ਚੰਡੀਗੜ੍ਹ (ਅਵਤਾਰ ਸਿੰਘ) : ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਡਾ. ਸਤਿੰਦਰ ਕੌਰ ਔਲਖ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਤੋਂ ਪ੍ਰੋਫੈਸਰ ਸੇਵਾਮੁਕਤ ਸਨ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ ਪਲਾਹੀ ਤੇ ਸੁਸਾਇਟੀ ਦੇ ਮੈਂਬਰਾਨ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ 70 ਸਾਲ ਦੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਨ੍ਹਾਂ 6 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਉਨ੍ਹਾਂ ਨੇ 25 ਸਾਲ ਦੇ ਕਰੀਬ ਮੱਧਕਲੀਨ ਪੰਜਾਬ ਸਾਹਿਤ, ਭਾਸ਼ਾ ਵਿਗਿਆਨ, ਲੋਕਧਾਰਾ, ਪੰਜਾਬੀ ਬਿਰਤਾਂਤ ਅਤੇ ਲੋਕਧਾਰਾ ਸਾਹਿਤ ‘ਤੇ ਵੱਡਮੁਲਾ ਖੋਜਕਾਰਜ ਕੀਤਾ। ਉਹ ਆਪਣੇ ਪਤੀ ਡਾ. ਪਰਮਿੰਦਰ ਸਿੰਘ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅੰਗਰੇਜ਼ੀ ਵਿਭਾਗ ਤੋਂ ਬਤੌਰ ਮੁਖੀ ਸੇਵਾਮੁਕਤ ਹਨ ਨਾਲ ਅਗਾਂਹਵਧੂ ਗਤੀਵਿਧੀਆਂ ਵਿਚ ਕਾਰਜਸ਼ੀਲ ਰਹੇ। ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਪੰਜਾਬੀ ਸਾਹਿਤ ਲਈ ਪਾਏ ਵੱਡਮੁਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।