ਚੰਡੀਗੜ੍ਹ, (ਅਵਤਾਰ ਸਿੰਘ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਿੱਚ ਆਉਂਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਇੱਕ ਵੈਬਨਾਰ ਕਰਵਾਇਆ । ਰਾਸ਼ਟਰੀ ਖੇਤੀ ਉਚ ਸਿੱਖਿਆ ਪ੍ਰੋਜੈਕਟ (ਐਨ ਏ ਐਚ ਈ ਪੀ) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵੈਬਨਾਰ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ । ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਨਿਰਦੇਸ਼ਕ ਜਨਰਲ ਡਾ. ਆਰ ਸੀ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਸੰਸਾਰ ਪ੍ਰਸਿੱਧ ਚੌਲ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਵਿਸ਼ੇਸ਼ ਤੌਰ ਤੇ ਇਸ ਵੈਬਨਾਰ ਦਾ ਹਿੱਸਾ ਬਣੇ । ਭਾਰਤ ਅਤੇ ਅਮਰੀਕਾ ਦੇ ਖੇਤੀ ਵਿਗਿਆਨੀਆਂ, ਵਿਦਿਆਰਥੀਆਂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨਾਂ ਸਮੇਤ 300 ਜਣਿਆਂ ਨੇ ਇਸ ਵੈਬਨਾਰ ਵਿੱਚ ਸ਼ਿਰਕਤ ਕੀਤੀ ।
ਡਾ. ਗੁਰਦੇਵ ਸਿੰਘ ਖੁਸ਼ ਨੇ ਆਪਣੇ ਭਾਸ਼ਣ ਵਿੱਚ, ‘ਸਿੱਧੀ ਬਿਜਾਈ ਤਕਨੀਕ ਅਪਨਾਉਣ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ’ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਨੇ ਝੋਨੇ ਦੀ ਬਿਜਾਈ ਵੱਲ ਇਤਿਹਾਸਕ ਪੱਖ ਤੋਂ ਚਾਨਣਾ ਪਾਉਂਦਿਆਂ ਕਿਹਾ ਕਿ ਕਰੀਬ ਸੱਤ ਹਜ਼ਾਰ ਸਾਲ ਪਹਿਲਾਂ ਝੋਨਾ ਉਚੇ ਖੇਤਰਾਂ ਦੀ ਫ਼ਸਲ ਵਜੋਂ ਸ਼ੁਰੂ ਹੋਇਆ ਜੋ ਬਾਅਦ ਵਿੱਚ ਕੱਦੂ ਕਰਨ ਅਤੇ ਲਵਾਈ ਵਿੱਚ ਵਟ ਗਿਆ । ਦੂਸਰੀ ਸੰਸਾਰ ਜੰਗ ਤੋਂ ਬਾਅਦ ਕੁਝ ਖੋਜਾਂ ਹੋਈਆਂ ਜਿਸ ਕਾਰਨ ਝੋਨਾ ਮਹੱਤਵਪੂਰਨ ਫ਼ਸਲ ਬਣਿਆ ਅਤੇ ਸਾਰਾ ਦ੍ਰਿਸ਼ ਤਬਦੀਲ ਹੋ ਗਿਆ । ਝੋਨੇ-ਕਣਕ ਦਾ ਫ਼ਸਲੀ ਚੱਕਰ ਸਾਹਮਣੇ ਆਇਆ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਖੁਸ਼ਹਾਲੀ ਵੱਲ ਵਧਿਆ । ਉਹਨਾਂ ਕਿਹਾ ਕਿ ਕੈਲੇਫੋਰਨੀਆਂ ਵਿੱਚ ਸਿੱਧੀ ਬਿਜਾਈ ਕੀਤੀ ਜਾਂਦੀ ਹੈ । ਇਸ ਤਕਨੀਕ ਨਾਲ ਨਾ ਸਿਰਫ਼ ਮਜ਼ਦੂਰੀ ਦਾ ਖਰਚਾ ਘਟਦਾ ਹੈ ਬਲਕਿ ਫ਼ਸਲ ਦਾ ਜਾੜ ਵੀ ਵਧੇਰੇ ਹੁੰਦਾ ਹੈ । ਉਹਨਾਂ ਕਿਹਾ ਕਿ ਇਹ ਤਕਨੀਕ ਪਾਣੀ ਬਚਾਉਣ ਦੇ ਪੱਖ ਤੋਂ ਕ੍ਰਾਂਤੀਕਾਰੀ ਕਦਮ ਸਿੱਧ ਹੋ ਸਕਦੀ ਹੈ ਪਰ ਨਾਲ ਹੀ ਡਾ. ਖੁਸ਼ ਨੇ ਕਿਸਾਨਾਂ ਨੂੰ ਪ੍ਰਮਾਣਿਤ ਬੀਜਾਂ ਨੂੰ ਅਪਨਾਉਣ ਦੀ ਅਪੀਲ ਵੀ ਕੀਤੀ ।
ਡਾ. ਆਰ ਸੀ ਅਗਰਵਾਲ ਨੇ ਪੀ.ਏ.ਯੂ. ਦੀ ਪ੍ਰਸ਼ੰਸ਼ਾ ਕਰਦਿਆਂ ਵਿਸ਼ਵ ਭੋਜਨ ਇਨਾਮ ਜੇਤੂ ਡਾ. ਖੁਸ਼ ਅਤੇ ਡਾ. ਰਤਨਲਾਲ ਵਰਗੇ ਵਿਗਿਆਨੀ ਪੈਦਾ ਕਰਨ ਲਈ ਪੀ.ਏ.ਯੂ. ਦੀ ਪ੍ਰਸ਼ੰਸ਼ਾ ਕੀਤੀ । ਉਹਨਾਂ ਕਿਹਾ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਐਨ ਏ ਐਚ ਪੀ ਵੱਲੋਂ ਕੁਦਰਤੀ ਸਰੋਤ ਪ੍ਰਬੰਧਨ ਸਕੂਲ ਵਿਖੇ ਸਾਂਝੇ ਤੌਰ ਤੇ ਚਲਾਇਆ ਜਾ ਰਿਹਾ ਟਿਕਾਊ ਖੇਤੀ ਸੰਬੰਧੀ ਪ੍ਰੋਜੈਕਟ ਬਹੁਤ ਲਾਭਕਾਰੀ ਸਿੱਧ ਹੋਵੇਗਾ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਝੋਨੇ ਨੂੰ ਭਾਰਤ ਦੀ ਵੱਡੀ ਵਸੋਂ ਦਾ ਮੁੱਖ ਭੋਜਨ ਸਰੋਤ ਕਿਹਾ । ਉਹਨਾਂ ਕਿਹਾ ਕਿ ਝੋਨੇ ਦੀ ਖੇਤੀ ਦੇਸ਼ ਦੀਆਂ ਭੋਜਨ ਸੰਬੰਧੀ ਲੋੜਾਂ ਦੀ ਪੂਰਤੀ ਲਈ ਹੋਈ ਸੀ ਜਦਕਿ ਹੁਣ ਪਾਣੀ ਦੇ ਸਰੋਤਾਂ ਵਿੱਚ ਕਮੀ ਸਾਹਮਣੇ ਆਈ ਹੈ । ਇਸ ਪ੍ਰਸੰਗ ਵਿੱਚ ਪੀ.ਏ.ਯੂ. ਵੱਲੋਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ ਆਰ ਕਿਸਮਾਂ ਪੀ ਆਰ-121, ਪੀ ਆਰ-126 ਆਦਿ ਵਿਕਸਿਤ ਕੀਤੀਆਂ ਗਈਆਂ । ਇਸੇ ਲੜੀ ਵਿੱਚ ਪਾਣੀ ਦੀ ਬੱਚਤ ਲਈ ਸਿੱਧੀ ਬਿਜਾਈ ਤਕਨੀਕ ਅਪਨਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ । ਡਾ. ਢਿੱਲੋਂ ਨੇ ਕਿਸਾਨਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਵਿਗਿਆਨੀਆਂ ਨੇ ਹਮੇਸ਼ਾਂ ਕਿਸਾਨਾਂ ਦੇ ਹੁੰਗਾਰੇ ਤੋਂ ਬਹੁਤ ਕੁਝ ਸਿੱਖਿਆ ਹੈ । ਕਿਸਾਨਾਂ ਦੇ ਹੁੰਗਾਰੇ ਨੂੰ ਤਕਨੀਕ ਦੇ ਵਿਕਾਸ ਲਈ ਹੋਰ ਗੰਭੀਰਤਾ ਨਾਲ ਲਾਗੂ ਕਰਨ ਦੀ ਲੋੜ ਹੈ ।
ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ‘ਸਿੱਧੀ ਬਿਜਾਈ ਤਕਨੀਕ : ਚੁਣੌਤੀਆਂ ਅਤੇ ਦਖਲ’ ਵਿਸ਼ੇ ਤੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਇਹ ਤਕਨੀਕਾ 2010 ਵਿੱਚ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 2015 ਵਿੱਚ ਆਪਣੇ ਸਿਖਰ ਤੇ ਪਹੁੰਚੀ । ਮਾੜੀਆਂ ਜ਼ਮੀਨਾਂ ਵਿੱਚ ਬਿਜਾਈ, ਨਦੀਨਾਂ ਦੀ ਸਮੱਸਿਆ ਅਤੇ ਕਿਸਮਾਂ ਦੀ ਚੋਣ ਵਰਗੀਆਂ ਚੁਣੌਤੀਆਂ ਇਸ ਤਕਨੀਕ ਵਿੱਚ ਦੇਖਣ ਨੂੰ ਮਿਲੀਆਂ ਪਰ ਬਾਅਦ ਵਿੱਚ ਕੁਝ ਸੁਧਾਰ ਕੀਤੇ ਗਏ ਜਿਨ•ਾਂ ਵਿੱਚ ਸਿੱਧੀ ਬਿਜਾਈ ਲਈ ਢੁੱਕਵੇਂ ਖੇਤਰਾਂ ਦੀ ਪਛਾਣ, ਨਦੀਨਾਂ ਦੀ ਰੋਕਥਾਮ, ਯੋਗ ਮਸ਼ੀਨਰੀ (ਲੱਕੀ ਸੀਡ ਡਰਿੱਲ) ਦੀ ਸਿਫ਼ਾਰਸ਼ ਅਤੇ ਨਵੀਆਂ ਕਿਸਮਾਂ ਦੀ ਸ਼ਮੂਲੀਅਤ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋਈਆਂ । ਉਹਨਾਂ ਕਿਹਾ ਕਿ 2020 ਵਿੱਚ ਤਰ-ਵੱਤਰ ਬਿਜਾਈ ਤਕਨੀਕ ਸਾਹਮਣੇ ਆਈ ਅਤੇ ਹੁਣ ਪੰਜਾਬ ਵਿੱਚ ਇਸ ਤਕਨੀਕ ਨਾਲ ਬਿਜਾਈ ਹੇਠ 25% ਰਕਬੇ ਵਿੱਚ ਵਾਧਾ ਦੇਖਿਆ ਗਿਆ ਹੈ । ਇਸੇ ਸਾਲ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਸ ਤਕਨੀਕ ਨੂੰ ਅਪਣਾਇਆ ਹੈ । ਇਸ ਤਕਨੀਕ ਨਾਲ ਮਜ਼ਦੂਰੀ ਦਾ ਖਰਚਾ ਬੱਚਦਾ ਹੈ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ । ਡਾ. ਭੁੱਲਰ ਨੇ ਇਸ ਤਕਨੀਕ ਦੀਆਂ ਹੋਰ ਵਿਸ਼ੇਸ਼ਤਾਵਾਂ ਗਿਣਾਉਦਿਆਂ ਕਿਹਾ ਕਿ ਇਸ ਤਕਨੀਕ ਨਾਲ ਬੀਜੇ ਝੋਨੇ ਤੋਂ ਬਾਅਦ ਬੀਜੀ ਕਣਕ ਦਾ ਝਾੜ ਵੀ ਵੱਧਦਾ ਹੈ ਅਤੇ ਪਰਾਲੀ ਦੀ ਸੰਭਾਲ ਲਈ ਸਮਾਂ ਵੀ ਵੱਧ ਮਿਲ ਜਾਂਦਾ ਹੈ ।
ਵੈਬਨਾਰ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਅਗਾਂਹਵਧੂ ਕਿਸਾਨਾਂ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਪੀ ਆਰ ਕਿਸਮਾਂ ਅਤੇ ਲੱਕੀ ਸੀਡ ਡਰਿੱਲ ਮਸ਼ੀਨ ਦੀ ਪ੍ਰਸ਼ੰਸ਼ਾ ਕੀਤੀ ਜਿਸ ਨਾਲ ਫ਼ਸਲ ਦਾ ਵਾਧਾ ਅਤੇ ਨਦੀਨਾਂ ਦੀ ਰੋਕਥਾਮ ਸੰਭਵ ਹੋਈ ਹੈ । ਇਹਨਾਂ ਕਿਸਾਨਾਂ ਵਿੱਚ ਪਿੰਡ ਬਰੌਂਗਾ ਜ਼ਿਲਾ ਫਤਿਹਗੜ੍ਹ ਸਾਹਿਬ ਤੋਂ, ਜ਼ਿਲਾ ਬਠਿੰਡਾ ਪਿੰਡ ਮਹਿਰਾਜ ਤੋਂ ਗੁਰਪ੍ਰੀਤ ਸਿੰਘ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣਾ ਅਮਰੀਕ ਸਿੰਘ ਢਿੱਲੋਂ, ਜ਼ਿਲ੍ਹਾ ਫਿਰੋਜ਼ਪੁਰ ਪਿੰਡ ਬੱਧਨੀ ਗੁਲਾਬ ਤੋਂ ਰਵਿੰਦਰ ਸਿੰਘ, ਸੰਗਰੂਰ ਤੋਂ ਜੋਧਵੀਰ ਸ਼ੇਰਗਿੱਲ ਪ੍ਰਮੁੱਖ ਸਨ । ਇਹਨਾਂ ਕਿਸਾਨਾਂ ਨੇ ਸਿੱਧੀ ਬਿਜਾਈ ਤਕਨੀਕ ਨੂੰ ਕਿਸਾਨਾਂ ਲਈ ਵਰਦਾਨ ਕਿਹਾ ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਡਾ. ਗੁਰਦੇਵ ਸਿੰਘ ਖੁਸ਼ ਦੀ ਜਾਣ-ਪਛਾਣ ਕਰਾਉਂਦਿਆਂ ਉਹਨਾਂ ਨੂੰ ਝੋਨਾ ਕਿਸਮ ਸੁਧਾਰਕ ਵਜੋਂ ਬਹੁਤ ਜਾਣੇ-ਪਛਾਣੇ ਅਤੇ ਵੱਕਾਰੀ ਵਿਗਿਆਨੀ ਕਿਹਾ ਜਿਨ੍ਹਾਂ ਦੀ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ ਅਤੇ ਉਹਨਾਂ ਨੇ ਫਿਲਪਾਈਨਜ਼ ਦੇ ਅੰਤਰਰਾਸ਼ਟਰੀ ਚੌਲ ਖੋਜ ਕੇਂਦਰ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ ।
ਭੂਮੀ ਵਿਗਿਆਨ ਵਿਭਾਗ ਦੇ ਮੁਖੀ ਅਤੇ ਪ੍ਰੋਜੈਕਟ ਦੇ ਮੁਖ ਨਿਗਰਾਨ ਡਾ. ਓ ਪੀ ਚੌਧਰੀ ਨੇ ਵੈਬਨਾਰ ਵਿੱਚ ਭਾਗ ਲੈਣ ਵਾਲੇ ਵਿਗਿਆਨੀਆਂ, ਵਿਦਿਆਰਥੀਆਂ ਦਾ ਸਵਾਗਤ ਕੀਤਾ । ਉਹਨਾਂ ਕਿਹਾ ਪੀ.ਏ.ਯੂ. ਕੁਦਰਤੀ ਸਰੋਤਾਂ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਸੰਸਥਾ ਹੈ ।