ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਸਾਰ ਕਾਰਜਾਂ ਨੂੰ ਹੁਲਾਰਾ ਦੇਣ ਲਈ ਯੂਨੀਵਰਸਿਟੀ ਵੱਲੋਂ ਵਿਕਸਿਤ ਖੇਤੀ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਕਰੋਨਾ ਮਹਾਂਮਾਰੀ ਦੌਰਾਨ ਤਕਨੀਕੀ ਸੰਚਾਰ ਸੁਵਿਧਾਵਾਂ ਨੂੰ ਮੁੱਖ ਰੱਖ ਕੇ ਇਹ ਮੁਹਿੰਮ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵੱਲੋਂ ਵਿੱਢੀ ਗਈ। ਇਸ ਮੁਹਿੰਮ ਤਹਿਤ ਸੂਬੇ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਨੇ ਦੱਸਿਆ ਕਿ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਯੂਨੀਵਰਸਿਟੀ ਵੱਲੋਂ ਇੱਕ ਟੀਮ ਦਾ ਸੰਗਠਨ ਕੀਤਾ ਗਿਆ ਹੈ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਜਾਇਆ ਕਰੇਗੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਖੇਤੀ ਸਾਹਿਤ ਬਾਰੇ ਜਾਗਰੂਕ ਕਰੇਗੀ। ਇਸ ਟੀਮ ਦੁਆਰਾ ਪਹਿਲੇ ਫੇਰ ਵਿੱਚ ਫਿਲੌਰ ਹਲਕੇ ਦੇ ਪਿੰਡਾਂ ਦਾ ਹੰਗਾਮੀ ਦੌਰਾ ਕੀਤਾ ਗਿਆ। ਇਸ ਵਫ਼ਦ ਵਿੱਚ ਵਿਗਿਆਨੀ ਡਾ. ਕੇ.ਕੇ. ਗਿੱਲ, ਗੁਲਨੀਤ ਚਾਹਲ, ਦੀਪਕ ਭਾਟੀਆ ਆਦਿ ਸ਼ਾਮਲ ਸਨ ।
ਇਸ ਟੀਮ ਨੇ 5 ਸਹਿਕਾਰੀ ਸਭਾਵਾਂ ਜਿਨ੍ਹਾਂ ਵਿੱਚ ਸਮਰਾਰੀ, ਨਗਰ, ਲਸਾੜਾ, ਭਾਨ ਸਿੰਘ ਪੁਰਾ ਅਤੇ ਮੋਤੀਪੁਰ ਖਾਲਸਾ ਦੀਆਂ ਸੁਸਾਇਟੀਆਂ ਸ਼ਾਮਲ ਸਨ, ਦਾ ਦੌਰਾ ਕੀਤਾ ਅਤੇ ਇਨ੍ਹਾਂ ਸਭਾਵਾਂ ਨੂੰ ਪੀ.ਏ.ਯੂ. ਦੇ ਖੇਤੀ ਰਸਾਲੇ ਚੰਗੀ ਖੇਤੀ ਦੀ ਉਮਰ ਭਰ ਦੀ ਮੈਂਬਰਸ਼ਿਪ ਦੇ ਕੇ ਯੂਨੀਵਰਸਿਟੀ ਨਾਲ ਜੋੜਿਆ। ਇਸ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਨੇ ਚੰਗੀ ਖੇਤੀ ਅਤੇ ਪੀ.ਏ.ਯੂ. ਦੀਆਂ ਫ਼ਸਲਾਂ, ਫ਼ਲ ਅਤੇ ਸਬਜ਼ੀਆਂ ਸੰਬੰਧੀ ਕਿਤਾਬਾਂ ਨੂੰ ਵੀ ਖਰੀਦਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਲਨੀਤ ਚਾਹਲ, ਬਿਜਨੈਸ ਮੈਨੇਜਰ ਨੇ ਦੱਸਿਆ ਕਿ ਸਮੇਂ ਸਿਰ ਸੂਚਨਾ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ ।
ਯੂਨੀਵਰਸਿਟੀ ਨੇ ਪ੍ਰਕਾਸ਼ਨਾਵਾਂ ਘਰ-ਘਰ ਤੱਕ ਪਹੁੰਚਾਉਣ ਲਈ ਅਨੇਕਾਂ ਯਤਨ ਕੀਤੇ ਹਨ ਤਾਂ ਕਿ ਪੰਜਾਬ ਸੂਬੇ ਦਾ ਹਰ ਕਿਸਾਨ ਖੇਤੀ ਸੰਬੰਧੀ ਲੋੜੀਂਦੀ ਜਾਣਕਾਰੀ ਲੈ ਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕੇ। ਇਸ ਕੈਂਪ ਦੌਰਾਨ ਡਾ. ਕੇ.ਕੇ. ਗਿੱਲ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਮੌਸਮ ਸੰਬੰਧੀ ਸਲਾਹਕਾਰ ਸੇਵਾਵਾਂ ਬਾਰੇ ਵੀ ਜਾਗਰੂਕ ਕਰਵਾਇਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨਾਲ ਜੁੜ ਕੇ ਉਹ ਮੌਸਮ ਸੰਬੰਧੀ ਵਧੀਆ ਭਵਿੱਖਬਾਣੀ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੇ ਖੇਤੀ ਦੇ ਕਾਰ-ਵਿਹਾਰ ਵਿਉਂਤ ਸਕਦੇ ਹਨ । ਉਨ੍ਹਾਂ ਇਨ੍ਹਾਂ ਪਿੰਡਾਂ ਦੀ ਪੰਚਾਇਤ ਨੂੰ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼ ਨਾਲ ਵੱਧ ਤੋਂ ਵੱਧ ਜੁੜਨ ਲਈ ਕਿਹਾ ਅਤੇ ਪੰਜ ਪਿੰਡਾਂ ਦੇ ਸਰਪੰਚਾਂ ਨੂੰ ਵਟਸਐੱਪ ਗਰੁੱਪਾਂ ਰਾਹੀਂ ਯੂਨੀਵਰਸਿਟੀ ਨਾਲ ਜੋੜਿਆ ਤਾਂ ਜੋ ਉਹ ਸਮੇਂ-ਸਮੇਂ ਸਿਰ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਜਾਂਦੀ ਹਰ ਤਰ੍ਹਾਂ ਦੀ ਜਾਣਕਾਰੀ ਪਿੰਡ ਦੇ ਕਿਸਾਨਾਂ ਤੱਕ ਪਹੁੰਚਾ ਸਕਣ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੰਜਾਬ ਦੇ ਹਰ ਖਿੱਤੇ ਵਿੱਚ ਯੂਨੀਵਰਸਿਟੀ ਦੇ ਸਾਹਿਤ ਨੂੰ ਪਹੁੰਚਾਉਣ ਲਈ ਉਪਰਾਲੇ ਵਿੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਲਈ ਆਨਲਾਈਨ ਪੈਸੇ ਦਾ ਭੁਗਤਾਨ ਵੀ ਕੀਤਾ ਜਾ ਸਕਦਾ ਹੈ।