ਕਿੱਟੀ ਪਾਰਟੀ ਵਾਲੇ ਜਿਊਲ਼ਰਾਂ ਖ਼ਿਲਾਫ਼ ਪਰਚਾ ਦਰਜ,ਨਿਯਮਾਂ ਦੇ ਉਲਟ ਜਾ ਕੇ ਕਰਦੇ ਸਨ ਕਾਰੋਬਾਰ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜਿਊਲਰਾਂ ਵੱਲੋਂ ਕਿੱਟੀ ਪਾਰਟੀਆਂ ਦਾ ਕਾਰੋਬਾਰ ਨਿਯਮਾਂ ਦੀ ਉਲੰਘਣਾ ਕਰਕੇ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸੋਨਾ ਵੀ ਸਹੀ ਨਹੀਂ ਦਿੱਤਾ ਜਾ ਰਿਹਾ ਅਤੇ ਸਰਕਾਰੀ ਟੈਕਸ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਕਾਰਨ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ‘ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਕੁਝ ਜਿਊਲਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਜਿਊਲਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰਿੰਦਰ ਆਸਥਾ ਅਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਹਿਦੇਵ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਪਰਚਾ ਦਰਜ ਕਰਨ ਪ੍ਰਤੀ ਗੰਭੀਰਤਾ ਨਹੀਂ ਵਿਖਾਈ। ਜਿਨ੍ਹਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ ਉਨ੍ਹਾਂ ਖ਼ਿਲਾਫ਼ ਤਾਂ ਪਰਚਾ ਦਰਜ ਨਹੀਂ ਕੀਤਾ ਗਿਆ ਜਦਕਿ ਹੋਰਨਾਂ ਜਿਊਲਰਾਂ ਨੂੰ ਪਰਚੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ । ਇੱਥੋਂ ਤੱਕ ਕੇ ਹੌਲ ਮਾਰਕ ਸਬੰਧੀ ਗਲਤ ਰਿਪੋਰਟਾਂ ਦੇਣ ਵਾਲੇ ਇਕ ਜਿਊਲਰ ਦੇ ਖਿਲਾਫ ਵੀ ਕਾਰਵਾਈ ਨਹੀਂ ਕੀਤੀ ਗਈ।

ਇਨ੍ਹਾਂ ਆਗੂਆਂ ਨੇ ਦੱਸਿਆ ਕਿ ਲੋਕਾਂ ਨੇ ਹੌਲ ਮਾਰਕ ਸੋਨਾ ਦਿੱਤਾ ਜਾ ਰਿਹਾ ਹੈ ਪਰ ਹੌਲ ਮਾਰਕ ਦੀਆਂ ਰਿਪੋਰਟਾਂ ਗਲਤ ਬਣਾਈਆਂ ਜਾਂਦੀਆਂ ਹਨ। ਜ਼ੀਰੋ ਫੀਸਦੀ ਲੇਬਰ ਦਾ ਝਾਂਸਾ ਦੇ ਕੇ ਗਾਹਕ ਫਸਾਏ ਜਾਂਦੇ ਹਨ ਅਤੇ ਵਿਦੇਸ਼ੀ ਟੂਰਾਂ ਦਾ ਲਾਲਚ ਵੀ ਦਿੱਤਾ ਜਾਂਦਾ ਹੈ। ਇਸ ਦਾ ਨੁਕਸਾਨ ਇਹ ਹੈ ਕਿ ਸਹੀ ਤਰ੍ਹਾਂ ਦਾ ਕਾਰੋਬਾਰ ਕਰਨ ਵਾਲੇ ਜਿਊਲਰਾਂ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਦੋਸ਼ ਲਗਾਇਆ ਗਿਆਰਾਂ ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਨੇ ਦੇਰੀ ਨਾਲ ਪਰਚਾ ਦਰਜ ਕੀਤਾ ਹੈ।

ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਲਿਜਾਣ ਵਾਲੇ ਵਕੀਲ ਘੁੰਮਣ ਭਰਾਵਾਂ ਨੇ ਕਿਹਾ ਕਿ ਜਾਹਲਸ਼ਾਜ ਜਿਊਲਰ ਲੋਕਾਂ ਨਾਲ ਵਿਸ਼ਵਾਸਘਾਤ ਕਰਦੇ ਹਨ ਕਿਉਂਕਿ ਲੋਕਾਂ ਨੂੰ ਸਹੀ ਸੋਨਾ ਦੇਣ ਦੀ ਬਜਾਏ ਖੋਟ ਵਾਲਾ ਸੋਨਾ ਦਿੱਤਾ ਜਾਂਦਾ ਹੈ। ਘੁੰਮਣ ਭਰਾਵਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਸਾਰੇ ਦੋਸ਼ੀਆਂ ‘ਤੇ ਅਗਲਾ ਪਰਚਾ ਦਰਜ ਨਾ ਕੀਤਾ ਅਤੇ ਬਣਦੀਆਂ ਧਾਰਾਵਾਂ ਨਾ ਲਗਾਈਆਂ ਤਾਂ ਉਹ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਇਨਸਾਫ਼ ਲਈ ਉਹ ਸੁਪਰੀਮ ਕੋਰਟ ਤੱਕ ਵੀ ਜਾਣਗੇ।

Share This Article
Leave a Comment