ਚੰਡੀਗੜ੍ਹ : ਕਰੋਨਾ ਵਾਈਰਸ ਕਾਰਨ ਦੇਸ਼ ਨੂੰ ਲੌਕਡਾਉਨ ਕੀਤਾ ਹੋਇਆ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਪਾਬੰਦੀਆਂ ‘ਚੋਂ ਥੋੜ੍ਹੀਆਂ ਥੋੜ੍ਹੀਆਂ ਰਿਆਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਪੰਜਾਬ ਸਰਕਾਰ ਵੱਲੋਂ ਵਿਆਹ ਸਮਾਗਮ ਵਿੱਚ ਲਗਾਈ ਗਈ ਪਾਬੰਦੀ ਨੂੰ ਹਾਲੇ ਤੱਕ ਨਹੀਂ ਹਟਾਇਆ ਗਿਆ। ਜਿਸ ਦੇ ਰੋਸ ਵਜੋਂ ਪੰਜਾਬ ਮੈਰਿਜ ਐਸੋਸੀਏਸ਼ਨ ਵੱਲੋਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ।
ਮੈਰਿਜ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਵਿਆਹ ਸਮਾਗਮਾਂ ਵਿੱਚ ੩੦੦ ਵਿਅਕਤੀ ਜਾਂ ਰੈਸਟੋਰੈਂਟ, ਪੈਲੇਸ ਦੀ ਕੁੱਲ ਗੈਦਰਿੰਗ ਦੇ ਅੱਧੇ ਵਿਅਕਤੀ ਸ਼ਾਮਲ ਹੋਣ ਦੀ ਅਨੁਮਤੀ ਦਿੱਤੀ ਜਾਵੇ।
ਮੈਰਿਜ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਪਾਬੰਦੀਆਂ ਸਤੰਬਰ ਦੇ ਆਖਿਰ ਤੱਕ ਨਹੀਂ ਹਟਾਈਆ ਤਾਂ ਉਹ 2 ਅਕਤੂਬਰ ਨੂੰ ਧਰਨਾ ਪ੍ਰਦਰਸ਼ਨ ਕਰਨਗੇ।
ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਵਿਆਹ ਸਮਾਗਮਾਂ ਵਿੱਚ ਪਾਬੰਦੀ ਲਗਾਉਣ ਨਾਲ ਹਜ਼ਾਰਾਂ ਦਾ ਰੁਜ਼ਗਾਰ ਠੱਪ ਹੋ ਚੁੱਕਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਸ਼ਾਪਿੰਗ ਮਾਲ ਖੋਲ੍ਹ ਦਿੱਤੇ ਹਨ ਜਿੱਥੇ ਗੈਦਰਿੰਗ ਦੀ ਜਗ੍ਹਾ ਵੀ ਬਹੁਤ ਘੱਟ ਹੁੰਦੀ ਹੈ ਤਾਂ ਖੁੱਲ੍ਹੇ ਡੁੱਲ੍ਹੇ ਮੈਰਿਜ ਪੈਲੇਸ ਖੋਲ੍ਹਣ ਦੀ ਅਨੁਮਤੀ ਕਿਉਂ ਨਹੀਂ ਦੇ ਰਹੀ।