ਇਸਲਾਮਾਬਾਦ: ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦਾ ਇੱਕ ਤੋਂ ਦੂਜੇ ਦੇਸ਼ ਵਿੱਚ ਆਉਣਾ ਜਾਣਾ ਬੰਦ ਸੀ ਪਰ ਜਦੋਂ ਤੋਂ ਹਾਲਾਤ ਆਮ ਹੋਣੇ ਸ਼ੁਰੂ ਹੋਏ ਹਨ ਉਸ ਤੋਂ ਬਾਅਦ ਲੋਕ ਦੂਜੇ ਦੇਸ਼ਾਂ ਦੀ ਯਾਤਰਾ ਦੇ ਪਲਾਨ ਬਣਾ ਰਹੇ ਹਨ। ਇਸ ਲਈ ਵੀਜ਼ਾ ਹਾਸਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਇਆ ਗਿਆ ਕਿ ਲੋਕ ਗ਼ੈਰ ਮੁਲਕ ਜਾਣ ਲਈ ਕਿਸ ਤਰ੍ਹਾਂ ਬੇਤਾਬ ਹਨ ਅਤੇ ਉਹ ਉਸ ਲਈ ਕਿਸ ਹੱਦ ਤਕ ਕੋਸ਼ਿਸ਼ ਕਰ ਸਕਦੇ ਹਨ। ਅਜਿਹਾ ਨਜ਼ਾਰਾ ਸ਼ਾਇਦ ਹੀ ਇਸ ਤੋਂ ਪਹਿਲਾਂ ਕਦੀ ਵੇਖਿਆ ਗਿਆ ਹੋਵੇ।
ਦੋ ਦਿਨ ਪਹਿਲਾਂ ਪੂਰਬੀ ਅਫਗਾਨਿਸਤਾਨ ਵਿਚ ਪਾਕਿਸਤਾਨੀ ਦੂਤਾਵਾਸ ਕੋਲ ਵੀਜ਼ਾ ਅਪਲਾਈ ਕਰਨ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਕਿਸੇ ਵਜ੍ਹਾ ਕਾਰਨ ਭੀੜ ‘ਚ ਭਾਜੜਾਂ ਪੈ ਗਈਆਂ। ਭੀੜ ਜ਼ਿਆਦਾ ਹੋਣ ਕਾਰਨ ਇਸ ਵਿਚ ਘੱਟੋ-ਘੱਟ ਪੰਦਰਾਂ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਵੀ ਹੋਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਹਾਦਸਾ ਪਾਕਿਸਤਾਨ ਦੇ ਦੂਤਾਵਾਸ ਦੇ ਬਾਹਰ ਇੱਕ ਖੁੱਲ੍ਹੇ ਮੈਦਾਨ ਵਿੱਚ ਹੋਇਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਅਫਗਾਨੀ ਨਾਗਰਿਕ ਵੀਜ਼ਾ ਲਈ ਇਕੱਠੇ ਹੋਏ ਸਨ।
VIDEO: Thousands of people gather at a football stadium in the Afghan city of Jalalabad to apply for Pakistani visas, after the nearby Pakistani consulate resumed services following a seven-month hiatus due to the pandemic pic.twitter.com/CKqqXLD2eQ
— AFP news agency (@AFP) October 22, 2020
ਪੂਰਬੀ ਜਲਾਲਾਬਾਦ ਸ਼ਹਿਰ ਦੇ ਸੂਬਾਈ ਪ੍ਰੀਸ਼ਦ ਦੇ ਮੈਂਬਰ ਸੋਹਰਾਬ ਕਾਦਰੀ ਨੇ ਕਿਹਾ ਕਿ ਇਸ ਹਾਦਸੇ ਵਿੱਚ ਪੰਦਰਾਂ ਲੋਕਾਂ ਦੀ ਮੌਤ ਹੋਈ ਹੈ, ਜਿਸ ਵਿੱਚ ਗਿਆਰਾਂ ਔਰਤਾਂ ਸਨ ਤੇ ਕਈ ਨਾਗਰਿਕ ਜ਼ਖ਼ਮੀ ਵੀ ਹੋਏ ਹਨ। ਪਾਕਿਸਤਾਨ ਦਾ ਵੀਜ਼ਾ ਲੈਣ ਲਈ ਤਿੰਨ ਹਜ਼ਾਰ ਤੋਂ ਜ਼ਿਆਦਾ ਅਫ਼ਗਾਨ ਨਾਗਰਿਕ ਇੱਥੇ ਇਕੱਠੇ ਹੋਏ ਸਨ।