ਚੰਡੀਗੜ੍ਹ/ਸ੍ਰੀ ਖੁਰਾਲਗਡ੍ਹ ਸਾਹਿਬ: ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਆਮ ਆਦਮੀ ਪਾਰਟੀ ਐੱਸ ਸੀ ਵਿੰਗ ਦੇ ਸੂਬਾ ਪ੍ਰਧਾਨ ਲਾਲ ਚੰਦ ਕਟਾਰੂਚੱਕ ਕਿਸੇ ਹੋਰ ਆਗੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਮੂਹ ਵਿਸ਼ਵ ਦੇ ਲੋਕਾਂ ਲਈ ਰਾਹ ਦਸੇਰੇ ਦਾ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਡ ਹੈ ਕਿ ਇਸ ਸਮੇਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਉੱਤੇ ਅਮਲ ਕਰਦਿਆਂ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕੀਤਾ ਜਾਵੇ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪਸਾਰ ਨਾਲ ਹੀ ਸਮਾਜ ਵਿਚ ਛੂਆ ਛੂਤ ਅਤੇ ਹੋਰ ਆਈਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਤੇ ਇਹ ਸੰਕਲਪ ਲੈ ਰਹੀ ਹੈ ਕਿ ਜੋ ਪ੍ਰਵਚਨ ਗੁਰੂ ਰਵਿਦਾਸ ਜੀ ਨੇ ਇੱਕ ਚੰਗੇ ਸਮਾਜ ਲਈ ਕੀਤੇ ਸਨ ਉਨ੍ਹਾਂ ਨੂੰ ਸੱਚ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਾਰੇ ਮਨੁੱਖਾਂ ਲਈ ਬਰਾਬਰ ਮੌਕੇ ਦੇ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਸੀ ਅਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਆਉਣ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਰਾਜਨੀਤੀ ਸੰਪੂਰਨ ਰੂਪ ਵਿੱਚ ਗੰਧਲੀ ਹੋ ਚੁੱਕੀ ਹੈ ਅਤੇ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਸੇਧ ਲੈਂਦਿਆਂ ਸਰਬੱਤ ਦੇ ਭਲੇ ਦੇ ਸੰਕਲਪ ਉੱਤੇ ਚੱਲ ਕੇ ਇੱਕ ਚੰਗੇ ਭਵਿੱਖ ਦਾ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਕਮ ਦਮਨਕਾਰੀ ਨੀਤੀ ਉੱਤੇ ਚੱਲ ਰਿਹਾ ਹੈ ਅਤੇ ਇਸ ਸਮੇਂ ਲੋੜ ਹੈ ਕਿ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਿਆ ਜਾਵੇ ਤਾਂ ਜੋ ਬਰਾਬਰਤਾ ਦਾ ਸਮਾਜ ਸਿਰਜਿਆ ਜਾ ਸਕੇ।