ਚੰਡੀਗੜ੍ਹ- ‘ਆਪ’ ਆਗੂ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬ ‘ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਚੋਣ ਲਈ ਪਾਰਟੀ ਵੱਲੋਂ ਕਰਵਾਏ ਗਏ ਸਰਵੇਖਣ ‘ਤੇ ਸਵਾਲ ਉਠਾਉਣ ‘ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਅਜਿਹਾ ਸਰਵੇਖਣ ਆਪਣੀ ਪਾਰਟੀ ‘ਚ ਕਰਵਾਉਣ ਲਈ ਕਿਹਾ। ਮਾਨ ਨੇ ਕਿਹਾ ਕਿ ਸਿੱਧੂ ਨੂੰ ਆਮ ਆਦਮੀ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ।
ਉਨ੍ਹਾਂ ਕਾਂਗਰਸ ਆਗੂ ਨੂੰ ਸੁਝਾਅ ਦਿੱਤਾ ਕਿ ਉਹ ਪੰਜਾਬ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਚੁਣੇ ਜਾਣ ਲਈ ਪਾਰਟੀ ਦੀ ਤਰਫੋਂ ਆਪਣਾ ਸਰਵੇਖਣ ਕਰਵਾਉਣ। ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਮਾਨ ਨੂੰ ਸਰਵੇ ਵਿੱਚ ਲੋਕਾਂ ਵੱਲੋਂ ਮਿਲੇ ਹੁੰਗਾਰੇ ਦੇ ਆਧਾਰ ’ਤੇ ਪੰਜਾਬ ਵਿੱਚ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ। ਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਉਸ ਦੇ ਉਸ ਬਿਆਨ ਲਈ ਨਿਸ਼ਾਨਾ ਸਾਧਿਆ, ਜਿਸ ਵਿਚ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਇਕ ਸੰਦੇਸ਼ ਮਿਲਿਆ ਹੈ ਜਿਸ ਵਿਚ ਉਨ੍ਹਾਂ ਨੂੰ ਸਿੱਧੂ ਨੂੰ ਇਸ ਆਧਾਰ ‘ਤੇ ਸਰਕਾਰ ਵਿਚ ਦੁਬਾਰਾ ਸ਼ਾਮਲ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਪੁਰਾਣੇ ਦੋਸਤ ਹਨ।
ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ, ‘ਸਿੱਧੂ ‘ਆਪ’ ਦੇ ‘ਜਨਤਾ ਚੁਣੇਗੀ ਆਪਣਾ ਮੁੱਖ ਮੰਤਰੀ’ ਸਰਵੇਖਣ ‘ਤੇ ਸਵਾਲ ਉਠਾ ਰਹੇ ਹਨ, ਜਦਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਚੁਣੇ ਜਾਣ ਲਈ ਖ਼ੁਦ ਸਰਵੇਖਣ ਕਰਵਾਉਣਾ ਚਾਹੀਦਾ ਹੈ।’ ਸਿੱਧੂ ਨੇ ਸੋਮਵਾਰ ਨੂੰ ‘ਆਪ’ ਦੇ ਸਰਵੇਖਣ ਨੂੰ ‘ ਘੁਟਾਲਾ’ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਇਸ ਵਿਰੁੱਧ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਮਾਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸਹਿਯੋਗੀ ਨਿਖਿਲ ਅਲਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ‘ਤੇ ਕਰਵਾਏ ਸਰਵੇਖਣ ‘ਤੇ ਵੀ ਚੁਟਕੀ ਲਈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਟਵਿੱਟਰ ‘ਤੇ ਕਰਵਾਏ ਗਏ ਸਰਵੇਖਣ ‘ਚ ਸਿਰਫ਼ 1200 ਲੋਕਾਂ ਨੇ ਆਪਣੀ ਰਾਏ ਜ਼ਾਹਰ ਕੀਤੀ। ਇਸ ਸਰਵੇਖਣ ਵਿੱਚ 68.7 ਫੀਸਦੀ ਭਾਗੀਦਾਰਾਂ ਨੇ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰੀ ਲਈ ਆਪਣੀ ਪਹਿਲੀ ਪਸੰਦ ਦੱਸਿਆ ਸੀ। ਕੁੱਲ 1283 ਪ੍ਰਤੀਭਾਗੀਆਂ ਨੇ ਉਸਦੇ ਹੱਕ ਵਿੱਚ ਵੋਟ ਪਾਈ। ਮਾਨ ਨੇ ਕਿਹਾ ਕਿ ਪੰਜਾਬ ‘ਚ ਪਹਿਲੀ ਵਾਰ ‘ਆਪ’ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਚੁਣਨ ਦੀ ਮੁਹਿੰਮ ‘ਚ ਲੋਕਾਂ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਰਵੇਖਣ ਤਹਿਤ ਲੱਖਾਂ ਲੋਕਾਂ ਨੇ ਆਪਣੀ ਰਾਏ ਪ੍ਰਗਟਾਈ ਹੈ। ਆਪ ਆਗੂ ਨੇ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ।