ਮੋਗਾ: ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਮੈਦਾਨ ‘ਚ ਨਿੱਤਰੇ ਹਨ। ਅੱਜ ਮੋਗਾ ‘ਚ ਆਮ ਆਦਮੀ ਪਾਰਟੀ ਵੱਲੋਂ ਵਿਸ਼ਾਲ ਰੋਡ ਮਾਰਚ ਕੱਢਿਆ ਗਿਆ ਸੀ। ਜਿਸ ਦਾ ਸਮਰਥਨ ਦੇਣ ਲਈ ਅਦਾਕਾਰ ਦੇਵ ਖਰੌੜ ਅਤੇ ਜਪਜੀ ਖਹਿਰਾ ਪਹੁੰਚੇ। ਹਾਲਾਂਕਿ ਦੇਵ ਖਰੋੜ ਨੇ ਕਿਹਾ ਕਿ ਉਹ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਦਿੰਦੇ।
ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ‘ਚ ਸ਼ਾਮਲ ਹੋਏ ਦੇਵ ਖਰੌੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਿਸਾਬ ਦੇਣ ਦਾ ਹੁਣ ਵਕਤ ਆ ਗਿਆ ਹੈ। ਪੰਜਾਬੀ ਤਾਂ ਵੱਟ ਪਿੱਛੇ ਲੜਾਈ ਮੁੱਲ ਲੈਣ ਨੂੰ ਫਿਰਦੇ ਹਨ। ਅਸੀਂ ਕਿਵੇਂ ਵਪਾਰੀਆਂ ਨੂੰ ਆਪਣੇ ਖੇਤਾਂ ‘ਚ ਵੜਨ ਦੇਵਾਂਗੇ। ਦੇਵ ਖਰੋੜ ਨੇ ਕਿਹਾ ਕਿ ਅੱਜ ਬਾਲੀਵੁੱਡ ਨੂੰ ਇਸ ਮੁੱਦੇ ਤੇ ਬੋਲਣ ਦੀ ਜ਼ਰੂਰਤ ਸੀ ਪਰ ਬਾਲੀਵੁੱਡ ਦੇ ਸਾਰੇ ਸਟਾਰ ਚੁੱਪ ਰਹੇ।
ਇਸ ਤੋਂ ਇਲਾਵਾ ਜਪਜੀ ਖਹਿਰਾ ਨੇ ਵੀ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਬਿੱਲਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਜਪਜੀ ਖਹਿਰਾ ਨੇ ਕਿਹਾ ਕਿ ਕਿਸਾਨ ਹੀ ਦੇਸ਼ ਦਾ ਢਿੱਡ ਭਰ ਰਿਹਾ ਹੈ। ਇਸ ਲਈ ਸਰਕਾਰਾਂ ਨੂੰ ਵੀ ਕਿਸਾਨ ਦੇ ਹੱਕ ਬਾਰੇ ਸੋਚਣਾ ਚਾਹੀਦਾ ਹੈ।