ਚੰਡੀਗੜ੍ਹ: ਇੱਥੋਂ ਦੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਦੇਰ ਰਾਤ ਨਸ਼ੇ ‘ਚ ਚੂਰ ਹੋ ਕੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ। ਹੈੱਡ ਕਾਂਸਟੇਬਲ ਰਾਜੀਵ ਨੇ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਅਤੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਬਾਹਰ ਹੰਗਾਮਾ ਕਰ ਰਿਹਾ ਸੀ।
ਹੈੱਡ ਕਾਂਸਟੇਬਲ ਦਾ ਤਮਾਸ਼ਾ ਦੇਖ ਹਸਪਤਾਲ ਦੇ ਗੇਟ ਬਾਹਰ ਵੱਡੀ ਗਿਣਤੀ ਵਿੱਚ ਭੀੜ ਜੁਟ ਗਈ ਅਤੇ ਲੋਕਾਂ ਨੇ ਮੌਕੇ ਤੇ ਵੀਡੀਓ ਬਣਾ ਲਈ। ਵਾਇਰਲ ਹੋਈ ਵੀਡੀਓ ‘ਚ ਦੇਖਿਆ ਗਿਆ ਕਿ ਸ਼ਰਾਬ ਦੇ ਨਸ਼ੇ ‘ਚ ਹੈੱਡ ਕਾਂਸਟੇਬਲ ਰਾਜੀਵ ਲੋਕਾਂ ਵੱਲ ਭੱਜਦਾ ਆ ਰਿਹਾ ਸੀ ਅਤੇ ਉਨ੍ਹਾਂ ਨੂੰ ਡੰਡੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਜਿਸ ਤੋਂ ਬਾਅਦ ਨਾਈਟ ਡਿਊਟੀ ਇੰਸਪੈਕਟਰ ਮੌਕੇ ‘ਤੇ ਪਹੁੰਚੇ ਅਤੇ ਉਹ ਹੈੱਡ ਕਾਂਸਟੇਬਲ ਨੂੰ ਉਸ ਦੀ ਗੱਡੀ ‘ਚ ਪਾ ਕੇ ਲੈ ਗਏ।
ਚਸ਼ਮਦੀਦਾਂ ਦੇ ਕਹਿਣ ਮੁਤਾਬਕ ਹੈੱਡ ਕਾਂਸਟੇਬਲ ਵਰਦੀ ਵਿਚ ਸੀ ਅਤੇ ਆਪਣੀ ਨਿੱਜੀ ਕਾਰ ਵਿੱਚ ਆਇਆ ਸੀ। ਹਸਪਤਾਲ ਦੇ ਗੇਟ ਬਾਹਰ ਆ-ਜਾ ਰਹੇ ਲੋਕਾਂ ਨੂੰ ਉਹ ਡੰਡਾ ਮਾਰਨ ਦੀ ਧਮਕੀ ਦੇ ਕੇ ਦੌੜਾ ਰਿਹਾ ਸੀ। ਇਸ ਦੌਰਾਨ ਇੱਕ ਰਾਹਗੀਰ ਨੇ ਵੀਡੀਓ ਬਣਾ ਲਈ। ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਉਕਤ ਹੈੱਡ ਕਾਂਸਟੇਬਲ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।