ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਕੀਤੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰ ਕੇ ਹੁਣ ਮਨਪ੍ਰੀਤ ਬਾਦਲ ਨੂੰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਨਹੀਂ ਕਰਨੇ ਚਾਹੀਦੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਖ਼ਜ਼ਾਨਚੀ ਤੇ ਬੁਲਾਰੇ ਐਨ ਕੇ ਸ਼ਰਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨੀਤੀ ਆਯੋਗ ਵੱਲੋਂ ਬਣਾਈ ਮੁੱਖ ਮੰਤਰੀਆਂ ਦੀ ਉਚ ਤਾਕਤੀ ਕਮੇਟੀ ਦੀ ਮੁੰਬਈ ਵਿਚ ਹੋਈ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਹੁਣ ਆਪਣੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰ ਰਹੇ ਹਨ ਜਦਕਿ ਇਸ ਮੀਟਿੰਗ ਵਿਚ ਉਹਨਾਂ ਨੇ ਅਜਿਹੇ ਆਰਡੀਨੈਂਸ ਤਿਆਰ ਕਰਨ ਲਈ ਆਪਣੇ ਤੇ ਮੁੱਖ ਮੰਤਰੀ ਵੱਲੋਂ ਸਹਿਮਤੀ ਦਿੱਤੀ ਸੀ।
ਐਨ ਕੇ ਸ਼ਰਮਾ ਨੇ ਕਿਹਾ ਕਿ ਜੋ ਕਿਸਾਨ ਮਾਰੂ ਫੈਸਲਾ ਉਕਤ ਕਮੇਟੀ ਨੇ ਲਿਆ, ਉਸ ਵਿਚ ਸਹਿਮਤੀ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਲਿਖਤੀ ਤੌਰ ’ਤੇ ਵੱਖਰਾ ਨੋਟ ਭੇਜ ਕੇ ਆਪਣੀ ਸਹਿਮਤੀ ਦਿੱਤੀ ਸੀ ਤੇ ਕੁਝ ਸੁਝਾਅ ਵੀ ਦਿੱਤੇ ਸਨ। ਉਹਨਾਂ ਕਿਹਾ ਕਿ ਹੁਣ ਮਨਪ੍ਰੀਤ ਸਿੰਘ ਬਾਦਲ ਇਹਨਾਂ ਆਰਡੀਨੈਂਸਾਂ ਬਾਰੇ ਬਿਆਨਬਾਜ਼ੀ ਕਰਨ ਲੱਗ ਪਏ ਹਨ ਜਦਕਿ ਹੁਣ ਤੱਕ ਉਹਨਾਂ ਡੂੰਘੀ ਚੁੱਪ ਧਾਰੀ ਹੋਈ ਸੀ ਕਿਉਂਕਿ ਉਹਨਾਂ ਦੀ ਮੁੰਬਈ ਮੀਟਿੰਗ ਵਿਚ ਸ਼ਮੂਲੀਅਤ ਦੀਆਂ ਵੀਡੀਓ ਜਨਤਕ ਹੋ ਚੁੱਕੀਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਆਰਡੀਨੈਂਸ ਆ ਰਹੇ ਹਨ, ਇਸਦਾ ਪਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 10 ਸਤੰਬਰ 2019 ਨੂੰ ਹੀ ਪਤਾ ਚਲ ਗਿਆ ਸੀ ਜਦੋਂ ਤਤਕਾਲੀ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਇਕ ਨੋਟ ਮੁੱਖ ਮੰਤਰੀ ਨੂੰ ਭੇਜਿਆ ਸੀ। ਉਹਨਾਂ ਦੱਸਿਆ ਕਿ ਪੰਨੂ ਨੇ ਪੰਜਾਬ ਸਰਕਾਰ ਵੱਲੋਂ ਨੀਤੀ ਆਯੋਗ ਵਿਚ ਹੋਈ ਮੀਟਿੰਗ ਵਿਚ 9 ਸਤੰਬਰ 2019 ਨੂੰ ਸ਼ਮੂਲੀਅਤ ਕੀਤੀ ਸੀ। ਇਸ ਮੀਟਿੰਗ ਵਿਚ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਅਜਿਹੇ ਆਰਡੀਨੈਂਸ ਲਿਆ ਰਹੇ ਹਾਂ ਤੇ ਅਗਲੇ ਹੀ ਦਿਨ ਕਾਹਨੂੰ ਸਿੰਘ ਪੰਨੂ ਨੇ ਮੁੱਖ ਮੰਤਰੀ ਨੂੰ ਲਿਖੇ ਨੋਟ ਵਿਚ ਇਹ ਸਾਰਾ ਕੁਝ ਦੱਸ ਦਿੱਤਾ ਸੀ ਪਰ ਅਮਰਿੰਦਰ ਸਿੰਘ ਨੇ ਕੁਝ ਵੀ ਬੋਲਣ ਦੀ ਥਾਂ 7 ਮਹੀਨੇ ਤੱਕ ਚੁੱਪ ਵੱਟੀ ਰੱਖੀ ਤੇ ਫਿਰ ਆਰਡੀਨੈਂਸ ਜਾਰੀ ਹੋ ਗਏ।
ਸ਼ਰਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਤੇ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਇਹ ਸੱਚ ਦੱਸਿਆ ਹੁੰਦਾ ਤਾਂ ਫਿਰ ਇਹ ਆਰਡੀਨੈਂਸ ਕਦੇ ਤਿਆਰ ਹੀ ਨਹੀਂ ਹੋਣੇ ਸਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਸਦਾ ਵਿਰੋਧ ਕਰਨਾ ਸੀ ਤੇ ਹੋਰ ਹਮਖਿਆਲੀ ਪਾਰਟੀਆਂ ਵੀ ਇਸਦੇ ਨਾਲ ਹੋਣੀਆਂ ਸਨ ।
ਉਹਨਾਂ ਕਿਹਾ ਕਿ ਇਹ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਿੱਜੀ ਤੌਰ ’ਤੇ ਜ਼ਿੰਮੇਵਾਰ ਹਨ ਜਿਹਨਾਂ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਤੇ ਹੁਣ ਆਪ ਸੱਚੇ ਹੋਣ ਦਾ ਦਾਅਵਾ ਕਰ ਰਹੇ ਹਨ।
ਐਨ ਕੇ ਸ਼ਰਮਾ ਨੇ ਕਾਂਗਰਸ ਸਰਕਾਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਸਨੇ ਸਾਰੇ ਪੰਜਾਬ ਨੂੰ ਮੰਡੀ ਐਲਾਨਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਸੁਝਾਅ ਨੂੰ ਪ੍ਰਵਾਨ ਕਰ ਲਿਆ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਅਮਰਿੰਦਰ ਸਿੰਘ ਸਰਕਾਰ ਨੂੰ ਕਿਹਾ ਸੀ ਕਿ ਉਹ ਸਾਰੇ ਪੰਜਾਬ ਨੂੰ ਸਰਕਾਰੀ ਮੰਡੀ ਐਲਾਨ ਦਿੱਤਾ ਜਾਵੇ ਤਾਂ ਹੀ ਪੰਜਾਬ ਦੇ ਕਿਸਾਨਾਂ ਦਾ ਬਚਾਅ ਹੋ ਸਕਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਕੇਂਦਰੀ ਫੈਸਲਾ ਪੰਜਾਬ ਵਿਚ ਲਾਗੂ ਨਹੀਂ ਹੋ ਸਕੇਗਾ। ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁਦ ਦੱਸਿਆ ਹੈ ਕਿ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ।