ਸੰਗਰੂਰ: ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਮੁਗਲ ਬਾਦਸ਼ਾਹ ਔਰੰਗਜੇਬ ਨੇ ਆਪਣੇ ਭਰਾਵਾਂ ਨੂੰ ਕਤਲ ਕਰਕੇ ਆਪਣੇ ਪਿਤਾ ਬਾਦਸ਼ਾਹ ਸ਼ਾਹਜਹਾਨ ਨੂੰ ਸੱਤਾ ਤੋਂ ਲਾਂਭੇ ਕਰਕੇ ਕੈਦ ਵਿੱਚ ਰੱਖਿਆ ਸੀ। ਇਸ ਪ੍ਰਕਾਰ ਰਾਜਸ਼ਾਹੀ ਵਿੱਚ ਰਾਜੇ ਆਪਣੇ ਵਿਰੋਧੀਆਂ ਨੂੰ ਬੰਦੀਖਾਨੇ ਸੁੱਟਦੇ ਸਨ। ਇਨ੍ਹਾਂ ਵਿੱਚ ਭਾਵੇਂ ਸਕੇ ਸਬੰਧੀ ਹੀ ਹੋਣ। ਅਜੋਕੇ ਪ੍ਰਬੰਧ ਰਾਜ ਪ੍ਰਬੰਧ ਵਿੱਚ ਵੀ ਰਾਜਸੱਤਾ ਤੇ ਕਾਬਜ਼ ਲੋਕ ਵਿਰੋਧੀਆਂ ਨੂੰ ਜੇਲਾਂ ਵਿੱਚ ਬੰਦ ਜਾਂ ਘਰਾਂ ਚ ਨਜ਼ਰਬੰਦ ਕਰਦੇ ਹਨ। ਪਰ ਕਿਸੇ ਅਕਾਦਮਿਕ ਸੰਸਥਾ ਵਿੱਚ ਸਿੱਖਿਆ ਸ਼ਾਸਤਰੀ ਨੂੰ ਉਸਦੇ ਸ਼ਿਸ਼ ਵੱਲੋਂ ਘਰ ‘ਚ ਨਜ਼ਰਬੰਦ ਕਰਨਾ ਬਹੁਤ ਹੀ ਘਿਨੌਣੀ ਗੱਲ ਹੈ। ਇਹ ਕਾਲਪਨਿਕ ਕਹਾਣੀ ਨਹੀਂ ਹੀ ਸਗੋਂ ਸੱਚੀ ਘਟਨਾ ਹੈ ਜੋ ਕਿ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਦੇ ਸਾਬਕਾ ਪ੍ਰਿੰਸੀਪਲ ਸ਼ਿਵਰਾਜ ਕੌਰ ਹੁਣ ਮੈਂਬਰ ਮੈਨੇਜਮੈਂਟ ਕਮੇਟੀ ਅਤੇ ਡਾ. ਹਰਜੀਤ ਕੌਰ ਸਾਬਕਾ ਪ੍ਰਿੰਸੀਪਲ ਹੁਣ ਕਾਲਜ ਦੇ ਡਾਇਰੈਕਟਰ 7 ਜੁਲਾਈ 2020 ਤੋਂ ਲਗਾਤਾਰ ਕਾਲਜ ਕੈਂਪਸ ਵਿਚਲੀ ਆਪਣੀ ਰਿਹਾਇਸ਼ ਤੇ ਨਜ਼ਰਬੰਦ ਹਨ। ਇਨ੍ਹਾਂ ਦੀ ਅਜਿਹੀ ਦਸ਼ਾ ਲਈ ਕੋਈ ਹੋਰ ਨਹੀਂ ਸਗੋਂ ਇਸ ਕਾਲਜ ਦੀ ਇਨ੍ਹਾਂ ਦੀ ਹੀ ਵਿਦਿਆਰਥਣ ਇੱਕ ਪੁਲਿਸ ਅਧਿਕਾਰੀ ਦੀ ਪਤਨੀ ਮੌਜੂਦਾ ਪ੍ਰਿੰਸੀਪਲ ਡਾ. ਸੁਖਮੀਨ ਕੌਰ ਸਿੱਧੂ ਹੈ। ਜਿਸ ਨੂੰ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਵਿੱਚ ਰੁਜ਼ਗਾਰ ਵੀ ਇਨ੍ਹਾਂ ਨੇ ਹੀ ਦਿੱਤਾ ਸੀ। ਇੱਕ ਵਿਦਿਆਰਥਣ ਵੱਲੋਂ ਆਪਣੇ ਅਧਿਆਪਕਾਂ ਅਤੇ ਰੁਜ਼ਗਾਰ ਦਾਤਿਆਂ ਨਾਲ ਅਜਿਹਾ ਵਿਵਹਾਰ ਅਕ੍ਰਿਤਘਣਤਾ ਦਾ ਸਿਖ਼ਰ ਹੈ। ਇੱਕ ਅਧਿਆਪਕ ਆਪਣੇ ਵਿਦਿਆਰਥੀ ਦੇ ਤਰੱਕੀ ਤੇ ਫ਼ਖ਼ਰ ਮਹਿਸੂਸ ਕਰਦਾ ਹੈ, ਪਰ ਵਿਦਿਆਰਥੀ ਵੱਲੋਂ ਅਜਿਹਾ ਅਨੈਤਿਕ ਵਿਵਹਾਰ ਅਤਿ ਨਿੰਦਣਯੋਗ ਹੈ।
ਸੰਗਰੂਰ ਇਲਾਕੇ ਦੀ ਇਸਤਰੀ ਵਿੱਦਿਆ ਦੀ ਇੱਕੋ ਇੱਕ ਪ੍ਰਸਿੱਧ ਸੰਸਥਾ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਅੱਜ ਕੱਲ ਬਹੁਤ ਹੀ ਡੂੰਘੀ ਸਾਜਿਸ਼ ਦਾ ਸ਼ਿਕਾਰ ਹੋ ਚੁੱਕੀ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਵਾਲੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਸੰਕਲਪਾਂ ਨੂੰ ਮੂਰਤੀਮਾਨ ਕਰਨ ਵਾਲਾ ਇਹ ਕਾਲਜ 40 ਕਿਲੋਮੀਟਰ ਦੇ ਘੇਰੇ ਵਿੱਚ ਇੱਕੋ ਇੱਕ ਅਜਿਹੀ ਸੰਸਥਾ ਹੈ ਜਿੱਥੇ ਲੜਕੀਆਂ ਲਈ ਹੋਸਟਲ ਦੀ ਸੁਵਿਧਾ ਉਪਲਬਧ ਹੈ। ਇਲਾਕੇ ਦੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਕਾਲਜ ਉਨ੍ਹਾਂ ਦੀਆਂ ਲੜਕੀਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਸੰਸਥਾ ਹੈ। 1970 ਵਿੱਚ ਸ. ਗੁਰਬਖਸ਼ ਸਿੰਘ ਸਿਬੀਆ ਉਸ ਸਮੇਂ ਦੇ ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ ਦੇ ਯਤਨਾਂ ਨਾਲ ਸਥਾਪਤ ਕੀਤੇ ਕਾਲਜ ਨੇ ਬਹੁਤ ਲੰਮੀਆਂ ਪੁਲਾਘਾਂ ਪੁੱਟੀਆਂ ਹਨ।
50 ਲੜਕੀਆਂ ਨਾਲ ਕਿਰਾਏ ਦੀ ਇਮਾਰਤ ਵਿਚ ਸਥਾਪਿਤ ਹੋਏ ਕਾਲਜ ਦਾ ਆਪਣਾ ਖੂਬਸੂਰਤ ਕੈਂਪਸ ਹੈ। ਇੱਥੇ ਹੁਣ ਬੀ.ਏ., ਬੀ.ਕਾਮ, ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਐਸ.ਸੀ. ਆਈ.ਟੀ. ਦੀ ਪੜ੍ਹਾਈ ਕਰਾਈ ਜਾ ਰਹੀ ਹੈ। ਇੱਥੋਂ 30 ਹਜ਼ਾਰ ਦੇ ਕਰੀਬ ਲੜਕੀਆਂ ਸਿੱਖਿਆ ਹਾਸਲ ਕਰ ਚੁੱਕੀਆਂ ਹਨ। ਅਜਿਹੀ ਸ਼ਾਨਾਮੱਤੀ ਸੰਸਥਾ ਦੇ ਨਿਰਮਾਣ ਵਿੱਚ ਜਿੱਥੇ ਸ. ਗੁਰਬਖਸ਼ ਸਿੰਘ ਸਿਬੀਆ, ਪ੍ਰਿੰਸੀਪਲ ਸੁਰਜੀਤ ਸਿੰਘ ਗਾਂਧੀ ਦਾ ਹੱਥ ਹੈ। ਉਥੇ ਹੀ ਦੋ ਵਿਦਵਾਨ ਸਿੱਖਿਆ ਸ਼ਾਸਤਰੀ ਇਸ ਕਾਲਜ ਦੇ ਬਾਨੀ ਪ੍ਰਿੰਸੀਪਲ ਸ਼ਿਵਰਾਜ ਕੌਰ ਅਤੇ ਪ੍ਰਿੰਸੀਪਲ ਹੁਣ ਡਾਇਰੈਕਟਰ ਡਾ. ਹਰਜੀਤ ਕੌਰ ਦੀ ਬਹੁਤ ਵੱਡੀ ਦੇਣ ਹੈ। ਇਹ ਦੱਸਣਾ ਉਚਿਤ ਹੋਵੇਗਾ ਕਿ ਇਨ੍ਹਾਂ ਵਿਦਵਾਨ ਪ੍ਰਾਧਿਆਪਕਾਵਾ (ਸਾਬਕਾ ਪ੍ਰਿੰਸੀਪਲ ਸਾਹਿਬਾਨ) ਨੇ ਆਪਣਾ ਪੂਰਾ ਜੀਵਨ ਅਕਾਲ ਡਿਗਰੀ ਅਕਾਲ ਲੜਕੀਆਂ ਸੰਗਰੂਰ ਨੂੰ ਸਮਰਪਿਤ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਨੇ ਆਪਣੀ ਜਿੰਦਗੀ ਦੀ ਸਮੁੱਚੀ ਕਮਾਈ ਕਾਲਜ ਦੇ ਲੇਖੇ ਲਾਈ ਹੈ। ਕਾਲਜ ਹੀ ਇਨ੍ਹਾਂ ਦਾ ਪਰਿਵਾਰ ਅਤੇ ਘਰ ਹੈ। ਇਨ੍ਹਾਂ ਨੇ ਤਾਂ ਆਪਣਾ ਕੋਈ ਘਰ ਵੀ ਨਹੀਂ ਬਣਾਇਆ। ਇਨ੍ਹਾਂ ਦੀ ਰਿਹਾਇਸ਼ ਕਾਲਜ ਕੈਂਪਸ ਦੇ ਅੰਦਰ ਹੈ। ਇਸ ਸਮੇਂ ਪ੍ਰਿੰ. ਸ਼ਿਵਰਾਜ ਕੌਰ ਸੁਪਰ ਸੀਨੀਅਰ ਸਿਟੀਜ਼ਨ ਅਤੇ ਕਾਲਜ ਮੈਨੇਜਮੈਂਟ ਦੇ ਮੈਂਬਰ ਹਨ, ਜਦ ਕਿ ਹਰਜੀਤ ਕੌਰ ਜੀ ਸੀਨੀਅਰ ਸਿਟੀਜ਼ਨ ਹਨ। ਇਨ੍ਹਾਂ ਨੇ ਸਾਰੀ ਉਮਰ ਵਿਦਿਆਰਥਣਾਂ ਨੂੰ ਪੜ੍ਹਾਇਆ ਅਤੇ ਕਾਲਜ ਦੇ ਵਿਕਾਸ ਲਈ ਕਾਰਜ ਕੀਤਾ ਹੈ। ਕਾਲਜ ਦੀ ਇੱਕ ਇੱਕ ਇੱਟ ਵਿੱਚ ਇਨ੍ਹਾਂ ਦੇ ਖੂਨ ਪਸੀਨੇ ਦੀ ਮਹਿਕ ਮਹਿਸੂਸ ਹੁੰਦੀ ਹੈ।
ਤਿੰਨ ਪੀੜ੍ਹੀਆਂ ਨੂੰ ਸਿੱਖਿਆ ਦੇਣ ਵਾਲੀਆਂ ਇਹ ਸਿੱਖ ਵਿਦਵਾਨ ਬੀਬੀਆਂ ਅੱਜ ਆਪਣੇ ਹੀ ਕਾਲਜ ਵਿਚਲੀ ਰਿਹਾਇਸ਼ ਵਿੱਚ ਪਿਛਲੇ ਢਾਈ ਮਹੀਨਿਆਂ ਤੋਂ ਨਜ਼ਰਬੰਦ ਹਨ। ਸੰਤ ਅਤਰ ਸਿੰਘ ਜੀ ਦੀ ਵਿਚਾਰਧਾਰਾ ਦੇ ਵਿਰੋਧੀ ਅਤੇ ਆਰ.ਐਸ.ਐਸ. ਦੀ ਸ਼ਹਿ ਪ੍ਰਾਪਤ ਸ਼ਕਤੀਆਂ ਕਿਉਂਕਿ ਕਾਲਜ ਦੀ ਮੌਜੂਦਾ ਪ੍ਰਿੰਸੀਪਲ ਸੁਖਮੀਨ ਕੌਰ ਸਿੱਧੂ ਜੋ ਸੀਨੀਅਰ ਪੁਲਿਸ ਅਧਿਕਾਰੀ ਦੀ ਪਤਨੀ ਹੈ, ਨੇ ਆਪਣੇ ਅਹੁਦਿਆਂ ਅਤੇ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹੋਏ ਵਿਵਾਦਿਤ ਅਧਿਕਾਰੀ ਸ਼੍ਰੀਮਤੀ ਇੰਦੂ ਮਲਹੋਤਰਾ, ਡੀ.ਪੀ.ਆਈ. ਕਾਲਜਾਂ ਪੰਜਾਬ ਜਿਸਨੇ ਐਸ.ਡੀ.ਐਮ. ਸੰਗਰੂਰ ਹੁੰਦੇ ਵਕਤ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਸਰਕਾਰੀ ਕੋਠੀ ਤੇ ਨਜਾਇਜ ਕਬਜਾ ਕਰ ਲਿਆ ਸੀ ਜਿਸਨੂੰ ਸੰਗਰੂਰ ਦੇ ਸ਼ਹਿਰੀਆਂ, ਅਧਿਆਪਕਾਂ, ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਖਾਲੀ ਕਰਾਇਆ ਸੀ, ਨਾਲ ਕਾਲਜ ਤੇ ਕਬਜ਼ਾ ਕਰਨ ਦੀ ਸਾਜਿਸ਼ ਅਧੀਨ ਕਾਲਜ ਮੈਨੇਜਮੈਂਟ ਨੂੰ ਮੁਅੱਤਲ ਕਰਾ ਦਿੱਤਾ। ਮੈਨੇਜਮੈਂਟ ਦੀ ਮੁਅੱਤਲੀ ਦੌਰਾਨ ਸ਼੍ਰੀ ਰਾਜੇਸ਼ ਤ੍ਰਿਪਾਠੀ ਏ.ਡੀ.ਸੀ. ਸੰਗਰੂਰ ਨੂੰ ਪ੍ਰਬੰਧਕ ਲਗਾ ਦਿੱਤਾ। ਪ੍ਰਬੰਧਕ ਨੇ ਮਿਤੀ 7.7.2020 ਨੂੰ ਮੈਨੇਜਮੈਂਟ ਦੇ ਕਾਲਜ ਕੰਪਾਊਂਡ ਵਿੱਚ ਦਾਖਲੇ ਤੇ ਪਾਬੰਦੀ ਲਗਾ ਦਿੱਤੀ। ਬੇਸ਼ਕ ਇਹ ਅਧਿਕਾਰੀ ਬਦਲ ਗਿਆ ਹੈ, ਪਰ ਇਨ੍ਹਾਂ ਉੱਪਰ ਪਾਬੰਦੀ ਹਾਲੇ ਵੀ ਬਰਕਰਾਰ ਹੈ। ਕਾਲਜ ਵਿੱਚੋਂ ਬਾਹਰ ਜਾਣ ਦਾ ਗੇਟ ਇੱਕ ਹੀ ਹੈ। ਇਸ ਕਾਰਣ ਇਹ ਦੋਵੇਂ ਬੀਬੀਆਂ ਆਪਣੀ ਕਾਲਜ ਵਿਚਲੀ ਰਿਹਾਇਸ਼ ਤੋਂ ਬਾਹਰ ਨਹੀਂ ਆ ਸਕਦੀਆਂ। ਕੋਰੋਨਾ ਦੇ ਕਹਿਰ ਦਰਮਿਆਨ ਇਹ ਬੀਬੀਆਂ ਆਪਣੀ ਰਿਹਾਇਸ਼ ਵਿਚ ਨਜ਼ਰਬੰਦ ਹੋ ਕੇ ਮਾਨਸਿਕ ਸੰਤਾਪ ਭੋਗ ਰਹੀਆਂ ਹਨ। ਇਹ ਦੱਸਣਾ ਉਚਿਤ ਹੈ ਕਿ ਕਾਲਜ ਦੀ ਮੌਜੂਦਾ ਪ੍ਰਿੰਸੀਪਲ ਇਸ ਕਾਲਜ ਵਿੱਚ ਇਨ੍ਹਾਂ ਬੀਬੀਆਂ ਦੀ ਵਿਦਿਆਰਥਣ ਅਤੇ ਮੈਨੇਜਮੈਂਟ ਦੁਆਰਾ ਨਿਯੁਕਤ ਕਾਲਜ ਦੀ ਇੱਕ ਮੁਲਾਜ਼ਮ ਹੀ ਹੈ। ਇੱਕ ਅਧਿਆਪਕ ਲਈ ਇਸ ਤੋਂ ਵੱਡਾ ਸੰਤਾਪ ਅਤੇ ਸਦਮਾ ਕੀ ਹੋਵੇਗਾ ਕਿ ਉਹ ਆਪਣੇ ਹੀ ਵਿਦਿਆਰਥੀ ਹੱਥੋਂ ਜਲੀਲ ਹੋ ਰਹੇ ਹਨ। ਸਮਾਜ ਸੇਵੀ, ਧਾਰਮਿਕ ਸੰਸਥਾਵਾਂ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਨਿਆਪਸੰਦ ਸ਼ਹਿਰੀਆਂ ਲਈ ਅਜਿਹੇ ਗੈਰ ਮਨੁੱਖੀ ਅਤੇ ਕਰੂਰ ਵਰਤਾਰਾ ਇੱਕ ਗੰਭੀਰ ਚੁਣੌਤੀ ਹੈ। ਕਾਲਜ ਵਿੱਚ ਪੁਲਸੀਆ ਤੰਤਰ ਕਾਰਨ ਖੌਫ ਦਾ ਮਾਹੌਲ ਹੈ।
ਅਜਿਹੇ ਭ੍ਰਿਸ਼ਟ, ਬੇਲਗਾਮ ਅਤੇ ਗੈਰ ਕਾਨੂੰਨੀ ਅਧਿਕਾਰੀਆਂ ਦੇ ਕੰਮ ਦੀ ਨਿਰਪੱਖ ਜਾਂਚ ਕਰਾਕੇ ਸਖਤ ਸਜ਼ਾ ਦੇਣ ਦੀ ਲੋੜ ਹੈ। ਇਸ ਤਰ੍ਹਾਂ ਦੇ ਮਾਹੌਲ ਵਿੱਚ ਜੇਕਰ ਇਨ੍ਹਾਂ ਬਜ਼ੁਰਗ ਵਿਦਵਾਨਾਂ ਨਾਲ ਕੋਈ ਭੈੜੀ ਘਟਨਾ ਵਾਪਰਦੀ ਹੈ ਤਾਂ ਸਮਾਜ, ਦੇਸ਼ ਅਤੇ ਕੌਮ ਦੇ ਨਾਂ ਤੇ ਕਲੰਕ ਹੋਵੇਗਾ। ਇਸ ਸਮੇਂ ਮੀਡੀਆ ਨੂੰ ਆਪਣੀ ਨਿਰਪੱਖ, ਇਮਾਨਦਾਰ ਅਤੇ ਖੋਜੀ ਭੂਮਿਕਾ ਨਿਭਾਉਣ ਦੀ ਜਰੂਰਤ ਹੈ। ਆਰ.ਐਸ.ਐਸ. ਦੇ ਕਰਿੰਦੇ ਮੋਹਨ ਸ਼ਰਮਾ, ਸੁਆਮੀ ਰਵਿੰਦਰ ਗੁਪਤਾ ਅਤੇ ਇੰਨਾਂ ਦੇ ਹੋਰ ਪਿਛਲੱਗਾਂ ਵੱਲੋਂ ਮਾਹੌਲ ਖਰਾਬ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸਦੇ ਗੰਭੀਰ ਸਿੱਟੇ ਨਿੱਕਲ ਸਕਦੇ ਹਨ।
ਅਵਤਾਰ ਸਿੰਘ