ਪੰਜਾਬ ਦੇ ਹੜ੍ਹ ਪੀੜਤਾਂ ਦੀ ਬਾਂਹ ਫੜਣ ਲਈ ਅੱਗੇ ਆਏ ਕੈਨੇਡੀਅਨ ਪੰਜਾਬੀ

TeamGlobalPunjab
2 Min Read

ਟੋਰਾਂਟੋ: ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਸੂਬੇ ‘ਚ ਵੱਡੇ ਪੱਧਰ ‘ਤੇ ਲੋਕ ਪ੍ਰਭਾਵਿਤ ਹੋਏ ਹਨ। ਸਰਕਾਰੀ ਅੰਕੜਿਆਂ ਮੁਤਾਬਕ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਪੌਣੇ ਦੋ ਲੱਖ ਏਕੜ ਖੜ੍ਹੀਆਂ ਫਸਲਾਂ ਬਰਬਾਦ ਹੋਈਆਂ ਹਨ। ਕੈਪਟਨ ਨੇ ਆਪਣੇ ਟਵਿੱਟਰ ਖਾਤੇ ‘ਤੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਭਾਰੀ ਬਰਸਾਤ ਕਾਰਨ ਪੰਜਾਬ ਦੇ 554 ਪਿੰਡਾਂ ਵਿਚ ਰਹਿੰਦੇ ਹਜ਼ਾਰਾ ਲੋਕ ਪ੍ਰਭਾਵਿਤ ਹੋਏ ਹਨ।

ਮੁੱਖ ਮੰਤਰੀ ਦੀ ਰਿਪੋਰਟ ਮੁਤਾਬਕ ਪਿੰਡਾਂ ਵਿੱਚ 1457 ਘਰ ਪੂਰੀ ਖਤਮ ਹੋ ਗਏ ਤੇ 4 ਹਜ਼ਾਰ ਤੋਂ ਜ਼ਿਆਦਾ ਪਸ਼ੂਆਂ ਦੀ ਵੀ ਮੌਤ ਹੋਈ ਹੈ। ਹੜ੍ਹਾਂ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਰੂਪਨਗਰ, ਨਵਾਂਸ਼ਹਿਰ, ਜਲੰਧਰ, ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ‘ਚ ਹੋਇਆ ਹੈ।

ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਸਰਕਾਰਾਂ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਬਹੁਤ ਲੋਕ ਸਰਕਾਰੀ ਸਹਾਇਤਾ ਤੋਂ ਵਾਂਝੇ ਰਹੇ ਗਏ ਹਨ, ਜਿਨ੍ਹਾਂ ਦੀ ਬਾਂਹ ਫੜਣ ਲਈ ਐਨ.ਆਰ.ਆਈ. ਭਰਾ ਅੱਗੇ ਆ ਰਹੇ ਹਨ।

ਹੁਣ ਪੰਜਾਬ ‘ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੈਨੇਡਾ ਦੇ ਸਿੱਖ ਭਾਈਚਾਰੇ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਟੋਰਾਂਟੋ ਇਲਾਕੇ ‘ਚ ਗੁਰਦੁਆਰਾ ਸਿੰਘ ਸਭਾ ਮਾਲਟਨ ਦੀ ਪ੍ਰਬੰਧਕੀ ਕਮੇਟੀ ਅਤੇ ਸਥਾਨਕ ਪੰਜਾਬੀ ਮੀਡੀਆ ਮੁੱਖ ਤੌਰ ’ਤੇ ਸ਼ਾਮਲ ਹਨ।

ਟੋਰਾਂਟੋ ਦੇ ਗੁਰਦੁਆਰਾ ਦੀ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਸੇਖੋਂ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ ਖਾਲਸਾ ਏਡ, ਸਿੱਖ ਅਵੇਅਰਨੈਸ ਫਾਊਂਡੇਸ਼ਨ ਸਮੇਤ ਕਈ ਹੋਰ ਸਿੰਖ ਸੰਸਥਾਵਾਂ ਨੇ ਪੀੜਤਾਂ ਦੀ ਸਹਾਇਤਾ ਲਈ ਸ਼ਲਾਘਾਯੋਗ ਕੰਮ ਕੀਤਾ ਹੈ।

ਦਲਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ 8 ਸਤੰਬਰ ਨੂੰ ਨਗਰ ਕੀਰਤਨ ਹੋਣਾ ਹੈ ਤੇ ਉਸ ਮੌਕੇ ਸੰਗਤ ਵਲੋਂ ਗੋਲਕ ‘ਚ ਦਿੱਤੀ ਜਾਣ ਵਾਲੀ ਰਾਸ਼ੀ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾਵੇਗੀ।

 

Share this Article
Leave a comment