ਬੁਢਲਾਡਾ: ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਅੱਜ ਪਿੰਡ ਅਕਬਰਪੁਰ ਹਲਕਾ ਬੁਢਲਾਡਾ ਵਿਖੇ ਆਪਣੀ ਪੂਰੀ ਟੀਮ ਨਾਲ ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਧੀਆਂ ਨੂੰ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਦੁੱਖੜਾ ਸੁਨਣ ਉਨ੍ਹਾਂ ਦੇ ਘਰ ਪੁੱਜੇ। ਮੀਟਿੰਗ ਦੌਰਾਨ ਮਾਹੌਲ ਉਦੋਂ ਬਹੁਤ ਭਾਵੁਕ ਹੋ ਗਿਆ ਜਦੋਂ ਪੜ੍ਹਿਆ ਲਿਖੀਆ ਲੜਕੀਆਂ ਰਿੰਪੀ ਕੌਰ, ਬੇਅੰਤ ਕੌਰ, ਗੋਲੋ, ਕਰਮਜੀਤ ਕੌਰ ਅਤੇ ਕੁਲਦੀਪ ਕੌਰ ਨੇ ਸੂਬਾ ਪ੍ਰਧਾਨ ਨੁੰ ਦੱਸਿਆ ਕਿ ਸਾਰੀਆਂ ਲੜਕੀਆਂ ਨੇ ਐੱਮ ਏ , ਬੀਐਡ ਤੇ ਟੈੱਟ ਪਾਸ ਕੀਤਾ ਹੋਇਆ ਹੈ ।ਪਰ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਲੱਖਾਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਵੀ ਪੜੇ ਲਿਖੇ ਧੀਆਂ ਪੁੱਤਰ ਪੰਜਾਬ ਵਿੱਚ ਡਿਗਰੀਆਂ ਪ੍ਰਾਪਤ ਕਰਕੇ ਧੱਕੇ ਖਾਣ ਲਈ ਮਜਬੂਰ ਹਨ ਤੇ ਇਹੀ ਵਜ੍ਹਾ ਹੈ ਕਿ ਹੁਨਰਮੰਦ ਹੋਣ ਦੇ ਬਾਵਜੂਦ ਵੀ ਅੱਜ ਵੀ ਉਹ ਖੇਤਾਂ ਵਿਚ ਝੋਨਾ ਲਾਉਣ ਲਈ ਮਜਬੂਰ ਹਨ।
ਇਸ ਮੌਕੇ ਬੇਰੁਜ਼ਗਾਰ ਧੀਆਂ ਪੁੱਤਰਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੜ੍ਹੀ ਜੀ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਪਿਛਲੇ ਸੱਤਰ ਸਾਲਾਂ ਤੋਂ ਕਾਂਗਰਸ ਤੇ ਅਕਾਲੀ- ਭਾਜਪਾ ਸਰਕਾਰਾਂ ਨੇ ਬਦਲ -ਬਦਲ ਕੇ ਪੰਜਾਬ ਤੇ ਰਾਜ ਕਰਕੇ ਰੱਜ ਕੇ ਪੰਜਾਬ ਨੂੰ ਲੁੱਟਿਆ ਪਰ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਹੁਨਰਮੰਦ ਹੋਣ ਦੇ ਬਾਵਜੂਦ ਕੋਈ ਵੀ ਢੁੱਕਵਾਂ ਰੁਜ਼ਗਾਰ ਸਰਕਾਰ ਪ੍ਰਦਾਨ ਨਹੀਂ ਕਰ ਸਕੀ। ਉਨ੍ਹਾਂ ਇਸ ਮੌਕੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਸੂਬੇ ਵਿੱਚ ਬਸਪਾ ਦਾ ਸਾਥ ਦੇਣ ਲਈ ਅਪੀਲ ਕਰਦਿਆਂ ਕਿਹਾ ਕਿ ਜੇ ਪੰਜਾਬ ਦੇ ਲੋਕ ਬਸਪਾ ਨੂੰ 2022 ਵਿੱਚ ਪੰਜਾਬ ਦੀ ਕਮਾਨ ਸੰਭਾਲਦੇ ਹਨ ਤਾਂ ਬੇਰੁਜ਼ਗਾਰੀ, ਨਸ਼ਿਆਂ, ਗੈਰ ਕਾਨੂੰਨੀ ਮਾਈਨਿੰਗ ਤੇ ਪੰਜਾਬ ਦੀ ਆਰਥਿਕਤਾ ਨੂੰ ਪੈਰਾਂ ਤੇ ਖੜ੍ਹੇ ਕਰਕੇ ਪੰਜਾਬ ਨੂੰ ਮੁੜ ਸੁਰਜੀਤ ਕਰੇਗੀ । ਮੀਟਿੰਗ ਉਪਰੰਤ ਸਰਕਾਰ ਦੀ ਬੇਰੁਜ਼ਗਾਰਾਂ ਪ੍ਰਤੀ ਗ਼ਲਤ ਨੀਤੀਆਂ ਖ਼ਿਲਾਫ਼ ਰੋਸ ਵਜੋਂ ਸਮੂਹ ਲੀਡਰਸ਼ਿਪ ਨਾਲ ਸੂਬਾ ਪ੍ਰਧਾਨ ਗੜ੍ਹੀ ਜੀ ਨੇ ਪਿੰਡ ਦੇ ਲੋਕਾਂ ਨਾਲ ਖੇਤਾਂ ਵਿਚ ਝੋਨਾ ਲਾਇਆ।
ਸੂਬਾ ਪ੍ਰਧਾਨ ਨੇ ਪੰਜਾਬ ਵਿਚ ਤੀਜੇ ਬਦਲ ਦੀ ਤਿਅਾਰੀ ਸਬੰਧੀ ਬੋਲਦਿਆ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾ ਵਿਚ ਬਸਪਾ ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀਆਂ ਖਿਲਾਫ ਮਜਬੂਤ ਤੀਜਾ ਬਦਲ ਲਿਆਵੇਗੀ। ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਦੇ ਪੜ੍ਹੇ ਲਿਖੇ ਬੇਰੁਜਗਾਰਾਂ ਨੂੰ ਰੁਲਣ ਲਈ ਮਜਬੂਰ ਕੀਤਾ ਹੈ।