ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਵਿਚਕਾਰ ਸ਼ੁਰੂ ਹੋਇਆ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਐਲੀ ਮਾਂਗਟ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਹੁਣ ਐਲੀ ਮਾਂਗਟ ਜ਼ਮਾਨਤ ਮਿਲਣ ਤੋਂ ਬਾਅਦ ਭਾਵੇਂ ਜੇਲ੍ਹ ਵਿੱਚੋਂ ਤਾਂ ਬਾਹਰ ਆ ਗਏ ਹਨ ਪਰ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਮਿਲ ਕੇ ਸੋਹਾਨਾ ਪੁਲਿਸ ਥਾਣੇ ਦੇ ਡੀਐਸਪੀ, ਐਸਐਚਓ, ਡੀਐਸਪੀ ਦੇ ਦੋ ਰੱਖਿਆ ਕਰਮੀਆਂ ਖਿਲਾਫ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਆਪਣੇ ਖਿਲਾਫ ਦਰਜ ਕੇਸ ਨੂੰ ਸੋਹਾਨਾਂ ਥਾਣੇ ਤੋਂ ਸ਼ਿਫਟ ਕਰਵਾਉਣ ਅਤੇ ਥਾਣੇ ‘ਚ ਕੁੱਟਣ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ।
ਐਲੀ ਮਾਂਗਟ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸ ਨੂੰ ਐਸਐਚਓ ਦੇ ਕਮਰੇ ‘ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਇਸੇ ਦੌਰਾਨ ਉਸ ਨੂੰ ਨਿਰਵਸਤਰ ਵੀ ਕਰ ਦਿੱਤਾ ਗਿਆ। ਐਲੀ ਨੇ ਇਹ ਇਲਜ਼ਾਮ ਵੀ ਲਾਇਆ ਕਿ ਸੋਹਾਨਾ ਥਾਣੇ ‘ਚ ਸੀਸੀਟੀਵੀ ਕੈਮਰੇ ਲੱਗੇ ਹਨ ਪਰ ਐਸਐਚਓ ਦੇ ਕਮਰੇ ਅੰਦਰ ਕੋਈ ਵੀ ਕੈਮਰਾ ਨਹੀਂ ਲੱਗਿਆ ਜਿਸ ਕਾਰਨ ਉਨ੍ਹਾਂ ਨੂੰ ਐਸਐਚਓ ਦੇ ਕਮਰੇ ‘ਚ ਲੈ ਜਾ ਕੁੱਟਿਆ ਗਿਆ। ਐਲੀ ਮਾਂਗਟ ਨੇ ਸੋਹਾਨਾ ਥਾਣੇ ‘ਚੋਂ ਆਪਣਾ ਕੇਸ ਤੁਰੰਤ ਕਿਸੇ ਹੋਰ ਥਾਣੇ ਵਿੱਚ ਭੇਜੇ ਜਾਣ ਦੀ ਮੰਗ ਕਰਦਿਆਂ ਕਿਹਾ ਇਸ ਕੇਸ ਦੀ ਜਾਂਚ ਬਿਨਾਂ ਕਿਸੇ ਪੱਖ ਪਾਤ ਦੇ ਕੀਤੀ ਜਾਵੇ।