ਤਰਨਤਾਰਨ: ਤਰਨਤਾਰਨ ਵਿੱਚ ਇਸ ਸਮੇਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਇਕ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਧਰਮਵੀਰ ਅਗਨੀਹੋਤਰੀ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤੇ ਤੀਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਕਸ਼ਮੀਰ ਸਿੰਘ ਸੋਹਲ ਵਿਚਾਲੇ ਤਿਕੋਣਾ ਮੁਕਾਬਲਾ ਫਸਿਆ ਹੋਇਆ ਹੈ।
ਉੱਥੇ ਹੀ ਤਰਨਤਾਰਨ ਦਾ ਮਾਹੋਲ ਉਸ ਸਮੇਂ ਗਰਮਾ ਗਿਆ ਜਦੋਂ ਅਕਾਲੀ ਦਲ ਦੇ ਲੀਡਰਾਂ ‘ਤੇ ਧੱਕੇ ਨਾਲ ਸਿਰਪਾਉ ਪਾ ਕੇ ਕਾਂਗਰਸੀ ਵਰਕਰਾ ਨੂੰ ਪਾਰਟੀ ‘ਚ ਸ਼ਾਮਲ ਕਰਨ ਦੇ ਦੋਸ਼ ਵੀ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਵਰਕਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਅਕਾਲੀ ਦਲ ਦੇ ਆਗੂ ਭੁਪਿੰਦਰ ਸਿੰਘ ਖੇੜਾ ਵੱਲੋਂ ਜ਼ਬਰਦਸਤੀ ਘਰ ਵਿੱਚ ਆ ਕੇ ਉਨ੍ਹਾਂ ਦੇ ਗਲ ਵਿੱਚ ਸਿਰਪਾਉ ਪਾਇਆ ਗਿਆ ਜਦਕਿ ਉਹ ਸ਼ਰ੍ਹੇਆਮ ਕਾਂਗਰਸ ਪਾਰਟੀ ਦਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਨੀਤੀ ਨਾਲ ਸੀਟ ਨਹੀਂ ਜਿੱਤ ਸਕਦੀ।
ਉੱਥੇ ਹੀ ਦੂਜੇ ਪਾਸੇ ਕਾਂਗਰਸੀ ਆਗੂ ਰਮਣੀਕ ਸਿੰਘ ਖੇੜਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਇਸ ਤਰ੍ਹਾਂ ਲੋਕ ਉਸ ਨਾਲ ਨਹੀਂ ਜੁੜਨਗੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਹਲਕੇ ਦੀ ਸੀਟ ਭਾਰੀ ਸ਼ਾਨੋ ਸ਼ੌਕਤ ਨਾਲ ਜਿੱਤੇਗੀ।