ਖਰੜ ਵਾਸੀਆਂ ਦੇ ਨਾਲ ਬਦਲਾਵ ਨਹੀਂ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਆਪ: ਭਾਜਪਾ

TeamGlobalPunjab
3 Min Read

ਖਰੜ – ਹਲਕਾ ਖਰੜ ਦੇ ਵਾਸੀਆਂ ਦੇ ਨਾਲ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਆਮ ਆਦਮੀ ਪਾਰਟੀ, ਇਹ ਇਲਜ਼ਾਮ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਲਗਾਏ। ਵੀਰਵਾਰ ਨੂੰ ਮੰਡਲ ਪ੍ਰਧਾਨ ਭਾਜਪਾ ਖਰੜ ਪਵਨ ਮਨੋਚਾ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਆਪ ਪਾਰਟੀ ਤੋਂ ਸਵਾਲ ਕੀਤਾ ਕਿ ਖਰੜ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਕੀ ਵਿਗਾੜਿਆ ਸੀ ਕਿ ਆਪ ਦਾ ਹਾਈਕਮਾਨ ਖਰੜ ਹਲਕੇ ਦੇ ਲੋਕਾਂ ਨਾਲ ਬਦਲੇ ਦੀ ਭਾਵਨਾ ਨਾਲ ਬਾਹਰੀ ਲੋਕਾਂ ਨੂੰ ਖਰੜ ਤੋਂ ਆਪਣਾ ਉਮੀਦਵਾਰ ਬਣਾ ਰਹੇ ਹਨ।

ਪਹਿਲਾਂ 2017 ਵਿੱਚ ਆਮ ਆਦਮੀ ਪਾਰਟੀ ਨੇ ਸਥਾਨਕ ਆਗੂਆਂ ਨੂੰ ਦਰਕਿਨਾਰ ਕਰਦਿਆਂ ਕੰਵਰ ਸੰਧੂ ਨਾਂ ਦੇ ਇੱਕ ਅਜਿਹੇ ਸ਼ਖਸ਼ ਨੂੰ ਆਪਣਾ ਉਮੀਦਵਾਰ ਬਣਾਇਆ ਜੋ ਚੋਣ ਜਿੱਤਣ ਮੱਗਰੋਂ ਆਪਣੀ ਜਿਮੇਵਾਰੀ ਤੋਂ ਭਗੌੜਾ ਹੋ ਗਿਆ। ਖਰੜ ਵਾਸੀ ਆਪ ਵਿਧਾਇਕ ਨੂੰ ਸਮੱਸਿਆਵਾਂ ਸੁਣਾਉਣਾ ਤਾਂ ਦੂਰ ਲੋਕ ਉਸਦੀ ਸ਼ਕਲ ਦੇਖਣ ਨੂੰ ਵੀ ਤਰਸ ਗਏ, ਇਸਦੇ ਲਈ ਜਿੰਮੇਵਾਰ ਕੌਣ ਹੈ? ਜੋਸ਼ੀ ਨੇ ਪੁੱਛਿਆ।

ਖੁੱਦ ਜਵਾਬ ਦਿੰਦਿਆਂ ਜੋਸ਼ੀ ਨੇ ਕਿਹਾ ਇਸਦੇ ਲਈ ਜਿਮੇਵਾਰ ਖਰੜ ਦੇ ਭੋਲ਼ੇ ਭਾਲੇ ਵੋਟਰ ਨਹੀਂ, ਬਲਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਨ ਜਿਨਾਂ ਨੇ ਖਰੜ ਦੇ ਲੋਕਾਂ ਨੂੰ ਬਦਲੇ ਦੀ ਰਾਜਨੀਤੀ ਦਾ ਨਾਅਰਾ ਦੇ ਕੇ ਗੁੰਮਰਾਹ ਕੀਤਾ ਅਤੇ ਚੋਣ ਜਿੱਤਣ ਮੱਗਰੋਂ ਪਿੱਠ ਵਿੱਚ ਛੁੱਰਾ ਘੋਪ ਦਿੱਤਾ। ਕੀ ਕੇਜਰੀਵਾਲ ਦੀ ਇਹ ਡਿਊਟੀ ਨਹੀਂ ਬਣਦੀ ਸੀ ਕਿ ਖਰੜ ਦੇ ਵਿਧਾਇਕ ਨੂੰ ਲੋਕਾਂ ਦੀ ਸੇਵਾ ਵਿੱਚ ਹਰ ਪਲ ਹਾਜਰ ਰੱਖਣ।

ਜੋਸ਼ੀ ਅਤੇ ਮਨੋਚਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਖਰੜ ਦੇ ਲੋਕਾਂ ਦੇ ਨਾਲ ਬਦਲਾਅ ਦੀ ਨਹੀਂ, ਸਗੋਂ ਹਕੀਕਤ ਵਿਚ ਰਾਜਨੀਤੀ ਕਰ ਰਹੀ ਹੈ, ਇਹੋ ਕਾਰਨ ਹੈ ਕਿ ਭਗੋੜੇ ਵਿਧਾਇਕ ਤੋਂ ਬਾਅਦ ਹੁਣ ਇੱਥੇ ਮਾਨਸਾ ਤੋਂ ਇੱਕ ਗਾਇਕਾ ਨੂੰ ਖਰੜ ਤੋਂ ਉਮੀਦਵਾਰ ਐਲਾਨਿਆ ਹੈ। ਅਨਮੋਲ ਗਗਨ ਮਾਨ ਅਤੇ ਇਸਦੇ ਪਰਵਾਰ ਨੇ ਮਾਨਸਾ ਕਿਉਂ ਛੱਡਿਆ ਅਤੇ ਆਪ ਉਸ ਨੂੰ ਖਰੜ ਤੋਂ ਹੀ ਕਿਉਂ ਉਮੀਦਵਾਰ ਐਲਾਨਿਆ, ਇਸਦਾ ਜਵਾਬ ਆਪ ਅਤੇ ਅਨਮੋਲ ਗਗਨ ਨੂੰ ਦੇਣਾ ਹੋਵੇਗਾ ਅਤੇ ਇਹ ਵੀ ਦੱਸਣਾ ਹੋਵੇਗਾ ਦੀ ਅਨਮੋਲ ਦਾ ਆਪ ਨਾਲ ਕਿਨਾਂ ਕੁ ਪੁਰਾਣਾ ਰਿਸ਼ਤਾ ਹੈ।

ਉਨਾਂ ਨੂੰ ਦੱਸਣਾ ਪਵੇਗਾ ਦੀ ਉਨਾਂ ਦੀ ਪਾਰਟੀ ਦੇ ਕੋਲ ਸਥਾਨਕ ਇਕਾਈ ਵਿੱਚੋਂ ਕੋਈ ਇੱਕ ਵੀ ਅਜਿਹਾ ਆਗੂ ਅਤੇ ਵਰਕਰ ਨਹੀਂ ਹੈ ਕਿ ਉਨਾਂ ਨੂੰ ਮਾਨਸਾ ਤੋਂ ਇੱਕ ਗਾਇਕਾ ਨੂੰ ਖਰੜ ਵਿੱਚ ਲਿਆਉਣ ਪਿਆ, ਜਿਸਦਾ ਖਰੜ ਅਤੇ ਖਰੜ ਦੇ ਲੋਕਾਂ ਦੇ ਨਾਲ ਕੋਈ ਸੰਬੰਧ ਨਹੀਂ। ਕੀ ਸਥਾਨਕ ਆਗੂਆਂ ਅਤੇ ਵਰਕਰਾਂ ਵਿੱਚ ਇੰਨੀ ਕਾਬਲਿਅਤ ਨਹੀਂ ਸੀ ਦੀਆਂ ਉਨਾਂ ਨੂੰ 2017 ਦੀ ਤਰਾਂ ਇਸ ਵਾਰ ਵੀ ਨਕਾਰ ਦਿੱਤਾ ਗਿਆ।

Share This Article
Leave a Comment