ਜਲੰਧਰ: ਪੰਜਾਬ ਦੀ ਸਿੱਖਿਆ ਪ੍ਰਣਾਲੀ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੀਸ਼ਾ ਦਿਖਾਉਂਦਿਆਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਸਪੱਸ਼ਟ ਕਿਹਾ ਕਿ ਪੰਜਾਬ ਵਿੱਚ 19377 ਸਕੂਲ ਹਨ, ਜਿਨ੍ਹਾਂ ਦੀ ਦਿੱਲੀ ਦੇ 2767 ਸਕੂਲਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।
ਸਿੱਖਿਆ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੂੰ ਸਸਤੇ ਪ੍ਰਚਾਰ ਦੇ ਹਥਕੰਡੇ ਅਪਨਾਉਣ ਦੀ ਬਜਾਏ ਮੁੱਦਿਆਂ ‘ਤੇ ਅਧਾਰਿਤ ਰਾਜਨੀਤੀ ਕਰਨ ਦੀ ਸਲਾਹ ਦਿੱਤੀ।
ਮੰਤਰੀ ਨੇ ਕਿਹਾ ਕਿ ਪੰਜਾਬ ਵਰਗੇ ਸੰਪੂਰਨ ਸੂਬੇ ਨੂੰ ਦੂਰ-ਦੁਰਾਡੇ ਦੇ ਸਕੂਲਾਂ ਨਾਲ ਚਲਾਉਣ ਦੀਆਂ ਪੇਚੀਦਗੀਆਂ ਦਿੱਲੀ ਵਰਗੀ ਸੰਕੁਚਿਤ ਨਗਰ ਪਾਲਿਕਾ ਤੋਂ ਪੂਰੀ ਤਰ੍ਹਾਂ ਵੱਖਰੀ ਚੁਣੌਤੀ ਹਨ।ਪੰਜਾਬ ਵਿੱਚ ਦਿੱਲੀ ਨਾਲੋਂ 7 ਗੁਣਾ ਜ਼ਿਆਦਾ ਸਕੂਲ ਹਨ। ਉਨ੍ਹਾਂ ਵਿਦਿਆਰਥੀਆਂ, ਅਧਿਆਪਕਾਂ, ਪ੍ਰਵਾਸੀ ਭਾਰਤੀਆਂ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਮੁਬਾਰਕਬਾਦ ਵੀ ਦਿੱਤੀ, ਜਿਨ੍ਹਾਂ ਦੇ ਯਤਨਾਂ ਸਦਕਾ ਪੰਜਾਬ ਨੇ ਨੈਸ਼ਨਲ ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀ.ਜੀ.ਆਈ.) ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ।
ਸੂਬਾ ਸਰਕਾਰ ਵੱਲੋਂ ਵਿੱਦਿਅਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀਆਂ ਪਹਿਲਕਦਮੀਆਂ ‘ਤੇ ਚਾਨਣਾ ਪਾਉਂਦਿਆਂ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਤਕਰੀਬਨ 20,000 ਅਧਿਆਪਕਾਂ ਦੀ ਭਰਤੀ ਸ਼ੁਰੂ ਕੀਤੀ ਗਈ ਹੈ, ਜੋ ਕਿ ਅਗਲੇ ਮਹੀਨੇ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਰੋਜ਼ਗਾਰ ਵਿੱਚ ਸੁਧਾਰ ਦੇ ਮੰਤਵ ਨਾਲ ਸਿੱਖਿਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸੂਬੇ ਦੇ ਚੋਟੀ ਦੇ ਸਿੱਖਿਆ ਸ਼ਾਸਤਰੀਆਂ ਦਾ ਇਕ ਮੰਚ ਤਿਆਰ ਕੀਤਾ ਗਿਆ ਹੈ।
ਕੇਜਰੀਵਾਲ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਮੰਤਰੀ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ‘ਚ ਦੋਵਾਂ ਰਾਜਾਂ ਵਿਚ ਕ੍ਰਮਵਾਰ 32.27 ਅਤੇ 25 ਪ੍ਰਤੀਸ਼ਤ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਪਰ ਪ੍ਰਾਇਮਰੀ ਪੱਧਰ ਤੱਕ ਜ਼ੀਰੋ ਫੀਸਦੀ ਡਰਾਪ ਆਊਟ ਦਰ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ‘ਆਪ’ ਦੇ ਸੀਨੀਅਰ ਆਗੂ ਐਚ.ਐਸ.ਫੂਲਕਾ ਵੱਲੋਂ ਵੀ ਪੀ.ਜੀ.ਆਈ. ਵਿੱਚ ਵਿਲੱਖਣ ਪ੍ਰਾਪਤੀ ‘ਤੇ ਪੰਜਾਬ ਦੇ ਸਿੱਖਿਆ ਮਾਡਲ ਦੀ ਸ਼ਲਾਘਾ ਕੀਤੀ ਗਈ ਸੀ। ਪਰਗਟ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਸਮਾਰਟ ਸਕੂਲ, ਮੈਰੀਟੋਰੀਅਸ ਸਕੂਲ, ਸਰਹੱਦੀ ਖੇਤਰਾਂ ਦੇ ਸਕੂਲ, ਅਧਿਆਪਕਾਂ ਦੀ ਗਿਣਤੀ ਅਤੇ ਪੇਂਡੂ ਸਕੂਲਾਂ ਦਾ ਵਿਸ਼ਾਲ ਵਿੱਦਿਅਕ ਢਾਂਚਾ ਹੈ।
ਦਾਖਲਿਆਂ ਬਾਰੇ ਜਾਣਕਾਰੀ ਦਿੰਦਿਆਂ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਿੱਲੀ ਦੇ 47.04 ਦੇ ਮੁਕਾਬਲੇ 55.5 ਪ੍ਰਤੀਸ਼ਤ ਹੈ। ਇਸੇ ਤਰ੍ਹਾਂ ਪੰਜਾਬ ਦੇ ਸਕੂਲਾਂ ਦੀ ਪ੍ਰਾਇਮਰੀ ਤੋਂ ਅੱਪਰ ਪ੍ਰਾਇਮਰੀ ਗਰੁੱਪ ਵਿੱਚ ਤਬਦੀਲੀ 99.37 ਫੀਸਦੀ, ਅੱਪਰ ਪ੍ਰਾਇਮਰੀ ਤੋਂ ਸੈਕੰਡਰੀ ਵਿੱਚ 100.75 ਫੀਸਦੀ ਹੈ ਜਦਕਿ ਦਿੱਲੀ ਵਿੱਚ ਕ੍ਰਮਵਾਰ 97.01 ਅਤੇ 97.07 ਫੀਸਦੀ ਹੈ। ਇਸੇ ਤਰ੍ਹਾਂ ਜਿਥੇ ਪੰਜਾਬ ਦੇ ਸੈਕੰਡਰੀ ਸਕੂਲਾਂ ਵਿੱਚ ਬਰਕਰਾਰ ਰਹਿਣ ਦਰ (ਰਿਟੈਂਸ਼ਨ ਰੇਟ) ਦਿੱਲੀ ਦੇ 81.08 ਫੀਸਦੀ ਦੇ ਮੁਕਾਬਲੇ 86.02 ਫੀਸਦੀ ਹੈ ਉਥੇ ਹਾਇਰ ਸੈਕੰਡਰੀ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਰਿਟੈਂਸ਼ਨ ਦਰ 91.09 ਫੀਸਦੀ ਹੈ, ਜੋ ਅਗਸਤ ਵਿੱਚ ਦਿੱਲੀ ਵਿੱਚ 59.04 ਫੀਸਦੀ ਸੀ।
ਮੰਤਰੀ ਨੇ ਕਿਹਾ ਕਿ ਸੂਬੇ ਨੂੰ ਸਿੱਖਿਆ ਗ੍ਰਾਂਟਾਂ ਦੇ ਪ੍ਰਬੰਧ ਵਿੱਚ ਕੇਂਦਰ ਵੱਲੋਂ ਵਿੱਤੀ ਪੱਖਪਾਤ ਦੇ ਬਾਵਜੂਦ ਪੰਜਾਬ ਇਹ ਸਭ ਕੁਝ ਹਾਸਲ ਕਰਨ ਦੇ ਸਮਰੱਥ ਹੈ।
ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਕਦੇ ਵੀ ਕੇਜਰੀਵਾਲ ਦੇ ਏਜੰਡੇ ‘ਤੇ ਨਹੀਂ ਰਿਹਾ ਕਿਉਂਕਿ ਉਹ ਪੰਜਾਬ ਵਿੱਚ ਕੁਝ ਹੋਰ ਅਤੇ ਦਿੱਲੀ ਵਿਚ ਕੁਝ ਹੋਰ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਨਾ ਤਾਂ ਕਦੇ ਕੇਜਰੀਵਾਲ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਮੰਤਰੀ ਵੱਲੋਂ ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ ਹੁਣ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਉਹ ਸਕੂਲਾਂ ਦਾ ਦੌਰਾ ਕਰ ਰਹੇ ਹਨ।