ਕੈਪਟਨ ਨੇ ਬੁਰੀ ਤਰ੍ਹਾਂ ਝਿੜਕ ਤਾ ਸੁਖਬੀਰ ਬਾਦਲ ਨੂੰ, ਪੱਟ ਲਿਆਇਆ ਦਹਾਕਿਆਂ ਪੁਰਾਣੇ ਰਾਜ਼, ਰੱਖ ਤਾ ਸੁਖਬੀਰ ਦੀ ਦੁਖਦੀ ਰਗ ‘ਤੇ ਹੱਥ

TeamGlobalPunjab
3 Min Read

ਫਾਜ਼ਿਲਕਾ : ਇੰਨੀ ਦਿਨੀਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੂਬੇ ਦੀ ਸਿਆਸਤ ਵਿੱਚ ਗਰਮਾਇਆ ਹੋਇਆ ਹੈ। ਇਸੇ ਮੁੱਦੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਚੰਡੀਗੜ੍ਹ ਪੁਲਿਸ ਨਾਲ ਹੋਈਆਂ ਝੜੱਪਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੀ ਟਵੀਟੋ ਟਵੀਟ ਹੋ ਗਏ ਹਨ। ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪਾਣੀਆਂ ਦੇ ਮੁੱਦੇ ‘ਤੇ ਬੋਲਦਿਆਂ ਅਤੇ ਟਵੀਟ ਕਰਦਿਆਂ ਇਹ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਐਸਵਾਈਐਲ ਨਹਿਰ ਲਈ ਕਿਸਾਨਾਂ ਦੀ ਜ਼ਮੀਨ ਵੀ ਵਾਪਸ ਕਰ ਦਿੱਤੀ ਹੈ ਅਤੇ ਕਾਂਗਰਸ ਸਰਕਾਰ ਇਸ ਮੁੱਦੇ ਨਾਲ ਪੰਗਾ ਨਾ ਲਵੇ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਦੇ ਇਸ ਬਿਆਨ ਦਾ ਜਵਾਬ ਟਵੀਟ ਕਰਕੇ ਦਿੱਤਾ ਹੈ। ਜਿਨ੍ਹਾਂ ਨੇ ਅਸਿੱਧੇ ਢੰਗ ਨਾਲ ਇਹ ਕਹਿ ਦਿੱਤਾ ਹੈ ਕਿ ਇਹ ਕੰਡੇ ਤੁਹਾਡੇ ਬੀਜੇ ਹੋਏ ਹਨ, ਹੁਣ ਸ਼ਾਂਤ ਰਹੋ ਤੇ ਮੈਨੂੰ ਇਨ੍ਹਾਂ ਕੰਡਿਆਂ ਨੂੰ ਚੁਗ ਲੈਣ ਦਿਓ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਜ਼ਰੀਏ ਸੁਖਬੀਰ ਬਾਦਲ ਨੂੰ ਜਿਹੜਾ ਜਵਾਬ ਦਿੱਤਾ ਹੈ ਉਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ, “ਚੌਧਰੀ ਦੇਵੀ ਲਾਲ ਨੇ ਮਾਰਚ 1978 ਵਿਚ ਹਰਿਆਣਾ ਵਿਧਾਨ ਸਭਾ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਤੁਹਾਡੇ ਪਿਤਾ ਜੀ ਨੇ ਐਸਵਾਈਐਲ ਲਈ ਜ਼ਮੀਨ ਐਕਵਾਇਰ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਬਾਅਦ ਵਿਚ 1 ਕਰੋੜ ਰੁਪਏ ਦਾ ਚੈੱਕ ਸਵੀਕਾਰ ਕਰ ਲਿਆ ਸੀ। ਤੁਹਾਨੂੰ ਐਸਵਾਈਐਲ ਦੇ ਮੁੱਦੇ ‘ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ. ਇਸ ਨੂੰ ਮੇਰੇ ਤੇ ਛੱਡ ਦਿਓ, ਮੈਂ ਇਹ ਯਕੀਨੀ ਬਣਾਵਾਂਗਾ ਕਿ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹੇ”।  ਜ਼ਿਕਰਯੋਗ ਹੈ ਕਿ ਐਸਵਾਈਐਲ ਮੁੱਦੇ ‘ਤੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਜ਼ਮੀਨ ਅਕਵਾਇਰ ਕਰਨ ਵਾਸਤੇ ਪ੍ਰਕਾਸ਼ ਸਿੰਘ ਬਾਦਲ ‘ਤੇ ਹਰਿਆਣੇ ਤੋਂ ਪੈਸੇ ਲੈਣ ਦਾ ਦੋਸ਼ ਲਾਉਂਦੇ ਆਏ ਹਨ ਉੱਥੇ ਦੂਜੇ ਪਾਸੇ ਅਕਾਲੀ ਉਨ੍ਹਾਂ ‘ਤੇ ਇਹ ਕਹਿੰਦੇ ਵਾਰ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਪੂਰੀ ਵਿਖੇ ਇੰਦਰਾ ਗਾਂਧੀ ਨਾਲ ਜਾ ਕੇ ਜ਼ਮੀਨ ‘ਤੇ ਟੱਕ ਲਾਉਣ ਤੋਂ ਬਾਅਦ ਐਸਵਾਈਐਲ ਨਹਿਰ ਦੀ ਸ਼ੁਰੂਆਤ ਕੀਤੀ ਸੀ।

ਕੁੱਲ ਮਿਲਾ ਕੇ ਹਰ ਵਾਰ ਮਾਮਲਾ ਇੱਕ ਦੂਜੇ ‘ਤੇ ਦੋਸ਼ ਲਾ ਕੇ ਹੀ ਠੰਡਾ ਹੋ ਜਾਂਦਾ ਹੈ ਤੇ ਪੰਜਾਬੀਆਂ ਦੀ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ 20 ਵਿਧਾਇਕਾਂ ਨੂੰ ਤੀਜੀ ਧਿਰ ਵਜੋਂ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ ਸੀ ਉਹ 20 ਵਿਧਾਇਕ ਆਪਸ ਵਿੱਚ ਖੇਰੂ ਖੇਰੂ ਹੋ ਕੇ ਆਮ ਆਦਮੀ ਤੋਂ ਖਾਸ ਆਦਮੀ ਬਣ ਚੁਕੇ ਹਨ ਤੇ ਲੋਕ ਅੱਜ ਫਿਰ ਉੱਥੇ ਖੜ੍ਹੇ ਹਨ, ਜਿੱਥੋਂ ਉਹ ਤੀਜੀ ਧਿਰ ਨੂੰ ਤਲਾਸ਼ਣ ਦੀ ਸ਼ੁਰੂਆਤ ਕਰਨ ਵੇਲੇ ਖੜ੍ਹੇ ਸਨ।

 

- Advertisement -

Share this Article
Leave a comment