ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਹੋਇਆ ਦਿਹਾਂਤ

TeamGlobalPunjab
1 Min Read

ਮੁਕੇਰੀਆਂ: ਹਲਕਾ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਬੀਮਾਰੀ ਦੇ ਚਲਦਿਆਂ ਅੱਜ ਦਿਹਾਂਤ ਹੋ ਗਿਆ ਹੈ। 59 ਸਾਲਾ ਬੱਬੀ ਕਾਫੀ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਚੰਡੀਗੜ੍ਹ ਸਥਿਤ ਪੀ.ਜੀ.ਆਈ. ਵਿਖੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਰਜਨੀਸ਼ ਕੁਮਾਰ ਨੇ ਅੱਜ ਸਵੇਰੇ ਸਾਢੇ 3 ਵਜੇ ਆਖਰੀ ਸਾਹ ਲਏ।

ਮਿਲੀ ਜਾਣਕਾਰੀ ਮੁਤਾਬਕ ਰਜਨੀਸ਼ ਕੁਮਾਰ ਬੱਬੀ ਦਾ ਸਸਕਾਰ ਅੱਜ ਵਿਧਾਨ ਸਭਾ ਮੁਕੇਰਿਆ ਵਿੱਚ ਹੋਵੇਗਾ। ਰਜਨੀਸ਼ ਕੁਮਾਰ ਬੱਬੀ ਸਾਬਕਾ ਵਿੱਤ ਮੰਤਰੀ ਸਵ. ਕੇਵਲ ਕ੍ਰਿਸ਼ਣ ਦੇ ਪੁੱਤਰ ਸਨ। ਦੱਸ ਦੇਈਏ ਕਿ ਰਜਨੀਸ਼ ਕੁਮਾਰ ਬੱਬੀ ਲਗਾਤਾਰ ਦੋ ਵਾਰ ਮੁਕੇਰੀਆਂ ਤੋਂ ਵਿਧਾਇਕ ਚੁੱਣੇ ਗਏ ਸਨ। ਵਿਧਾਇਕ ਦੀ ਮੌਤ ਨਾਲ ਹਲਕੇ ਵਿਚ ਸੋਗ ਦੀ ਲਹਿਰ ਹੈ।

ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਰਜਨੀਸ਼ ਕੁਮਾਰ ਬੱਬੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਰਜਨੀਸ਼ ਕੁਮਾਰ ਬੱਬੀ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਲੱਗਿਆ ਹੈ।

ਦੱਸ ਦੇਈਏ ਕਿ ਸਾਲ 2012 ਦੀਆਂ ਚੋਣਾਂ ਦੌਰਾਨ ਰਜਨੀਸ਼ ਕੁਮਾਰ ਬੱਬੀ ਵੱਲੋਂ ਕਾਂਗਰਸ ਪਾਰਟੀ ਤੋਂ ਬਗ਼ਾਵਤ ਕਰ ਦਿੱਤੀ ਗਈ ਸੀ ਕਿਉਂਕਿ ਪਾਰਟੀ ਨੇ ਮੁਕੇਰੀਆਂ ਤੋਂ ਅਜੀਤ ਕੁਮਾਰ ਨਾਰੰਗ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਬੱਬੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਕੇ ਵੀ ਜਿੱਤ ਹਾਸਲ ਕੀਤੀ ਸੀ।

Share this Article
Leave a comment