ਡੇਅਰੀ ਫਾਰਮਿੰਗ ਦਾ ਹੋਵੇਗਾ ਮਸ਼ੀਨੀਕਰਨ, ਪੱਠੇ ਵੱਢ ਕੇ ਨਾਲ ਦੀ ਨਾਲ ਕੁਤਰਨ ਵਾਲੀਆਂ ਮਸ਼ੀਨਾਂ ਦੀ ਖਰੀਦ `ਤੇ ਦਿੱਤੀ ਜਾਵੇਗੀ ਸਬਸਿਡੀ: ਬਾਜਵਾ

TeamGlobalPunjab
3 Min Read

ਚੰਡੀਗੜ੍ਹ: ਡੇਅਰੀ ਦਾ ਧੰਦਾ ਬਰੀਕੀ ਦਾ ਧੰਦਾ ਹੈ। ਇਸ ਵਿੱਚ ਹਰ ਗਤੀਵਿਧੀ ਇੱਕ ਨਿਸ਼ਚਿਤ ਸਮੇਂ ਉੱਤੇ ਬਹੁਤ ਹੀ ਸੰਜੀਦਗੀ ਨਾਲ ਕਰਨੀ ਪੈਂਦੀ ਹੈ। ਇਸ ਲਈ ਡੇਅਰੀ ਫਾਰਮਿੰਗ ਨਾਲ ਜੁੜੇ ਹੋਏ ਦੁੱਧ ਉਤਪਾਦਕ ਅਤੇ ਇਸ ਦੇ ਨਾਲ ਕੰਮ ਕਰਦੇ ਮਜ਼ਦੂਰਾਂ ਦੀ ਲਗਾਤਾਰ ਉਪਲੱਬਧਤਾ ਬਹੁਤ ਜ਼ਰੂਰੀ ਹੈ। ਇਸ ਧੰਦੇ ਵਿੱਚ ਕੋਈ ਵੀ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਿਆ ਜਾ ਸਕਦਾ। ਪਰ ਕੋਵਿਡ19 ਮਹਾਂਮਾਰੀ ਕਰਕੇ ਮਜ਼ਦੂਰਾਂ ਦਾ ਆਪਣੇ ਪਿਤਰੀ ਰਾਜਾਂ ਵਿੱਚ ਚਲੇ ਜਾਣ ਕਾਰਨ ਅਤੇ ਸਿੱਖਿਅਤ ਮਜ਼ਦੂਰਾਂ ਦੀ ਘਾਟ ਹੋਣ ਕਰਕੇ ਸ਼ੈਡਾਂ ਦੀ ਸਾਫ ਸਫਾਈ, ਦੁੱਧ ਚੋਣ ਤੋਂ ਲੈ ਕੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਰੋਜ਼ਾਨਾ ਹਰੇ ਚਾਰੇ ਨੂੰ ਵੱਢਣ ਅਤੇ ਕੁਤਰਨ ਵਰਗੇ ਕੰਮਾਂ ਵਿੱਚ ਡੇਅਰੀ ਫਾਰਮਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਫਾਰਮਰਾ ਦੀ ਸਹਾਇਤਾ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਇਸੇ ਦੇ ਤਹਿਤ ਇਕ ਪੰਜਾਬ ਸਰਕਾਰ ਵਲੋਂ ਪੱਠੇ ਵੱਢ ਕੇ ਨਾਲ ਦੀ ਨਾਲ ਕੁਤਰਨ ਵਾਲੀਆਂ ਮਸ਼ੀਨਾਂ ਦੀ ਖਰੀਦ ਉੱਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਕਤਾਰਾਂ ਵਾਲੀ ਮੱਕੀ ਅਤੇ ਚਰੀ ਵੱਢਣ ਵਾਲੀ ਮਸ਼ੀਨ ਅਤੇ ਬਰਸੀਮ, ਲੂਸਣ, ਜਵੀ ਵੱਢਣ ਵਾਲੀ ਮਸ਼ੀਨ ਉੱਤੇ ਜਨਰਲ ਕੈਟਾਗਰੀ ਦੇ ਦੁੱਧ ਉਤਪਾਦਕ ਨੂੰ 50,000/-ਰੁਪਏ ਅਤੇ ਅਨਸੂਚਿਤ ਜਾਤੀ ਵਰਗ ਨਾਲ ਸਬੰਧ ਰੱਖਦੇ ਦੁੱਧ ਉਤਪਾਦਕਾਂ ਨੂੰ 63,000/- ਰੁਪਏ ਦੀ ਸਬਸਿਡੀ ਵਿਭਾਗ ਵਿਭਾਗ ਵਲੋਂ ਦਿੱਤੀ ਜਾਵੇਗੀ।

ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ  ਨੇ ਦੱਸਿਆ ਕਿ ਕਤਾਰਾਂ ਉੱਤੇ ਬੀਜੀ ਹੋਈ ਮੱਕੀ, ਚਰੀ ਅਤੇ ਬਾਜਰਾ ਵੱਢ ਕੇ ਨਾਲ ਦੀ ਨਾਲ ਕੁਤਰ ਕੇ ਟਰਾਲੀ ਵਿੱਚ ਪਾਉਣ ਵਾਲੀ ਮਸ਼ੀਨ ਨਾ ਸਿਰਫ ਰੋਜ਼ਾਨਾ ਪਸ਼ੂਆਂ ਨੂੰ ਪਾਏ ਜਾਣ ਵਾਲੇ ਹਰੇ ਚਾਰੇ ਲਈ ਹੀ ਸਹਾਈ ਹੁੰਦੀ ਹੈ ਬਲਕਿ ਜਿਨ੍ਹਾਂ ਕਿਸਾਨ ਭਰਾਵਾਂ ਨੇ ਸਾਈਲੇਜ਼ ਬਣਾਉਣਾ ਹੈ ਉਨ੍ਹਾਂ ਲਈ ਅਤਿ ਜ਼ਰੂਰੀ ਹੈ ਕਿਉਂਕਿ ਸਾਈਲੇਜ਼ ਬਣਾਉਣ ਲਈ ਟੋਆ ਇੱਕ ਦਿਨ ਵਿੱਚ ਹੀ ਭਰਨਾ ਪੈਂਦਾ ਹੈ ਜੋ ਹੱਥਾਂ ਨਾਲ ਵੱਢ ਕੇ ਭਰਨਾ ਬਹੁਤ ਮੁਸ਼ਕਲ ਅਤੇ ਮਹਿੰਗਾ ਪੈਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਰੋਜ਼ਾਨਾ ਬਰਸੀਮ, ਜਵੀ, ਲੂਸਣ ਹੱਥਾਂ ਨਾਲ ਵੱਢਣ ਖਾਸ ਕਰਕੇ ਵੱਡੇ ਫਾਰਮਰਾਂ ਲਈ ਮੁਸ਼ਕਲ ਹੈ ਅਤੇ ਇਨ੍ਹਾਂ ਫਲੀਦਾਰ ਚਾਰਿਆਂ ਤੋਂ ਭੋਅ ਅਤੇ ਹੇਅ ਬਣਾ ਕੇ ਰੱਖਣ ਲਈ ਆਟੋਮੈਟਿਕ ਪੱਠੇ ਵੱਢਣ ਵਾਲੀ ਮਸ਼ੀਨ ਦੀ ਲੋੜ ਪੈਂਦੀ ਹੈ।

ਉਨ੍ਹਾਂ ਚਾਹਵਾਨ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਇਸ ਸਕੀਮ ਦਾ ਲਾਹਾ ਲੈਣ ਲਈ ਆਪਣੇ ਜਿ਼ਲੇ੍ ਦੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ।

Share This Article
Leave a Comment