੰਵਿਧਾਨਕ ਕਮੇਟੀ ਬਣਾਈ ਗਈ। ਜਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੂੰ ਕਮੇਟੀ ਦੇ ਮੁਖੀਏ ਦੇ ਤੌਰ ‘ਤੇ ਹੋਰ ਮੈਂਬਰਾਂ ਦੇ ਨਾਲ ਸੰਵਿਧਾਨ ਬਨਾਉਣ ਦੀ ਜਿੰਮੇਵਾਰੀ ਸੌਂਪੀ ਗਈ। ਜਿਨ੍ਹਾਂ ਨੇ ਬੜੀ ਲਗਨ ਤੇ ਮਿਹਨਤ ਨਾਲ ਦਿਨ ਰਾਤ ਇੱਕ ਕਰਕੇ 2 ਸਾਲ 11 ਮਹੀਨੇ ਅਤੇ 18 ਦਿਨ ਲਗਾ ਕੇ ਭਾਰਤ ਦੇਸ਼ ਦਾ ਸੰਵਿਧਾਨ ਤਿਆਰ ਕੀਤਾ ਅਤੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੂੰ 26 ਨਵੰਬਰ 1949 ਨੂੰ ਸੌਂਪ ਦਿੱਤਾ। ਇਸੇ ਕਰਕੇ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਤੌਰਤੇ ਮਨਾਇਆ ਜਾਂਦਾ ਹੈ। ਇਹ ਸੰਵਿਧਾਨ 26 ਜਨਵਰੀ 1950 ਨੂੰ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ। ਉਸੇ ਦਿਨ ਤੋਂ ਹੀ ਸਾਡਾ ਦੇਸ਼ ਭਾਰਤ ਇੱਕ ਗਣਤੰਤਰ ਦੇਸ਼ ਬਣ ਗਿਆ। ਇਸੇ ਕਰਕੇ ਹੀ,ਸਾਰੇ ਦੇਸ਼ ਵਾਸ਼ੀ 26 ਜਨਵਰੀ ਨੂੰ ਗਣਤੰਤਰਤਾ ਦਿਵਸ਼ ਦੇ ਤੌਰ ‘ਤੇ ਮਨਾਉਂਦੇ ਹਨ।

ਅਗਰ ਕਿਸੇ ਦੇਸ਼ ਦਾ ਆਪਣਾ ਸੰਵਿਧਾਨ ਹੁੰਦਾ ਹੈ ਤਾਂ ਉਹਦੇ ਆਪਣੇ ਕਾਨੂੰਨ ਵੀ ਹੁੰਦੇ ਹਨ ਅਤੇ ਉਹ ਸੰਵਿਧਾਨ ਆਪਣੇ ਦੇਸ਼ ਵਾਸ਼ੀਆਂ ਨੂੰ ਕੁੱਝ ਅਧਿਕਾਰ ਵੀ ਦਿੰਦਾ ਹੈ। ਜਿਨ੍ਹਾਂ ਦੀ ਪਾਲਣਾ ਕਰਦਿਆਂ ਹਰ ਦੇਸ਼ ਵਾਸ਼ੀ ਨੂੰ ਕੁੱਝ ਫਰਜਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ। ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਵੀ, ਦੇਸ਼ ਵਾਸੀਆਂ ਨੂੰ ਕੁੱਝ ਮੌਲਿਕ ਅਧਿਕਾਰ ਅਤੇ ਕੁੱਝ ਮੌਲਕ ਕਰਤਵ ਮਿਲੇ ਹੋਏ ਹਨ ਅਤੇ ਇਹਦੇ ਨਾਲ ਹੀ ਸੰਵਿਧਾਨ ਵਿੱਚ ਕੁੱਝ ਨਿਰਦੇਸ਼ਕ ਸਿਧਾਂਤ ਵੀ ਦਰਜ ਕੀਤੇ ਗਏ ਹਨ। ਸੰਵਿਧਾਨ ਵਿੱਚ ਹਰ ਤਰ੍ਹਾਂ ਦੇ ਕਾਨੂੰਨ ਦੀ ਭਰਪੂਰ ਵਿਆਖਿਆ ਕੀਤੀ ਗਈ ਹੈ। ਸੰਵਿਧਾਨ ਵਿੱਚ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਦੇ ਨਾਲ ਨਾਲ ਮਜਦੂਰਾਂ ਲਈ ਲੇਬਰ ਐਕਟ ਬਿਲ ਅਤੇ ਔਰਤਾਂ ਨੂੰ ਦੇਸ਼ ਦੇ ਪੁਰਸ਼ਾਂ ਦੇ ਹਰ ਤਰ੍ਹਾਂ ਦੇ ਬਰਾਬਰਤਾ ਦੇ ਅਧਿਕਾਰ ਅਤੇ ਹਰ ਤਰ੍ਹਾਂ ਦੀ ਜਾਇਦਾਦ ਰੱਖਣ ਅਤੇ ਵੇਚਣ ਜਿਹੇ ਹੋਰ ਅਨੇਕਾਂ ਹੀ ਅਧਿਕਾਰ ਦਰਜ ਕੀਤੇ ਗਏ ਹਨ।

ਇਹਦੇ ਲਈ ਦੇਸ਼ ਦੇ ਸਮੁੱਚੇ ਨਾਗਰਿਕਾਂ ਨੂੰ, ਜਿੱਥੇ ਇਨ੍ਹਾਂ ਅਧਿਕਾਰਾਂ ਤੇ ਫਰਜਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਉੱਥੇ ਇਨ੍ਹਾਂ ਅਧਿਕਾਰਾਂ ਪ੍ਰਤੀ ਸੁਚੇਤ ਵੀ ਰਹਿਣਾ ਚਾਹੀਦਾ ਹੈ। ਇਹ ਸੰਵਿਧਾਨ ਹੀ ਹੈ, ਜਿਸ ਦੇ ਸਹਾਰੇ ਦੇਸ਼ ਦਾ ਹਰ ਨਾਗਰਿਕ ਆਪਣੇ ਆਪਨੂੰ ਆਜਾਦ ਮਹਿਸੂਸ ਕਰ ਰਿਹਾ ਹੈ। ਅਗਰ ਕਿਸੇ ਨਾਗਰਿਕ ਦੇ ਕਿਸੇ ਵੀ ਕਾਨੂੰਨ ਦੀ ਅਵੱਗਿਆ ਹੁੰਦੀ ਹੈ, ਤਾਂ ਕੋਈ ਵੀ ਵਿਅਕਤੀ ਆਪਣੇ ਅਧਿਕਾਰਾਂ ਦੀ ਰਾਖੀ ਲਈ ਮਾਨਯੋਗ ਅਦਾਲਤਾਂ ਦਾ ਸਹਾਰਾ ਲੈ ਸਕਦਾ ਹੈ। ਮੁੱਕਦੀ ਗੱਲ ਤਾਂ ਇਹ ਹੈ ਕਿ ਅਗਰ ਦੇਸ਼ ਦਾ ਸੰਵਿਧਾਨ ਸੁਰੱਖਿਅਤ ਹੈ ਤਾਂ ਹੀ ਅਸੀਂ ਸਾਰੇ ਸੁਰੱਖਿਅਤ ਹਾਂ।ਸੰਵਿਧਾਨ ਤੋਂ ਬਿਨਾਂ, ਅਸੀਂ ਗੁਲਾਮਾਂ ਵਾਲੀ ਜਿੰਦਗੀ ਜਿਉਣ ਲਈ ਮਜਬੂਰ ਹੋ ਜਾਵਾਂਗੇ। ਇਸ ਲਈ ਇਸ ਸੰਵਿਧਾਨ ਦੀ ਰਾਖੀ ਕਰਨਾ, ਸਾਡਾ ਸਾਰਿਆਂ ਦਾ ਹੀ ਨੈਤਿਕ ਫਰਜ਼ ਬਣਦਾ ਹੈ। ਇਸ ਫਰਜ਼ ਨੂੰ, ਸਾਨੂੰ ਹਰ ਹਾਲਤ ਵਿੱਚ ਨਿਭਾਉਣਾ ਹੀ ਪੈਣਾ ਹੈ।

ਸੰਪਰਕ: 93169 10402

Share This Article
Leave a Comment