ਭਾਕਿਯੂ ਵੱਲੋਂ ਭਲਕੇ ਰੇਲਾਂ ਜਾਮ ਤੇ ਮਜ਼ਦੂਰ ਕਿਸਾਨ ਏਕਤਾ ਮਹਾਂ ਰੈਲੀ ਬਰਨਾਲਾ ਦੀਆਂ ਤਿਆਰੀਆਂ ਜੋਰਾਂ ‘ਤੇ

TeamGlobalPunjab
3 Min Read

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਲਕੇ 15 ਜ਼ਿਲ੍ਹਿਆਂ ਵਿੱਚ 20 ਥਾਂਵਾਂ ‘ਤੇ ਰੇਲਾਂ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 21 ਫਰਵਰੀ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਸਾਂਝੇ ਤੌਰ ‘ਤੇ ਬਰਨਾਲਾ ‘ਚ ਕੀਤੀ ਜਾ ਰਹੀ ਮਜਦੂਰ ਕਿਸਾਨ ਏਕਤਾ ਮਹਾਂ ਰੈਲੀ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ ਹਨ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਸ਼ਾਮਲ ਹੋਣਗੇ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਿਲ੍ਹਾ ਪਟਿਆਲਾ ਵਿੱਚ ਨਾਭਾ; ਸੰਗਰੂਰ ਵਿੱਚ ਸੁਨਾਮ; ਮਾਨਸਾ ਖਾਸ; ਬਰਨਾਲਾ ‘ਚ ਖੁੱਡੀ ਖੁਰਦ; ਬਠਿੰਡਾ ‘ਚ ਰਾਮਪੁਰਾ, ਮੌੜ ਮੰਡੀ, ਸੰਗਤ ਤੇ ਗੋਨਿਆਣਾ; ਫਰੀਦਕੋਟ ‘ਚ ਕੋਟਕਪੂਰਾ; ਮੁਕਤਸਰ ‘ਚ ਗਿੱਦੜਬਾਹਾ; ਫਾਜਿਲਕਾ ‘ਚ ਅਬੋਹਰ ਤੇ ਜਲਾਲਾਬਾਦ; ਫਿਰੋਜ਼ਪੁਰ ਖਾਸ; ਮੋਗਾ ‘ਚ ਅਜੀਤਵਾਲ; ਲੁਧਿਆਣਾ ਖਾਸ ਤੇ ਦੋਰਾਹਾ; ਜਲੰਧਰ ‘ਚ ਸ਼ਾਹਕੋਟ, ਤਰਨਤਾਰਨ ਖਾਸ, ਅੰਮ੍ਰਿਤਸਰ ਅਤੇ ਗੁਰਦਾਸਪੁਰ ‘ਚ ਫਤਹਿਗੜ੍ਹ ਚੂੜੀਆਂ ਤੇ ਕਾਦੀਆਂ ਵਿਖੇ 12 ਤੋਂ 4 ਵਜੇ ਤੱਕ ਰੇਲ ਮਾਰਗ ਜਾਮ ਕੀਤੇ ਜਾਣਗੇ।

ਜਾਮਾਂ ਦੌਰਾਨ ਤਿੰਨੇ ਕਾਲੇ ਖੇਤੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਨ; ਸਾਰੀਆਂ ਫਸਲਾਂ ਦੇ ਲਾਭਕਾਰੀ ਐਮ ਐਸ ਪੀ ਮਿਥਣ ਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕਰਨ; ਸਰਵਜਨਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਲਾਗੂ ਕਰਨ ਤੋਂ ਇਲਾਵਾ ਦਿੱਲੀ ਮੋਰਚਿਆਂ ਵਿੱਚ ਡਟੇ ਕਿਸਾਨਾਂ ਤੇ ਕਿਸਾਨ ਆਗੂਆਂ ਸਿਰ ਮੜ੍ਹੇ ਝੂਠੇ ਦੇਸ਼ਧ੍ਰੋਹੀ ਕੇਸ ਰੱਦ ਕਰਕੇ ਨਜ਼ਰਬੰਦਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਟ੍ਰੈਕਟਰ ਵਾਪਸ ਕਰਨ ਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ ਜਾਵੇਗਾ। ਬਰਨਾਲਾ ਮਹਾਂ ਰੈਲੀ ਦੌਰਾਨ ਵੀ ਇਹਨਾਂ ਮੰਗਾਂ ਤੋਂ ਇਲਾਵਾ ਮੋਦੀ ਭਾਜਪਾ ਸਰਕਾਰ ਦੇ ਕਿਸਾਨ-ਦੁਸ਼ਮਣ ਫਾਸ਼ੀ ਕਿਰਦਾਰ ਦਾ ਭਾਂਡਾ ਚੌਰਾਹੇ ਭੰਨਿਆ ਜਾਵੇਗਾ। ਮਜਦੂਰਾਂ ਕਿਸਾਨਾਂ ਦੀ ਇਕਜੁਟਤਾ ਦੀ ਮਹੱਤਤਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਇਸ ਮਹਾਂ ਰੈਲੀ ਦੀਆਂ ਵਿਆਪਕ ਪੱਧਰ ‘ਤੇ ਤਿਆਰੀਆਂ ਤਹਿਤ ਅੱਜ ਤੱਕ ਸੰਗਰੂਰ, ਪਟਿਆਲਾ,ਫਤਹਿਗੜ੍ਹ ਸਾਹਿਬ, ਬਰਨਾਲਾ, ਬਠਿੰਡਾ, ਮੁਕਤਸਰ,ਫਰੀਦਕੋਟ, ਫਾਜਿਲਕਾ, ਫਿਰੋਜ਼ਪੁਰ,ਮੋਗਾ,ਲੁਧਿਆਣਾ,ਜਲੰਧਰ ਆਦਿ ਜ਼ਿਲ੍ਹਿਆਂ ਦੀਆਂ ਸਿੱਖਿਆ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਆਉਂਦੇ ਦਿਨਾਂ ਵਿੱਚ ਬਾਕੀ ਜ਼ਿਲ੍ਹਿਆਂ ਦੀਆਂ ਵੀ ਕੀਤੀਆਂ ਜਾਣਗੀਆਂ। ਨਾਲ ਹੀ ਪਿੰਡ/ਇਲਾਕੇ ਪੱਧਰੀਆਂ ਮੀਟਿੰਗਾਂ ਰੈਲੀਆਂ ਤੇ ਝੰਡਾ ਮਾਰਚ, ਹੋਕਾ ਮਾਰਚ ਵੀ ਕੀਤੇ ਜਾ ਰਹੇ ਹਨ। ਮੰਗਾਂ ਬਾਰੇ ਰੰਗਦਾਰ ਹਥ ਪੋਸਟਰ ਇੱਕ ਲੱਖ ਦੀ ਗਿਣਤੀ ਵਿੱਚ ਛਪਵਾ ਕੇ ਘਰ ਘਰ ਵੰਡਿਆ ਜਾ ਰਿਹਾ ਹੈ। ਮਿਥੇ ਹੋਏ ਟੀਚੇ ਦੋ ਲੱਖ ਤੋਂ ਵੱਧ ਲੋਕਾਂ ਦੇ ਬੈਠਣ ਅਤੇ ਚਾਹ ਪਾਣੀ ਸਮੇਤ ਸਾਂਊਂਡ ਵਗੈਰਾ ਦੇ ਪੁਖਤਾ ਪ੍ਰਬੰਧਾਂ ਵਿੱਚ ਸੈਂਕੜੇ ਵਲੰਟੀਅਰ ਜੁਟੇ ਹੋਏ ਹਨ। ਇਸ ਦੌਰਾਨ ਪੰਜਾਬ ਵਿੱਚ 42 ਥਾਂਈਂ ਅਤੇ ਦਿੱਲੀ ਟਿਕਰੀ ਬਾਰਡਰ ‘ਤੇ ਵਿਸ਼ਾਲ ਧਰਨੇ ਬਾਦਸਤੂਰ ਜਾਰੀ ਰੱਖੇ ਜਾਣਗੇ।

Share This Article
Leave a Comment