ਜਰਨਲਿਸਟ ਵੈਲਫੇਅਰ ਸਕੀਮ ਤਹਿਤ ਹਰੇਕ ਪਰਿਵਾਰ ਨੂੰ ਮਿਲਣਗੇ 5 ਲੱਖ ਰੁਪਏ
ਚੰਡੀਗੜ੍ਹ, (ਅਵਤਾਰ ਸਿੰਘ): ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਪੱਤਰ ਸੂਚਨਾ ਦਫ਼ਤਰ ਨੇ ਆਪਣੇ ਆਪ ਕਾਰਵਾਈ ਕਰਦਿਆਂ ਉਨ੍ਹਾਂ ਪੱਤਰਕਾਰਾਂ ਦੇ ਵੇਰਵੇ ਇਕੱਠੇ ਕੀਤੇ ਜਿਨ੍ਹਾਂ ਨੇ 2020 ਅਤੇ 2021 ਸਾਲਾਂ ਦੌਰਾਨ ਮਹਾਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਇਹ ‘ਜਰਨਲਿਸਟ ਵੈਲਫੇਅਰ ਸਕੀਮ’ ਦੇ ਤਹਿਤ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਕੇਂਦਰ ਸਰਕਾਰ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਮਿਤ ਖਰੇ ਦੀ ਅਗਵਾਈ ਹੇਠਲੀ ‘ਜਰਨਲਿਸਟ ਵੈਲਫੇਅਰ ਸਕੀਮ ਕਮੇਟੀ’ ਦੇ ਉਸ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਮੁਤਾਬਕ ਵਿੱਤ ਵਰ੍ਹੇ 2020-21 ਦੌਰਾਨ ਕੋਵਿਡ-19 ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ 26 ਪੱਤਰਕਾਰਾਂ ਦੇ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਣੀ ਹੈ, ਕੇਂਦਰ ਸਰਕਾਰ ਨੇ ਕੋਵਿਡ ਕਾਰਨ ਮਾਰੇ ਗਏ ਪੱਤਰਕਾਰਾਂ ਦੇ 41 ਪਰਿਵਾਰਾਂ ਨੂੰ ਅਜਿਹੀ ਸਹਾਇਤਾ ਮੁਹੱਈਆ ਕਰਵਾਈ ਹੈ। ਇਹ ਸਹਾਇਤਾ ਹੁਣ ਤੱਕ ਕੁੱਲ 67 ਪੱਤਰਕਾਰਾਂ ਦੇ ਪਰਿਵਾਰਾਂ ਨੂੰ ਦਿੱਤੀ ਜਾ ਚੁੱਕੀ ਹੈ। ਕਮੇਟੀ ਨੇ ਕੋਵਿਡ ਕਾਰਨ ਪ੍ਰਭਾਵਿਤ ਹੋਏ ਪੱਤਰਕਾਰਾਂ ਦੇ ਪਰਿਵਾਰਾਂ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।
‘ਪੱਤਰ ਸੂਚਨਾ ਦਫ਼ਤਰ’ ਨੇ ਕੋਵਿਡ-19 ਕਾਰਨ ਜਾਨਾਂ ਗੁਆ ਚੁੱਕੇ ਬਹੁਤ ਸਾਰੇ ਪੱਤਰਕਾਰਾਂ ਦੇ ਪਰਿਵਾਰਾਂ ਤੱਕ ਪੂਰੀ ਸਰਗਰਮੀ ਨਾਲ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਇਸ ਯੋਜਨਾ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਆਪੋ-ਆਪਣੇ ਦਾਅਵੇ ਪੇਸ਼ ਕਰਨ ਦੀ ਸਲਾਹ ਦਿੱਤੀ।
ਇਸ ਕਮੇਟੀ ਨੇ ‘ਜਰਨਲਿਸਟ ਵੈਲਫੇਅਰ ਸਕੀਮ’ ਦੇ ਤਹਿਤ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਹਿਤ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕਰਨ ਵਾਸਤੇ ‘ਜਰਨਲਿਸਟ ਵੈਲਫੇਅਰ ਸਕੀਮ’ ਦੀਆਂ ਬੈਠਕਾਂ ਹਰ ਹਫ਼ਤੇ ਕਰਨ ਦਾ ਫ਼ੈਸਲਾ ਵੀ ਲਿਆ।
ਕਮੇਟੀ ਨੇ ਕੋਵਿਡ-19 ਤੋਂ ਇਲਾਵਾ ਹੋਰ ਕਿਸੇ ਕਾਰਨਾਂ ਕਰਕੇ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਚੁੱਕੇ ਪੱਤਰਕਾਰਾਂ ਦੇ 11 ਪਰਿਵਾਰਾਂ ਦੀਆਂ ਅਰਜ਼ੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
‘ਜਰਨਲਿਸਟ ਵੈਲਫੇਅਰ ਸਕੀਮ’ ਬੈਠਕ ਵਿੱਚ ਸ਼੍ਰੀ ਜੈਦੀਪ ਭਟਨਾਗਰ, ਪ੍ਰਿੰਸੀਪਲ ਡਾਇਰੈਕਟਰ ਜਨਰਲ, ‘ਪੱਤਰ ਸੂਚਨਾ ਦਫ਼ਤਰ’, ਸ਼੍ਰੀ ਵਿਕਰਮ ਸਹਾਏ, ਸੰਯੁਕਤ ਸਕੱਤਰ (ਸੂਚਨਾ ਤੇ ਪ੍ਰਸਾਰਣ), ਕਮੇਟੀ ਦੇ ਪੱਤਰਕਾਰ ਨੁਮਾਇੰਦੇ ਸ਼੍ਰੀ ਸੰਤੋਸ਼ ਠਾਕੁਰ, ਸ਼੍ਰੀ ਅਮਿਤ ਕੁਮਾਰ, ਸ਼੍ਰੀ ਉਮੇਸ਼ਵਰ ਕੁਮਾਰ, ਸੁਸ਼੍ਰੀ ਸ੍ਰਿਜਨਾ ਸ਼ਰਮਾ ਸਮੇਤ ਹੋਰ ਮੈਂਬਰਾਂ ਨੇ ਵੀ ਹਿੱਸਾ ਲਿਆ।
‘ਜਰਨਲਿਸਟ ਵੈਲਫੇਅਰ ਸਕੀਮ’ ਦੇ ਤਹਿਤ ਸਹਾਇਤਾ ਹਾਸਲ ਕਰਨ ਲਈ ਪੱਤਰਕਾਰ ਅਤੇ ਉਨ੍ਹਾਂ ਦੇ ਪਰਿਵਾਰ ‘ਪੱਤਰ ਸੂਚਨਾ ਦਫ਼ਤਰ’ ਵੈੱਬਸਾਈਟ https://accreditation.pib.gov.in/jws/default.aspx ਰਾਹੀਂ ਅਰਜ਼ੀਆਂ ਦੇ ਸਕਦੇ ਹਨ।